7 ਤੋਂ 9 ਦਸੰਬਰ ਤੱਕ ਸਥਾਨਕ ਐਮ.ਆਰ.ਐਸ.ਪੀ.ਟੀ.ਯੂ ਵਿਖੇ ਕਰਵਾਇਆ ਜਾ ਰਿਹੈ ਸਵੈ ਰੋਜ਼ਗਾਰ ਸੰਮੇਲਨ
ਕਿਹਾ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਲਿਆ ਜਾਵੇ ਵੱਧ ਤੋਂ ਵੱਧ ਲਾਹਾ
ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ : ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ-ਕਮ-ਚੇਅਰਮੈਨ ਡੀ.ਬੀ.ਈ.ਈ. ਨੇ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਕਰਵਾਏ ਜਾ ਰਹੇ ਸਵੈ ਰੋਜਗਾਰ ਸੰਮੇਲਨ ਸਬੰਧੀ ਵੱਖ-ਵੱਖ ਅਦਾਰਿਆਂ, ਸਕੂਲਾਂ, ਕਾਲਜਾਂ ਦੇ ਪ੍ਰਿੰਸੀਪਲਾਂ ਆਦਿ ਨਾਲ ਸੰਮੇਲਨ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਮੀਟਿੰਗ ਦੌਰਾਨ ਦੱਸਿਆ ਕਿ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ ਵੱਖ-ਵੱਖ ਅਦਾਰਿਆਂ ਦੇ ਸਹਿਯੋਗ ਨਾਲ 7 ਤੋਂ 9 ਦਸੰਬਰ 2022 ਤੱਕ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਇਹ ਸਵੈ ਰੋਜਗਾਰ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਵਿੱਚ ਵੱਖੋ-ਵੱਖਰੇ ਖੇਤਰਾਂ ਤੋਂ ਉਘੇ ਉਦਯੋਗਪਤੀ ਪਹੁੰਚ ਰਹੇ ਹਨ। ਜਿਨ੍ਹਾਂ ਵੱਲੋਂ ਆਪਣੀ ਸਵੈ ਜੀਵਨੀ ਰਾਹੀਂ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਦੌਰਾਨ ਉਨ੍ਹਾਂ ਹਾਜ਼ਰੀਨ ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਸੈਮੀਨਾਰ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਵਾਈ ਜਾਵੇ ਤਾਂ ਜੋ ਵਿਦਿਆਰਥੀਆਂ ਵੱਲੋਂ ਇਸ ਸੈਮੀਨਾਰ ਦਾ ਲਾਹਾ ਲੈ ਸਕਣ । ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਰਾਹੀਂ ਨੌਜਵਾਨਾਂ ਵਿੱਚ ਆਪਣਾ ਕੰਮ ਸ਼ੁਰੂ ਕਰਨ ਲਈ ਨਵੇਂ ਬਿਜਨਸ ਆਈਡੀਆ ਖੋਜਣ ਲਈ “ਓਦੀਅਮ: ਸੌਰ ਟੂ ਸ਼ਾਇਨ” ਨਾਮ ਅਧੀਨ ਪ੍ਰੋਗਰਾਮ ਲਾਂਚ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬਠਿੰਡਾ ਸ਼ਹਿਰ ਦੇ ਨੌਜਵਾਨਾਂ ਦੁਆਰਾ ਵੱਖੋ-ਵੱਖਰੇ ਬਿਜਨਸ਼ ਆਇਡੀਆ ਪੇਸ਼ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਸਟਾਰਟ ਅੱਪ ਚੈਲਿੰਜ ਇਵੈਂਟ ਵਿੱਚ ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀ, ਅੱਠਵੀਂ ਤੋਂ ਬਾਰਵੀਂ ਅਤੇ ਓਪਨ ਕੈਟਾਗਰੀ ਤਹਿਤ ਕੋਈ ਵੀ ਵਿਦਿਆਰਥੀ ਵੱਖੋ-ਵੱਖਰੇ ਸੈਕਟਰ ਜਿਵੇਂ ਕਿ ਸਿਹਤ, ਪੜ੍ਹਾਈ, ਖੇਤੀਬਾੜੀ, ਵਾਤਾਵਰਣ, ਆਈ.ਟੀ. ਸੈਕਟਰ, ਬਾਇਓਟੈਕਨੋਲੋਜੀ, ਐਨਰਜੀ, ਫੂਡ ਪ੍ਰੋਸੈਸਿੰਗ ਆਦਿ ਖੇਤਰਾਂ ਵਿੱਚ ਆਪਣੇ ਬਿਜਨਸ ਆਈਡੀਆ ਪੇਸ਼ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੀਆ ਆਈਡਿਆ ਪੇਸ਼ ਕਰਨ ਵਾਲੇ ਅਤੇ ਵਧੀਆ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।ਮੀਟਿੰਗ ਵਿੱਚ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜ਼ਿਲ੍ਹਾ ਲੀਡ ਬੈਂਕ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਪੀ.ਐਸ.ਡੀ.ਐਮ., ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਡੀ.ਏ.ਵੀ.ਕਾਲਜ, ਰਜਿੰਦਰਾ ਕਾਲਜ, ਆਈ.ਟੀ.ਆਈ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਪ੍ਰਿੰਸੀਪਲ ਵੱਲੋਂ ਸ਼ਿਰਕਤ ਕੀਤੀ ਗਈ।
Share the post "ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਕੀਤੇ ਜਾ ਰਹੇ ਹਨ ਉਪਰਾਲੇ : ਡਿਪਟੀ ਕਮਿਸ਼ਨਰ"