ਗ੍ਰਾਂਮ ਸਭਾ ਦੇ ਆਮ ਇਜਲਾਸ ਵਿਚ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦਾ ਲਿਆ ਫੈਸਲਾ
ਸੁਖਜਿੰਦਰ ਮਾਨ
ਬਠਿੰਡਾ, 2 ਅਕਤੂੁਬਰ: ਅਪਣੇ ਨਿਵੇਕਲੇ ਉਦਮਾਂ ਸਦਕਾ ਚਰਚਾ ਵਿਚ ਰਹਿਣ ਵਾਲੀ ਬਠਿੰਡਾ ਜਿਲ੍ਹੇ ਦੇ ਪਿੰਡ ਬੱਲੋਂ ਦੀ ਗ੍ਰਾਂਮ ਪੰਚਾਇਤ ਨੇ ਹੁਣ ਵੱਡਾ ਫੈਸਲਾ ਕਰਦਿਆਂ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦਾ ਐਲਾਨ ਕੀਤਾ ਹੈ। ਪਿੰਡ ਵਿਚ ਗ੍ਰਾਂਮ ਸਭਾ ਦੇ ਹੋਏ ਆਮ ਇਜਲਾਸ ਵਿਚ ਗ੍ਰਾਮ ਪੰਚਾਇਤ ਤੇ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਨੇ ਸੰਕਲਪ ਲਿਆ ਹੈ ਕਿ ਪਿੰਡ ਵਿਚ ਪਲਾਸਟਿਕ ਦੇ ਕਚਰੇ ਵੱਟੇ ਮੁਫਤ ਖੰਡ ਵੰਡੀ ਜਾਵੇਗੀ ਪਿੰਡ ਵਾਲੇ ਜਿੰਨ੍ਹਾਂ ਕਚਰਾ ਦੈਣਗੇ, ਉਸਦੇ ਬਦਲੇ ਉਨੀਂ ਹੀ ਮਿਲੇਗੀ । ਗ੍ਰਾਮ ਸਭਾ ਦੇ ਆਮ ਇਜਲਾਸ ਵਿਚ ਪੰਚਾਇਤ ਨੇ ਪਿੰਡ ਨੂੰ ਪਲਾਸਟਿਕ ਮੁਕਤ ਅਤੇ ਰੂੜੀ ਮੁਕਤ ਬਣਾਉਣ ਦਾ ਨਵਾਂ ਮਾਡਲ ਪੇਸ਼ ਕੀਤਾ । ਗ੍ਰਾਮ ਸਭਾ ਦੇ ਮੈਂਬਰਾਂ ਨੇ ਇਸ ਪੇਸ਼ ਕੀਤੇ ਗਏ ਮਤੇ ਨੂੰ ਹਟ ਖੜ੍ਹੇ ਕਰਕੇ ਪ੍ਰਵਾਨਗੀ ਦਿਤੀ । ਪੰਜਾਬ ਚ, ਪਲਾਸਟਿਕ ਵਟੇ ਖੰਡ ਦੇਣ ਵਾਲਾ ਬੱਲ੍ਹੋ ਦੂਜਾ ਪਿੰਡ ਬਣ ਗਿਆ ਹੈ , ਇਸ ਤੋਂ ਪਹਿਲਾ ਜਿਲ੍ਹਾ ਮੋਗੇ ਦੇ ਪਿੰਡ ਰਣਸੀਹ ਕਲਾਂ ਦੇ ਸਰਪੰਚ ਮਿੰਟੂ ਨੇ ਇਹ ਉਦਮ ਕੀਤਾ ਸੀ। ਦਸਣਾ ਬਣਦਾ ਹੈ ਕਿ ਪੰਚਾਇਤ ਪਹਿਲਾ ਹੀ ਪਰਾਲੀ ਨੂੰ ਨਾ ਸਾੜਨ ਵਾਲੇ ਕਿਸਾਨਾਂ ਲਈ 500 ਰੁਪਏ ਪ੍ਰਤੀ ਏਕੜ ਸਬਸਿਡੀ ਦੇਣ ਦਾ ਫੈਸਲਾ ਕਰ ਚੁੱਕੀ ਹੈ ।
ਆਮ ਇਜਲਾਸ ਦੌਰਾਨ ਲੋਕ ਪਲਾਸਟਿਕ ਦੀ ਰਹਿੰਦ ਖੂੰਹਦ ਦਿੰਦੇ ਗਏ ਤੇ ਬਦਲੇ ਵਿੱਚ ਮੁਫ਼ਤ ਖੰਡ ਲੈਂਦੇ ਗਏ । ਖੰਡ ਬਰਾਂਚ ਦਾ ਇੰਚਾਰਜ ਪੰਚ ਭਰਭੂਰ ਕੌਰ ਤੇ ਸੰਸਥਾ ਮੈਂਬਰ ਕਰਮਜੀਤ ਸਿੰਘ ਹੈ। ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਪਲਾਸਟਿਕ ਵੱਟੇ ਖੰਡ ਦੇਣ ਵਾਲੇ ਕਾਰਜ ਦੀ ਜਿੰਮੇਵਾਰੀ ਸੰਸਥਾ ਦੀ ਹੈ ਅਤੇ ਹਰ ਘਰ ਨੂੰ ਸੁੱਕੇ ਤੇ ਗਿੱਲੇ ਕੂੜੇ ਦੇ ਪ੍ਰਬੰਧਨ ਲਈ ਵੱਖ ਵੱਖ ਨੀਲੇ ਤੇ ਹਰੇ ਰੰਗ ਦੇ ਦੋ ਦੋ ਡਸਟਬਿਨ ਦਿਤੇ ਜਾਣਗੇ । ਹਰ ਤਿੰਨ ਮਹੀਨਿਆਂ ਮਗਰੋਂ ਇਕ ਦਿਨ ਖੰਡ ਵੰਡੀ ਜਾਏਗੀ । ਪੰਚਾਇਤ ਇਕੱਠੇ ਹੋਏ ਪਲਾਸਟਿਕ ਦੇ ਕਚਰੇ ਨੂੰ ਲੁਧਿਆਣੇ ਦੀ ਫੈਕਟਰੀ ਵਿਚ ਵੇਚੇਗੀ ਤੇ ਪ੍ਰਾਪਤ ਆਮਦਨ ਨੂੰ ਸਾਫ ਸਫਾਈ ਦੇ ਪ੍ਰਬੰਧਾਂ ’ਤੇ ਲਾਵੇਗੀ ।
ਅਧਿਕਾਰਤ ਪੰਚ ਪ੍ਰੀਤਮ ਕੌਰ ਨੇ ਕਿਹਾ ਕਿ ਪਿੰਡ ਵਿਚ 900 ਦੇ ਕਰੀਬ ਘਰ , 4590 ਦੀ ਅਬਾਦੀ ਹੈ ਅਤੇ ਦਲਿਤ ਭਾਈਚਾਰੇ ਦੇ ਲੋਕ ਵੀ ਰਹਿੰਦੇ ਹਨ । ਪਿੰਡ ਦਾ ਕੁੱਲ ਰਕਬਾ 3276 ਹੈ । ਇਸ ਸਮੇਂ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਆਪਣੇ ਬੇਟੇ ਦੀ ਯਾਦ ਵਿੱਚ ਹਸਪਤਾਲ ਨੂੰ ਫਰਨੀਚਰ ਦੇਣ ਦਾ ਵੱਡਾ ਫੈਸਲਾ ਕੀਤਾ ਹੈ ਅਤੇ ਵਿਦੇਸ ਰਹਿੰਦੇ ਦਵਿੰਦਰ ਸਿੰਘ ਫਰਾਂਸ ਨੇ ਗ੍ਰਾਮ ਪੰਚਾਇਤ ਦੇ ਨੇਕ ਇਰਾਦੇ ਨੂੰ ਦੇਖਦੇ ਹੋਏ ਪਿੰਡ ਨੂੰ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਵਾਟਰ ਸਪਲਾਈ ਐਂਡ ਸੈਨੀਟੇਸਨ ਵਿਭਾਗ ਦੇ ਬਲਾਕ ਕੋਆਰਡੀਨੇਟਰ ਹਰਿੰਦਰ ਸਿੰਘ ਅਤੇ ਸੰਦੀਪ ਕੌਰ ਨੇ ਲੋਕਾਂ ਨੂੰ ਸੁਕੇ ਤੇ ਗਿਲੇ ਕੂੜੇ ਦੀ ਜਾਣਕਾਰੀ ਦਿਤੀ । ਆਮ ਇਜਲਾਸ ਦੀ ਮੀਟਿੰਗ ਵਿਚ ਮਤੇ ਪਾਸ ਕੀਤੇ ਗਏ ਕਿ ਕੂੜੇ ਕਰਕਟ ਦੀ ਸਾਂਭ ਸੰਭਾਲ ਲਈ ਵੱਖ ਵੱਖ ਪਿਟ ਬਣਾਏ ਜਾਣਗੇ ਅਤੇ ਘਰਾਂ ਚ ਸੁਕੇ ਤੇ ਗਿਲਾ ਕੂੜਾ ਇਕੱਠਾ ਕੀਤਾ ਜਾਵੇਗਾ। ਸਾਂਝੀਆਂ ਥਾਂਵਾਂ ਤੇ ਮਰਦਾਂ ਅਤੇ ਔਰਤਾਂ ਲਈ ਵੱਖੋ ਵਖਰੇ ਪਖਾਨਿਆਂ ਦਾ ਨਿਰਮਾਣ ਕੀਤਾ ਜਾਵੇਗਾ । ਇਸ ਮੌਕੇ ਅਧਿਕਾਰਤ ਪੰਚ ਪ੍ਰੀਤਮ ਕੌਰ , ਪੰਚ ਜਗਤਾਰ ਸਿੰਘ , ਭਰਭੂਰ ਕੌਰ , ਮਹਿੰਦਰ ਕੌਰ , ਸਤਵਿੰਦਰ ਕੌਰ , ਮਨਜੀਤ ਸਿੰਘ , ਹਾਕਮ ਸਿੰਘ ,ਜਗਸੀਰ ਸਿੰਘ , ਪ੍ਰਧਾਨ ਅਵਤਾਰ ਸਿੰਘ , ਸਹਿਕਾਰੀ ਸਭਾ ਦੇ ਸਕੱਤਰ ਭੁਪਿੰਦਰ ਸਿੰਘ ਜਟਾਣਾ , ਹਰਿੰਦਰ ਸਿੰਘ ਬੀ ਆਰ ਸੀ ਅਤੇ ਸੰਸਥਾ ਦੇ ਮੈਬਰ ਕਰਮਜੀਤ ਸਿੰਘ ਹਾਜਰ ਸਨ ।
ਗ੍ਰਾਮ ਪੰਚਾਇਤ ਪਿੰਡ ਬੱਲ੍ਹੋ ਦਾ ਐਲਾਨ: ਪਲਾਸਟਿਕ ਕਚਰਾ ਲਿਆਓ ,ਖੰਡ ਲੈ ਜਾਓ
7 Views