ਸੰਭਾਵੀਂ ਚੋਣ ਨਤੀਜਿਆਂ ਤੋਂ ਬਾਅਦ ਦੀ ਰਣਨੀਤੀ ’ਤੇ ਚਰਚਾ ਹੋਣ ਦੀ ਸੂਚਨਾ
ਸੁਖਜਿੰਦਰ ਮਾਨ
ਨਵੀਂ ਦਿੱਲੀ, 07 ਮਾਰਚ: ਕਰੀਬ ਤਿੰਨ ਮਹੀਨੇ ਸੂਬੇ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਅਪਣੀ ਨਵੀਂ ਪਾਰਟੀ ਬਣਾ ਕੇ ਭਾਜਪਾ ਨਾਲ ਗਠਜੋੜ ਕਰਕੇ ਚੋਣ ਲੜਣ ਵਾਲੇ ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਚਾਨਕ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਨਾਲ ਮੀਟਿੰਗ ਕੀਤੀ। ਹਾਲਾਂਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵੀ ਸ਼੍ਰੀ ਸਾਹ ਨਾਲ ਮਿਲਣ ਲਈ ਮੀਟਿੰਗ ਦਾ ਸਮਾਂ ਮੰਗਿਆ ਹੋਇਆ ਹੈ ਪ੍ਰੰਤੂ ਉਨ੍ਹਾਂ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਵਲੋਂ ਕੈਪਟਨ ਨਾਲ ਮੁਲਾਕਾਤ ਕਰਨ ਦੀ ਸਿਆਸੀ ਹਲਕਿਆਂ ਵਿਚ ਕਾਫ਼ੀ ਚਰਚਾ ਹੈ। ਸੂਤਰਾਂ ਅਨੁਸਾਰ ਇਸ ਮੀਟਿੰਗ ਦੌਰਾਨ ਜਿੱਥੇ ਕੈਪਟਨ ਨੇ ਯੂਕਰੇਨ ’ਚ ਫ਼ਸੇ ਵਿਦਿਆਰਥੀਆਂ ਦੀ ਵਾਪਸੀ ਅਤੇ ਭਾਖ਼ੜਾ ਬਿਆਸ ਮੈਨੇਜਮੈਂਟ ਦਾ ਮੁੱਦਾ ਚੁੱਕਿਆ, ਉਥੇ ਉਨ੍ਹਾਂ ਭਾਜਪਾ ਦੇ ਇਸ ਤੇਜ਼ਤਰਾਰ ਆਗੂ ਨਾਲ ਆਗਾਮੀ 10 ਮਾਰਚ ਨੂੰ ਆਉਣ ਵਾਲੇ ਚੋਣ ਨਤੀਜਿਆਂ ਤੋਂ ਬਾਅਦ ਅਪਣਾਈ ਜਾਣ ਵਾਲੀ ਰਣਨੀਤੀ ’ਤੇ ਵੀ ਚਰਚਾ ਕੀਤੀ। ਹਾਲਾਂਕਿ ਮੀਟਿੰਗ ਤੋਂ ਬਾਅਦ ਉਨ੍ਹਾਂ ਇੰਨ੍ਹਾਂ ਚੋਣ ਨਤੀਜਿਆਂ ਬਾਰੇ ਇਹ ਕਹਿ ਕੇ ਕੁੱਝ ਟਿੱਪਣੀ ਕਰਨ ਤੋਂ ਇੰਨਕਾਰ ਕਰ ਦਿੱਤਾ ਕਿ ਉਹ ਜੋਤਸ਼ੀ ਨਹੀਂ ਹਨ, ਜੋ ਇਸ ਬਾਰੇ ਭਵਿੱਖਬਾਣੀ ਕਰ ਸਕਣ। ਹਾਲਾਂਕਿ ਉਨ੍ਹਾਂ ਭਾਜਪਾ ਨਾਲ ਮਿਲਕੇ ਬਣਾਏ ਗਠਜੋੜ ਦੇ ਬਿਹਤਰ ਪ੍ਰਦਰਸ਼ਨ ਦੀ ਉਮੀਦ ਜਤਾਈ। ਗੌਰਤਲਬ ਹੈ ਕਿ ਇੰਨ੍ਹਾਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੇ ਕਰੀਬ ਤਿੰਨ ਦਰਜ਼ਨ ਸੀਟਾਂ ’ਤੇ ਚੋਣ ਲੜੀ ਸੀ ਜਦੋਂਕਿ ਭਾਜਪਾ ਨੇ 73 ਸੀਟਾਂ ’ਤੇ ਅਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਸਨ। ਇਸੇ ਤਰ੍ਹਾਂ ਬਾਕੀ ਸੀਟਾਂ ਬਾਦਲ ਦਲ ਤੋਂ ਅਲੱਗ ਹੋਣ ਵਾਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਦਿੱਤੀਆਂ ਗਈਆਂ ਸਨ।
ਚੋਣਾਂ ਨਤੀਜਿਆਂ ਤੋਂ ਪਹਿਲਾਂ ਕੈਪਟਨ ਨੇ ਕੀਤੀ ਅਮਿਤ ਸ਼ਾਹ ਨਾਲ ਮੀਟਿੰਗ
4 Views