ਆਉਣ ਵਾਲੇ ਦਿਨਾਂ ’ਚ ਕਈ ਹੋਰ ਵੱਡੇ ਅਫ਼ਸਰਾਂ ‘ਤੇ ਗਾਜ਼ ਡਿੱਗਣ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ : ਸੂਬੇ ਦੀ ਦੂਜੀ ਸਿਆਸੀ ਰਾਜਧਾਨੀ ਮੰਨੇ ਜਾਣ ਵਾਲੇ ਬਠਿੰਡਾ ’ਚ ਅੱਜ ਕਾਂਗਰਸ ਸਰਕਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਚੋਣ ਕਮਿਸ਼ਨ ਨੇ ਬਠਿੰਡਾ ਜੋਨ ਦੇ ਆਈ.ਜੀ ਜਸਕਰਨ ਸਿੰਘ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਅਰਵਿੰਦਪਾਲ ਸੰਧੂ ਤੇ ਐਸ.ਐਸ.ਪੀ ਅਜੈ ਮਲੂਜਾ ਨੂੰ ਬਦਲ ਦਿੱਤਾ। ਇੰਨ੍ਹਾਂ ਅਧਿਕਾਰੀਆਂ ਵਿਰੁਧ ਸ਼੍ਰੋਮਣੀ ਅਕਾਲੀ ਦਲ ਤੇ ਆਪ ਵਲੋਂ ਸਿਕਾਇਤ ਕੀਤੀ ਜਾ ਰਹੀ ਸੀ। ਇਸਤੋਂ ਇਲਾਵਾ ਪ੍ਰਧਾਨ ਮੰਤਰੀ ਫ਼ੇਰੀ ਦੌਰਾਨ ਵੀ ਸੁਰੱਖਿਆ ’ਚ ਕੁਤਾਹੀ ਨੂੰ ਲੈ ਕੇ ਡੀਸੀ ਤੇ ਐਸਐਸਪੀ ਚਰਚਾ ਵਿਚ ਸਨ। ਚੋਣ ਕਮਿਸ਼ਨ ਦੀਆਂ ਹਿਦਾਇਤਾਂ ਤੋਂ ਬਾਅਦ ਆਈ.ਜੀ ਸਿਵ ਕੁਮਾਰ ਵਰਮਾ ਨੂੰ ਆਈ.ਜੀ, ਵਿਨੀਤ ਕੁਮਾਰ ਨੂੰ ਡਿਪਟੀ ਕਮਿਸ਼ਨਰ ਤੇ ਅਮਨੀਤ ਕੋਂਡਲ ਨੂੰ ਐਸ.ਐਸ.ਪੀ ਲਗਾਇਆ ਗਿਆ ਹੈ। ਇੱਥੇ ਦਸਣਾ ਬਣਦਾ ਹੈ ਕਿ ਕੁੱਝ ਮਹੀਨੇ ਪਹਿਲਾਂ ਡਿਪਟੀ ਕਮਿਸ਼ਨਰ ਵਜੋਂ ਅਰਵਿੰਦ ਪਾਲ ਸਿੰਘ ਸੰਧੂ ਨੂੰ ਬਠਿੰਡਾ ਵਿਖੇ ਤੈਨਾਤ ਕੀਤਾ ਗਿਆ ਸੀ। ਚਰਚਾ ਮੁਤਾਬਕ ਉਨ੍ਹਾਂ ਦੀ ਨਿਯੁਕਤੀ ਪਿੱਛੇ ਪੰਜਾਬ ਸਰਕਾਰ ਦੇ ਇੱਕ ਪ੍ਰਭਾਵਸ਼ਾਲੀ ਮੰਤਰੀ ਦਾ ਅਸ਼ੀਰਵਾਦ ਸੀ। ਆਪ ਆਗੂ ਅਮਰਜੀਤ ਮਹਿਤਾ ਨੇ 16 ਜਨਵਰੀ ਨੂੰ ਚੋਣ ਕਮਿਸ਼ਨ ਕੋਲ ਕੀਤੀ ਸਿਕਾਇਤ ਵਿਚ ਦਾਅਵਾ ਕੀਤਾ ਸੀ ਕਿ ਡੀਸੀ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਤੀ ਉਲਾਰ ਹਨ। ਇਸੇ ਤਰ੍ਹਾਂ ਆਈ.ਜੀ ਉਪਰ ਬੇਸ਼ੱਕ ਕੋਈ ਸਿੱਧੀ ਸਿਕਾਇਤ ਨਹੀਂ ਸੀ ਪ੍ਰੰਤੂ ਉਨ੍ਹਾਂ ਦੇ ਸੂਬੇ ਦੇ ਇੱਕ ਪ੍ਰਭਾਵਸ਼ਾਲੀ ਕਾਂਗਰਸੀ ਪ੍ਰਵਾਰ ਨਾਲ ਰਿਸ਼ਤੇਦਾਰੀ ਕਾਰਨ ਉਹ ਚੋਣ ਕਮਿਸ਼ਨ ’ਤੇ ਨਿਸ਼ਾਨੇ ਉਪਰ ਸਨ। ਜਦੋਂਕਿ ਐਸ.ਐਸ.ਪੀ ਅਜੈ ਮਲੂਜਾ ਵਿਰੁਧ ਵੀ ਵਿਰੋਧੀਆਂ ਨੇ ਸੱਤਾਧਿਰ ਦੇ ਇਸ਼ਾਰਿਆਂ ’ਤੇ ਕੰਮ ਕਰਨ ਦੇ ਦੋਸ ਲਗਾਏ ਗਏ ਸਨ। ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ’ਚ ਕਈ ਹੋਰ ਪੁਲਿਸ ਤੇ ਸਿਵਲ ਅਧਿਕਾਰੀਆਂ ਉਪਰ ਵੀ ਚੋਣ ਕਮਿਸ਼ਨ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ, ਜਿੰਨ੍ਹਾਂ ਉਪਰ ਵਿਰੋਧੀਆਂ ਵਲੋਂ ਸੱਤਾਧਾਰੀ ਧਿਰ ਦੇ ਚਹੇਤੇ ਹੋਣ ਦੇ ਦੋਸ਼ ਲੱਗਦੇ ਆ ਰਹੇ ਹਨ। ਇੰਨ੍ਹਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਤੈਨਾਤ ਚੱਲੇ ਆ ਰਹੇ ਦੋ ਪੁਲਿਸ ਅਧਿਕਾਰੀਆਂ ਦਾ ਨਾਮ ਵੀ ਦਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਜ਼ਿਲ੍ਹੇ ਵਿਚ ਕਈ ਐਸ.ਐਚ.ਓ ਵੀ ਵਿਰੋਧੀਆਂ ਦੇ ਨਿਸਾਨੇ ’ਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਸਿੰਗਲਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਵਿਤ ਮੰਤਰੀ ਦੀ ਵਰਕਰ ਬਣਕੇ ਮੱਦਦ ਕਰਨ ਵਾਲੇ ਅਧਿਕਾਰੀਆਂ ਦੀ ਲਿਸਟ ਤਿਆਰ ਕਰਕੇ ਚੋਣ ਕਮਿਸ਼ਨ ਨੂੰ ਸਬੂਤਾਂ ਸਹਿਤ ਭੇਜੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਨਗਰ ਨਿਗਮ ਤੇ ਪੁਲਿਸ ਵਿਭਾਗ ਦੇ ਕੁੱਝ ਅਧਿਕਾਰੀਆਂ ਦੀਆਂ ਸਿਕਾਇਤਾਂ ਮਿਲੀਆਂ ਹਨ, ਜਿੰਨ੍ਹਾਂ ਬਾਰੇ ਚੋਣ ਕਮਿਸ਼ਨ ਨੂੰ ਸਿਕਾਇਤ ਕੀਤੀ ਜਾ ਰਹੀ ਹੈ। ਬਠਿੰਡਾ ਤੋਂ ਭਾਜਪਾ ਤੇ ਲੋਕ ਕਾਂਗਰਸ ਦੇ ਸੰਭਾਵੀ ਉਮੀਦਵਾਰ ਰਾਜ ਨੰਬਰਦਾਰ ਨੇ ਇਸ ਪੱਤਰਕਾਰ ਨੂੰ ਦਸਿਆ ਕਿ ‘‘ ਉਸਦੇ ਕੋਲ ਨਿਗਮ ਦੇ ਇਕ ਚਰਚਿਤ ਅਧਿਕਾਰੀ ਸਹਿਤ ਕਾਂਗਰਸ ਦੇ ਵਰਕਰ ਬਣਕੇ ਕੰਮ ਕਰਨ ਵਾਲੇ ਕਈ ਅਧਿਕਾਰੀਆਂ ਦੇ ਕਾਰਨਾਮਿਆਂ ਦਾ ਵੱਡਾ ਚਿੱਠਾ ਹੈ, ਜਿਸਦੀ ਸਿਕਾਇਤ ਲਈ ਉਹ ਸੀਬੀਆਈ ਤੇ ਈਡੀ ਕੋਲ ਸਿਕਾਇਤ ਕਰਨਗੇ। ’’
ਬਾਕਸ
ਬਠਿੰਡਾ ’ਚ ਤੈਨਾਤ ਅਧਿਕਾਰੀਆਂ ਦਾ ਫ਼ਾਜਲਿਕਾ ਨਾਲ ਰਿਸ਼ਤੇ ਦੀ ਚਰਚਾ!
ਬਠਿੰਡਾ: ਪਿਛਲੇ ਕੁੱਝ ਮਹੀਨਿਆਂ ਤੋਂ ਬਠਿੰਡਾ ’ਚ ਤੈਨਾਤ ਕੀਤੇ ਨਵੇਂ ਅਧਿਕਾਰੀਆਂ ਤੇ ਇੱਥੋਂ ਬਦਲੇ ਕੁੱਝ ਅਧਿਕਾਰੀਆਂ ਦੇ ਫ਼ਾਜਲਿਕਾ ਨਾਲ ਸਬੰਧਾਂ ਨੂੰ ਲੈ ਕੇ ਵੀ ਸ਼ਹਿਰ ਵਿਚ ਚਰਚਾ ਹੈ। ਅੱਜ ਚੋਣ ਕਮਿਸ਼ਨ ਵਲੋਂ ਬਦਲੇ ਗਏ ਡਿਪਟੀ ਕਮਿਸ਼ਨ ਵੀ ਫ਼ਾਜਲਿਕਾ ਤੋਂ ਆਏ ਸਨ। ਇਸੇ ਤਰ੍ਹਾਂ ਏਡੀਸੀ ਵਿਕਾਸ ਕੋਲ ਵੀ ਫ਼ਾਜਲਿਕਾ ਦਾ ਚਾਰਜ਼ ਹੈ। ਐਸ.ਡੀ.ਐਮ ਬਠਿੰਡਾ ਕਮ ਆਰਓ ਬਠਿੰਡਾ ਸ਼ਹਿਰੀ ਦੀ ਤੈਨਾਤੀ ਵੀ ਇੱਥੋਂ ਆਉਣ ਤੋਂ ਪਹਿਲਾਂ ਫ਼ਾਜਲਿਕਾ ਰਹੀ ਸੀ। ਪੁੱਡਾ ਦੇ ਏਸੀਏ ਕਮ ਆਰਓ ਬਠਿੰਡਾ ਦਿਹਾਤੀ ਵੀ ਫ਼ਾਜਲਿਕਾ ਤੋਂ ਬਦਲ ਕੇ ਆੲੈ ਹਨ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਲੰਮਾ ਸਮਾਂ ਨਗਰ ਨਿਗਮ ਦੇ ਕਮਿਸ਼ਨਰ ਰਹਿਣ ਵਾਲੇ ਇੱਕ ਅਧਿਕਾਰੀ ਨੂੰ ਵੀ ਫ਼ਾਜਲਿਕਾ ਬਦਲਿਆਂ ਗਿਆ ਹੈ।
ਚੋਣ ਕਮਿਸ਼ਨ ਨੇ ਬਠਿੰਡਾ ਦੇ ਆਈ.ਜੀ, ਡੀਸੀ ਤੇ ਐਸ.ਐਸ.ਪੀ ਨੂੰ ਬਦਲਿਆਂ
7 Views