ਨਵਜੋਤ ਸਿੱਧੂ ਨੇ ਕੀਤਾ ਚੀਮਾ ਦੇ ਘਰ ਇਕੱਠ, ਬਿੱਟੂ ਨੇ ਕਸਿਆ ਵਿਅੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਮਾਰਚ: ਲੰਘੀ 20 ਫ਼ਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਭਾਰੂ ਰਹੀ ਗੁੱਟਬੰਦੀ ਦਾ ਖਮਿਆਜ਼ਾ ਭੁਗਤਣ ਦੇ ਬਾਵਜੂਦ ਪੰਜਾਬ ਕਾਂਗਰਸ ’ਚ ਹਾਲੇ ਵੀ ਇੱਕ ਦੂਜੇ ਵਿਰੁਧ ਕਿਲਾਬੰਦੀ ਜਾਰੀ ਹੈ। ਇੰਨ੍ਹਾਂ ਚੋਣਾਂ ’ਚ ਮਿਲੀ ਵੱਡੀ ਹਾਰ ਦੇ ਕਾਰਨ ਅਪਣਾ ਅਸਤੀਫ਼ਾ ਦੇ ਚੁੱਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਚਾਨਕ ਮੁੜ ਸਰਗਰਮੀਆਂ ਵਿੱਢ ਦਿੱਤੀਆਂ ਹਨ। ਸਿਆਸੀ ਮਾਹਰਾਂ ਮੁਤਾਬਕ ਇਸਦੇ ਪਿੱਛੇ ਆਉਣ ਵਾਲੇ ਦਿਨਾਂ ’ਚ ਨਵੇਂ ਚੁਣੇ ਜਾਣ ਵਾਲੇ ਪ੍ਰਧਾਨ ਦੀ ਚੋਣ ਹੈ। ਸਿੱਧੂ ਵਲੋਂ ਅਜ ਅਚਾਨਕ ਕਪੂਰਥਲਾ ਵਿਖੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਘਰ ਪੁੱਜ ਕੇ ਅਪਣੇ ਦੋ ਦਰਜ਼ਨ ਦੇ ਕਰੀਬ ਸਾਥੀਆਂ ਨਾਲ ਮੀਟਿੰਗ ਕੀਤੀ ਗਈ। ਉਧਰ ਸਿੱਧੂ ਦੀ ਇਸ ਮੀਟਿੰਗ ’ਤੇ ਵਿਅੰਗ ਕਸਦਿਆਂ ਐਮ.ਪੀ ਰਵਨੀਤ ਬਿੱਟੂ ਨੇ ਅਪਣੇ ਟਵੀਟ ਵਿਚ ਲਿਖਿਆ ਹੈ, ‘ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ’ । ਸਿੱਧੂ ਵਲੋਂ ਟਵੀਟ ਕੀਤੀ ਫ਼ੋਟੋ ਵਿਚ ਸ਼ਾਮਲ ਵਿਧਾਇਕ ਸੁਖਪਾਲ ਸਿੰਘ ਖ਼ਹਿਰਾ ਤੋਂ ਇਲਾਵਾ ਬਾਕੀ ਸਾਰੇ ਸਾਬਕਾ ਵਿਧਾਇਕ ਸਨ। ਜਿੰਨ੍ਹਾਂ ਵਿਚ ਜਗਦੇਵ ਸਿੰਘ ਕਮਾਲੂ ਮੌੜ, ਪਿਰਮਲ ਸਿੰਘ ਧਨੌਲਾ ਭਦੌੜ, ਨਾਜਰ ਸਿੰਘ ਮਾਨਸਾਹੀਆ ਮਾਨਸਾ, ਜਗਵਿੰਦਰ ਪਾਲ ਜੱਗਾ ਮਜੀਠੀਆ, ਹਰਵਿੰਦਰ ਲਾਡੀ ਬਠਿੰਡਾ ਦਿਹਾਤੀ,ਸੁਰਜੀਤ ਧੀਮਾਨ ਅਮਰਗੜ੍ਹ,ਜਸਵਿੰਦਰ ਸਿੰਘ ਧੀਮਾਨ ਸੁਨਾਮ,ਦਵਿੰਦਰ ਸਿੰਘ ਘੁਬਾਇਆ ਫ਼ਾਜਲਿਕਾ,ਸੁਖਵਿੰਦਰ ਸਿੰਘ ਡੈਨੀ ਜੰਡਿਆਲਾ, ਸੁਨੀਲ ਦੱਤੀ ਅੰਮਿ੍ਰਤਸਰ, ਦਰਸ਼ਨ ਬਰਾੜ ਦਾ ਬੇਟਾ ਕਮਲਜੀਤ ਬਰਾੜ, ਰਾਕੇਸ਼ ਪਾਂਡੇ ਲੁਧਿਆਣਾ, ਰੁਪਿੰਦਰ ਰੂਬੀ ਮਲੋਟ, ਅਸਵਨੀ ਸੇਖੜੀ ਬਟਾਲਾ, ਸੁਖਵਿੰਦਰ ਡੈਨੀ ਜੰਡਿਆਲਾ ਗੁਰੂ, ਮਹਿੰਦਰ ਸਿੰਘ ਕੇਪੀ ਸਾਬਕਾ ਮੈਂਬਰ ਪਾਰਲੀਮੈਂਟ, ਆਸ਼ੂ ਬੰਗੜ ਫਿਰੋਜਪੁਰ ਦਿਹਾਤੀ, ਅਜੈ ਪਾਲ ਸਿੰਘ ਸੰਧੂ ਕੋਟਕਪੂਰਾ, ਮੋਹਨ ਸਿੰਘ ਫਾਲੀਆਵਾਲਾ ਜਲਾਲਾਬਾਦ, ਬਲਵਿੰਦਰ ਸਿੰਘ ਧਾਲੀਵਾਲ ਫਗਵਾੜਾ, ਵਿਜੇ ਕਾਲੜਾ ਗੁਰੂ ਹਰਸਹਾਏ, ਰਕੇਸ ਪਾਂਡੇ ਲੁਧਿਆਣਾ ਆਦਿ ਦੇ ਨਾਮ ਮੁੱਖ ਤੌਰ ’ਤੇ ਸ਼ਾਮਲ ਹਨ। ਸੂਤਰਾਂ ਨੇ ਖ਼ੁਲਾਸਾ ਕੀਤਾ ਕਿ ਮੀਟਿੰਗ ਵਿਚ ਆਗਾਮੀ ਦਿਨਾਂ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਨੂੰ ਲੈਕੇ ਚਰਚਾ ਕੀਤੀ ਗਈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਅਸਤੀਫ਼ਾ ਦੇਣ ਦੇ ਬਾਵਜੂਦ ਸਿੱਧੂ ਮੁੜ ਪ੍ਰਧਾਨ ਬਣਨ ਲਈ ਸਰਗਰਮ ਹੋ ਗਏ ਹਨ। ਹਾਲਾਂਕਿ ਹਾਈਕਮਾਂਡ ਵਿਚੋਂ ਹੁਣ ਸਿਰਫ਼ ਪਿ੍ਰਅੰਕਾ ਗਾਂਧੀ ਨੂੰ ਛੱਡ ਬਾਕੀ ਆਗੂ ਉਨ੍ਹਾਂ ਦੇ ਹੱਕ ਵਿਚ ਨਹੀਂ ਦੱਸੇ ਜਾ ਰਹੇ। ਗੌਰਬਤਲਬ ਹੈ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਰਵਨੀਤ ਸਿੰਘ ਬਿੱਟੂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੁੱਖ ਦਾਅਵੇਦਾਰ ਹਨ। ਇਹੀਂ ਨਹੀਂ ਇਹ ਪ੍ਰਧਾਨਗੀ ਨਾ ਮਿਲਣ ਦੀ ਸੂਰਤ ’ਚ ਵਿਰੋਧੀ ਧਿਰ ਦੇ ਨੇਤਾ ਬਣਨ ਲਈ ਵੀ ਲਾਬਿੰਗ ਕਰ ਰਹੇ ਹਨ।
ਚੋਣਾਂ ਹਾਰਨ ਤੋਂ ਬਾਅਦ ਵੀ ਕਾਂਗਰਸੀਆਂ ਵਲੋਂ ਕਿਲਾਬੰਦੀ ਜਾਰੀ
9 Views