25 ਅਪ੍ਰੈਲ ਤੱਕ ਪੁਲਿਸ ਹੋਰ ਕਰੇਗੀ ਪੁਛਗਿਛ, ਫ਼ੌਜੀ ਦਾ ਮੈਡੀਕਲ ਵੀ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ, 20 ਅਪ੍ਰੈਲ : ਲੰਘੀ 12 ਅਪ੍ਰੈਲ ਦੀ ਤੜਕਸਾਰ ਬਠਿੰਡਾ ਫ਼ੌਜੀ ਛਾਉਣੀ ’ਚ ਅਪਣੇ ਸੁੱਤੇ ਪਾਏ ਚਾਰ ਸਾਥੀਆਂ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਫ਼ੌਜੀ ਦੇਸਾਈ ਮੋਹਨ ਨੂੰ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਿਚ ਪੁਲਿਸ ਅਧਿਕਾਰੀਆਂ ਨੇ ਦਲੀਲ ਦਿੱਤੀ ਕਿ ਇਹ ਮਾਮਲਾ ਦੇਸ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਜਿਸਦੇ ਚੱਲਦੇ ਕਈ ਹੋਰ ਪਹਿਲੂਆਂ ਤੋਂ ਪੁਛਗਿਛ ਤੇ ਜਾਂਚ ਕਰਨੀ ਬਾਕੀ ਹੈ। ਜਿਸਤੋਂ ਬਾਅਦ ਮੈਡਮ ਦਲਜੀਤ ਕੌਰ ਦੀ ਅਦਾਲਤ ਨੇ ਪੁਲਿਸ ਅਧਿਕਾਰੀਆਂ ਦੀ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਕਤ ਫ਼ੌਜੀ ਨੂੰ ਮੁੜ 25 ਅਪ੍ਰੈਲ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਜਿਕਰਯੋਗ ਹੈ ਕਿ ਦੇਸਾਈ ਮੋਹਨ ਨੂੰ 17 ਅਪ੍ਰੈਲ ਨੂੰ ਪੁਲਿਸ ਤੇ ਫ਼ੌਜ ਦੀ ਸਾਂਝੀ ਟੀਮ ਨੇ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਦੌਰਾਨ ਦੇਸਾਈ ਮੋਹਨ ਨੇ ਖੁਲਾਸਾ ਕਰਦਿਆਂ ਇੰਨ੍ਹਾਂ ਕਤਲਾਂ ਪਿੱਛੇ ਮ੍ਰਿਤਕ ਨੌਜਵਾਨਾਂ ਉਪਰ ਖੁਦ ਨੂੰ ਸਰੀਰਿਕ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ। ਪੁਲਿਸ ਸੂਤਰਾਂ ਨੇ ਦਸਿਆ ਕਿ ਇੰਨ੍ਹਾਂ ਦੋਸ਼ਾਂ ਨੂੰ ਸਾਬਤ ਕਰਨ ਲਈ ਉਨ੍ਹਾਂ ਵਲੋਂ ਮੁਜਰਮ ਦਾ ਪਿਛਲੇ ਦਿਨਾਂ ’ਚ ਮੈਡੀਕਲ ਵੀ ਕਰਵਾਇਆ ਗਿਆ ਹੈ, ਜਿਸਦੀ ਰੀਪੋਰਟ ਆਉਣੀ ਬਾਕੀ ਹੈ। ਇਸਤੋਂ ਇਲਾਵਾ ਉਸਦੇ ਕੋਲੋ 2 ਜਿੰਦਾ ਕਾਰਤੂਸਾਂ ਦੀ ਵੀ ਬਰਾਮਦਗੀ ਕਰਵਾ ਲਈ ਗਈ ਹੈ। ਇੱਥੇ ਦਸਣਾ ਬਣਦਾ ਹੈ ਕਿ ਭਾਰਤੀ ਫ਼ੌਜ ਦੇ ਤੋਪਖ਼ਾਨਾ ਦੀ 80 ਮੀਡੀਅਮ ਰੈਜੀਮੈਂਟ ਨਾਲ ਸਬੰਧਤ ਦੇਸਾਈ ਮੋਹਨ ਨੇ ਅਪਣੇ ਚਾਰ ਸਾਥੀ ਜਵਾਨਾਂ ਦਾ ਕਤਲ ਕਰ ਦਿੱਤਾ ਸੀ ਤੇ ਕਤਲ ਤੋਂ ਬਾਅਦ ਖੁਦ ਹੀ ਗਵਾਹ ਬਣ ਗਿਆ ਸੀ। ਜਿਸ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਦੋ ਵਿਅਕਤੀ ਚਿੱਟੇ ਕੁੜਤੇ ਪਜਾਮੇ ਵਿਚ ਆਏ ਸਨ, ਜਿੰਨ੍ਹਾਂ ਵਿਚੋਂ ਇੱਕ ਦੇ ਹੱਥ ਵਿਚ ਰਾਈਫ਼ਲ ਤੇ ਇੱਕ ਦੇ ਹੱਥ ਵਿਚ ਕੁਹਾੜੀ ਸੀ। ਇਹ ਦੋਨੋਂ ਜਣੇ ਕਤਲ ਤੋਂ ਬਾਅਦ ਛਾਉਣੀ ਦੇ ਜੰਗਲਾਂ ਵੱਲ ਭੱਜ ਗਏ ਸਨ। ਪੁਲਿਸ ਟੀਮ ਨੇ ਕਾਫ਼ੀ ਤਫ਼ਤੀਸ ਤੋਂ ਬਾਅਦ ਦੇਸਾਈ ਮੋਹਨ ਨੂੰ ਗ੍ਰਿਫਤਾਰ ਕੀਤਾ ਸੀ। ਜਿਸਤੋਂ ਬਾਅਦ ਸਾਫ਼ ਹੋਇਆ ਸੀ ਕਿ ਉਸਨੇ ਇਹ ਕਤਲ ਕਰਨ ਲਈ 9 ਅਪ੍ਰੈਲ ਨੂੰ ਅਪਣੇ ਇੱਕ ਸਾਥੀ ਦੀ ਇਨਸਾਸ ਰਾਈਫ਼ਲ ਤੇ 28 ਕਾਰਤੂਸ ਚੋਰੀ ਕੀਤੇ ਸਨ। ਰਾਈਫ਼ਲ ਨੂੰ12 ਅਪ੍ਰੈਲ ਵਾਲੇ ਦਿਨ ਹੀ ਬਰਾਮਦ ਕਰ ਲਿਆ ਗਿਆ ਸੀ।
Share the post "ਚਾਰ ਫ਼ੌਜੀ ਸਾਥੀਆਂ ਦਾ ਕਤਲ ਕਰਨ ਵਾਲੇ ਫ਼ੌਜੀ ਨੂੰ ਅਦਾਲਤ ਨੇ ਮੁੜ ਭੇਜਿਆ ਪੁਲਿਸ ਰਿਮਾਂਡ ’ਤੇ"