ਡਿਊਟੀ ’ਤੇ ਮੌਜੂਦ ਹੋਣ ਦੇ ਬਾਵਜੂਦ ਨਹੀਂ ਸਨ ਨਾਕੇ ’ਤੇ ਹਾਜ਼ਰ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਅਕਤੂਬਰ:ਅਪਣੇ ਸਖ਼ਤ ਲਹਿਜ਼ੇ ਤੇ ਇਮਾਨਦਾਰੀ ਕਾਰਨ ਚ ਚਰਚਾ ਵਿਚ ਰਹਿਣ ਵਾਲੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਅਚਨਚੇਤ ਪੁਲਿਸ ਨਾਕਿਆਂ ਦੀ ਚੈਕਿੰਗਿ ਕੀਤੀ। ਫ਼ਤਿਹਗੜ੍ਹ ਸਾਹਿਬ ਸ਼ਹਿਰ ’ਚ ਟਰੈਫ਼ਿਕ ਵਿਵਸਥਾ ਦਾ ਜਾਇਜ਼ਾ ਲੈਣ ਤੋਂ ਬਾਅਦ ਸਤਲੁਜ ਦਰਿਆ ਪਾਰ ਕਰਦੇ ਹੀ ਫ਼ਿਲੌਰ ਨਾਕੇ ’ਤੇ ਪੁੱਜੇ ਸ: ਰੰਧਾਵਾ ਦਾ ਪਾਰਾ ਉਸ ਸਮੇਂ ਚੜ੍ਹ ਗਿਆ ਜਦ ਡਿਊਟੀ ’ਤੇ ਹਾਜ਼ਰ ਹੋਣ ਦੇ ਬਾਵਜੂਦ ਪੁਲਿਸ ਅਧਿਕਾਰੀ ਤੇ ਮੁਲਾਜਮ ਨਾਕੇ ਤੋਂ ਗਾਇਬ ਦਿਖਾਈ ਦਿੱਤੇ। ਗ੍ਰਹਿ ਮੰਤਰੀ ਨੇ ਤੁਰੰਤ ਐਸ.ਐਸ.ਪੀ ਨੂੰ ਫ਼ੋਨ ਕਰਦਿਆਂ ਦੋ ਥਾਣੇਦਾਰ ਜਸਵੰਤ ਸਿੰਘ ਤੇ ਬਲਵਿੰਦਰ ਸਿੰਘ ਸਹਿਤ ਤਿੰਨ ਨੂੰ ਮੁਅੱਤਲ ਕਰਨ ਦੇ ਹੁਕਮ ਕਰ ਦਿੱਤੇ। ਇਸਤੋਂ ਇਲਾਵਾ ਉਨ੍ਹਾਂ ਫਤਿਹਗੜ੍ਹ ਸਾਹਿਬ ਜਿਲੇ ਅੰਦਰ ਟ੍ਰੈਫਕਿ ਵਿਵਸਥਾ ਲਈ ਪੁਲਿਸ ਦੇ ਢਿੱਲੇ ਪ੍ਰਬੰਧਾਂ ਉਤੇ ਨਾਖੁਸੀ ਪ੍ਰਗਟਾਈ। ਇਸੇ ਤਰ੍ਹਾਂ ਸਤਲੁਜ ਪੁੱਲ ਪਾਰ ਕਰਨ ਸਾਰ ਫਿਲੌਰ (ਜਲੰਧਰ ਜਿਲਾ) ਵਿੱਚ ਜੀ.ਟੀ. ਰੋਡ ਉੱਪਰ ਪੁਲਿਸ ਨਾਕੇ ਉਤੇ ਤਾਇਨਾਤ ਪੁਲਿਸ ਕਰਮੀਆਂ ਵੱਲੋਂ ਅਵੇਸਲੇਪਣ ਨਾਲ ਦਿੱਤੀ ਜਾ ਰਹੀ ਡਿਊਟੀ ਦਾ ਨੋਟਿਸ ਲੈਂਦਿਆਂ ਮੁਸਤੈਦੀ ਨਾਲ ਡਿਊਟੀ ਕਰਨ ਲਈ ਕਿਹਾ।ਉਪ ਮੁੱਖ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਤਿਉਹਾਰਾਂ ਦੇ ਸੀਜਨ ਨੂੰ ਦੇਖਦਿਆਂ ਪੁਲਿਸ ਨੂੰ ਜਿੱਥੇ ਸੁਰੱਖਿਆ ਦੇ ਪੱਖ ਤੋਂ ਮੁਸਤੈਦੀ ਨਾਲ ਡਿਊਟੀ ਕਰਨੀ ਚਾਹੀਦੀ ਹੈ ਉੱਥੇ ਰਾਹਗੀਰਾਂ ਨੂੰ ਟ੍ਰੈਫਕਿ ਜਾਮ ਤੋਂ ਨਿਜਾਤ ਦਿਵਾਉਣ ਲਈ ਟ੍ਰੈਫਿਕ ਪੁਲਿਸ ਆਵਾਜਾਈ ਨੂੰ ਸੁਚਾਰੂ ਤਰੀਕੇ ਨਾਲ ਚਲਾਉਣਾ ਯਕੀਨੀ ਬਣਾਏ।
Share the post "ਗ੍ਰਹਿ ਮੰਤਰੀ ਰੰਧਾਵਾ ਵਲੋ ਪੁਲਿਸ ਨਾਕੇ ਦੀ ਅਚਨਚੇਤ ਚੈਕਿੰਗ, ਤਿੰਨ ਅਧਿਕਾਰੀ ਮੁਅੱਤਲ"