ਸੁਖਜਿੰਦਰ ਮਾਨ
ਬਠਿੰਡਾ, 18 ਫ਼ਰਵਰੀ: ਕਰੀਬ ਦਸ ਦਿਨ ਪਹਿਲਾਂ ਸੰਗਤ ਮੰਡੀ ਥਾਣੇ ਅਧੀਨ ਆਉਂਦੇ ਪਿੰਡ ਪੱਕਾ ਕਲਾਂ ਦੇ ਇੱਕ ਘੋੜਿਆਂ ਦੇ ਵਪਾਰੀ ਕੋਲੋ 20 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਿਸ ਨੇ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਜਦੋਂਕਿ ਦੋ ਹੋਰ ਨਾਮੀ ਗੈਂਗਸਟਰਾਂ ਨੂੂੰ ਇਸ ਕੇਸ ਵਿਚ ਨਾਮਜਦ ਕੀਤਾ ਹੈ ਤੇ ਇਸ ਕੇਸ ਵਿਚ ਮੁੱਖ ਮੁਜਰਮ ਅਰਸ ਡੱਲਾ ਵਿਦੇਸ਼ ਵਿਚ ਰਹਿ ਰਿਹਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਜੇ.ਇਲਨਚੇਲੀਅਨ ਨੇ ਦਸਿਆ ਕਿ ਮੁਦਈ ਹਰਪ੍ਰੀਤ ਸਿੰਘ ਜੋਕਿ ਘੋੜਿਆ ਦਾ ਵਪਾਰ ਕਰਦਾ ਹੈ, ਨੂੰ ਲੰਘੀ 7 ਫ਼ਰਵਰੀ ਨੂੰ ਅਰਸ਼ ਡਾਲਾ ਦੇ ਨਾਂ ਹੇਠ ਵਟਸਐਪ ਨੰਬਰ ’ਤੇ 20 ਲੱਖ ਰੁਪਏ ਦੀ ਫ਼ਿਰੌਤੀ ਦੇਣ ਦੀ ਕਾਲ ਆਈ ਸੀ। ਇਸ ਮਾਮਲੇ ਵਿਚ ਥਾਣਾ ਸੰਗਤ ਦੀ ਪੁਲਿਸ ਨੇ ਹਰਪ੍ਰੀਤ ਸਿੰਘ ਦੇ ਬਿਆਨਾਂ ਉਪਰ ਮੁਕੱਦਮਾ ਨੰਬਰ 14 ਮਿਤੀ 14-02-2022 ਅ/ਧ 387,506 ਅਤੇ 120ਬੀ ਆਈਪੀਸੀ ਤਹਿਤ ਦਰਜ ਕੀਤਾ ਗਿਆ ਸੀ। ਇਸ ਕੇਸ ਦੀ ਪੜਤਾਲ ਸਪੈਸ਼ਲ ਸਟਾਫ, ਸੀ.ਆਈ.ਏ.ਸਟਾਫ-2 ਅਤੇ ਥਾਣਾ ਸੰਗਤ ਦੀ ਪੁਲਿਸ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ ਸੀ। ਤਫ਼ਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਸੁਖਦੀਪ ਸਿੰਘ ਉਰਫ ਸੁੱਖਾ ਵਾਸੀ ਤਖਤਮੱਲ ਜਿਲ੍ਹਾ ਸਿਰਸਾ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਵਾਸੀ ਭੁੱਚੋ ਕਲਾ ਜਿਲਾ ਬਠਿੰਡਾ ਇਸ ਕੇਸ ਵਿਚ ਸ਼ਾਮਲ ਹਨ, ਜਿੰਨ੍ਹਾਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜ਼ਾ ਵਿੱਚੋ 2 ਦੇਸੀ ਕੱਟੇ 315 ਬੋਰ ਬ੍ਰਾਮਦ ਕੀਤੇ ਸਨ। ਇਸਤੋਂ ਇਲਾਵਾ ਦੋਨਾਂ ਦੀ ਪੁੱਛ ਗਿੱਛ ਦੌਰਾਨ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਗੈਂਗਸਟਰ ਫਤਿਹਨਾਗਰੀ ਉਰਫ ਫਤਿਹ ਵਾਸੀ ਗੋਬਿੰਦਪੁਰਾ ਨਾਗਰੀ ਜਿਲਾ ਸੰਗਰੂਰ ਅਤੇ ਸੰਦੀਪ ਸਿੰਘ ਵਾਸੀ ਕੋਠੇ ਅਮਰਪੁਰਾ ਜਿਲਾ ਬਠਿੰਡਾ ਦੀ ਭੂਮਿਕਾ ਸਾਹਮਣੇ ਆਈ ਸੀ, ਜਿਸਦੇ ਚੱਲਦੇ ਇੰਨ੍ਹਾਂ ਦੋਨਾਂ ਨੂੰ ਵੀ ਕੇਸ ਵਿਚ ਨਾਮਜਦ ਕੀਤਾ ਗਿਆ ਹੈ। ਇਸਤੋਂ ਇਲਾਵਾ ਇਸ ਕੇਸ ਵਿਚ 25,25(6) ਅਸਲਾ ਐਕਟ ਦਾ ਵਾਧਾ ਕੀਤਾ ਗਿਆ ਹੈ। ਐਸ.ਐਸ.ਪੀ ਮੁਤਾਬਕ ਫਤਿਹ ਨਾਗਰੀ ਕੇਂਦਰੀ ਜੇਲ ਬਠਿੰਡਾ ਵਿਖੇ ਬੰਦ ਹੈ, ਜਿਸਨੂੰ ਪ੍ਰੋਡਕਸ਼ਨ ਵਰੰਟ ਪਰ ਲਿਆਦਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਗ੍ਰਿਫਤਾਰ ਕੀਤੇ ਗਏ ਸੁਖਦੀਪ ਸਿੰਘ ਉਰਫ ਸੁੱਖਾ ਵਿਰੁਧ ਕਤਲ, ਇਰਾਦਾ ਕਤਲ ਆਦਿ ਧਾਰਾਵਾਂ ਤਹਿਤ ਵੱਖ ਵੱਖ ਥਾਣਿਆਂ ਵਿਚ ਸੱਤ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਵਿਰੁਧ ਵੀ ਤਿੰਨ ਮੁਕੱਦਮੇ ਦਰਜ਼ ਹਨ। ਇਸਤੋਂ ਇਲਾਵਾ ਇੱਕ ਹੋਰ ਕੇਸ ਦੀ ਪੜਤਾਲ ਕਰਦਿਆਂ ਡੀਐਸਪੀ ਫੂਲ ਆਸਵੰਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਗੈਂਗ ਦਾ ਪਰਦਾ ਫਾਸ ਕੀਤਾ ਗਿਆ ਹੈ। ਇਸ ਸਬੰਧ ਵਿਚ 12 ਫ਼ਰਰਵੀ ਨੂੰ ਕਮਲਦੀਪ ਗਰਗ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਰਾਮਪੁਰਾ ਮੰਡੀ ਦੇ ਬਿਆਨਾਂ ਉਪਰ ਪਰਚਾ ਦਰਜ਼ ਕੀਤਾ ਗਿਆ ਸੀ, ਜਿਸਦੀ ਕੁੱਟਮਾਰ ਕਰਕੇ ਕਥਿਤ ਦੋਸ਼ੀ ਮੋਬਾਇਲ ਰੈਡਮੀ ਨੋਟ-7, 22000/- ਰੁਪਏ ਨਗਦੀ ਅਤੇ ਸਕੂਟਰੀ ਖੋਹ ਕੇ ਭੱਜ ਗਏ ਸਨ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਜ਼ਰਮਾਂ ਸੁਖਪ੍ਰੀਤ ਸਿੰਘ ਉਰਫ ਸੁਖਨੀ, ਰਮਨਦੀਪ ਸਿੰਘ ਉਰਫ ਮਨੀ , ਕਾਲੂ ਅਤੇ ਉਸਦਾ ਭਰਾ ਸਾਰੇ ਵਾਸੀਆਨ ਮੰਡੀ ਕਲਾ ਅਤੇ ਸਮਿੰਦਰ ਸਿੰਘ ਵਾਸੀ ਕੋਟੜਾ ਕੋੜਾ ਨੂੰ ਬਤੌਰ ਮੁਜਰਮ ਨਾਮਜਦ ਕੀਤਾ ਸੀ ਤੇ ਹੁਣ ਇਸ ਕੇਸ ਵਿਚ ਸੁਖਪ੍ਰੀਤ ਸਿੰਘ ਉਰਫ ਸੁਖਨੀ ਅਤੇ ਸ਼ਮਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਨ੍ਹਾਂ ਕੋਲੋ ਖੋਹੀ ਐਕਟਿਵਾ ਸਕੂਟਰੀ ਤੋਂ ਇਲਾਵਾ 5000/- ਨਕਦੀ ਅਤੇ ਮਾਰੂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਸੁੁਖਪ੍ਰੀਤ ਵਿਰੁਧ ਪਹਿਲਾਂ ਵੀ ਦੋੋ ਮੁਕੱਦਮੇ ਦਰਜ ਹਨ।
Share the post "ਘੋੜਿਆ ਦੇ ਵਪਾਰੀ ਤੋਂ 20 ਲੱਖ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਦੋ ਕਾਬੂੁ, ਦੋ ਹੋਰ ਨਾਮਜਦ"