ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ: ਬੀਤੇ ਕੱਲ ਵਿਧਾਨ ਸਭਾ ਲਈ ਪੈ ਰਹੀਆਂ ਵੋਟਾਂ ਦੌਰਾਨ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਕੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦਾ ਚੋਣ ਪ੍ਰਚਾਰ ਕਰ ਰਹੇ ਬਠਿੰਡਾ ਸ਼ਹਿਰ ਦੇ ਕੁੱਝ ਕਾਂਗਰਸੀ ਸਮਰਥਕਾਂ ਵਿਰੁਧ ਪੁਲਿਸ ਨੇ ਪਰਚਾ ਦਰਜ਼ ਕੀਤਾ ਹੈ। ਹਾਲਾਂਕਿ ਇਸ ਪਰਚੇ ਵਿਚ ਉਕਤ ਸਮਰਥਕ ਅਣਪਛਾਤੇ ਦੱਸੇ ਗਏ ਹਨ। ਇਸ ਸਬੰਧ ਵਿਚ ਪੁਲਿਸ ਕੋਲ ਚੋਣ ਕਮਿਸ਼ਨ ਦੀ ਐੱਫਐੱਸਟੀ 8 ਟੀਮ ਦੇ ਇੰਚਾਰਜ ਅਮਨਦੀਪ ਸੇਖੋਂ ਨੇ ਸਿਕਾਇਤ ਦਰਜ਼ ਕਰਵਾਈ ਸੀ, ਜਿਸ ਵਿਚ ਉਸਨੇ ਐੱਮਐੱਸਡੀ ਸਕੂਲ ਦੇ ਬਾਹਰ ਲੱਗੇ ਕਾਂਗਰਸ ਪਾਰਟੀ ਦੇ ਪੋਲਿੰਗ ਬੂਥ ਉਪਰ ਵੋਟਰਾਂ ਨੂੰ ਮਨਪ੍ਰੀਤ ਬਾਦਲ ਦੀ ਫ਼ੋਟੋਆਂ ਵਾਲੀਆਂ ਪਰਚੀਆਂ ਵੰਡਣ ਬਾਰੇ ਦਸਿਆ ਸੀ। ਇੰਨ੍ਹਾਂ ਕੰਪਿਊਟਰਾਇਜ਼ ਪਰਚੀਆਂ ਉਪਰ ਸ: ਬਾਦਲ ਦੀ ਫ਼ੋਟੋ ਤੇ ਚੋਣ ਨਿਸ਼ਾਨ ਵੀ ਛਪਿਆ ਹੋਇਆ ਸੀ। ਪੁਲਿਸ ਨੇ ਇੰਨ੍ਹਾਂ ਪਰਚੀਆਂ ਨੂੰ ਕਬਜ਼ੇ ਵਿਚ ਲੈ ਲਿਆ ਸੀ। ਇਸੇ ਤਰ੍ਹਾਂ ਇੰਪਰੂਵਮੈਂਟ ਟਰੱਸਟ ਦੇ ਦਫਤਰ ਵਿਚ ਬਣੇ ਪੋਲਿੰਗ ਬੂਥ ਨੰਬਰ 37 ’ਤੇ ਵੋਟ ਪਾਉਣ ਆਈ ਇੱਕ ਔਰਤ ਕੋਲ ਵੀ ਅਜਿਹੀ ਹੀ ਪਰਚੀ ਸੀ। ਥਾਣਾ ਕੋਤਵਾਲੀ ਦੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਦੋਨਾਂ ਮਾਮਲਿਆਂ ਵਿਚ ਪਰਚੇ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਾਕਸ
ਅਕਾਲੀ ਉਮੀਦਵਾਰ ਦੇ ਭਤੀਜੇ ਦੀ ਗੱਡੀ ਭੰਨਣ ਵਾਲੇ ਕਾਂਗਰਸੀਆਂ ਵਿਰੁਧ ਪਰਚਾ ਦਰਜ਼
ਬਠਿੰਡਾ: ਉਧਰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਵੋਟਾਂ ਤੋਂ ਇੱਕ ਰਾਤ ਪਹਿਲਾਂ ਕਥਿਤ ਵੋਟਾਂ ਦੀ ਖਰੀਦੋ-ਫ਼ਰੌਖਤ ਰੋਕਣ ਗਏ ਅਕਾਲੀ ਉਮੀਦਵਾਰ ਸਰੂਪ ਸਿੰਗਲਾ ਦੇ ਭਤੀਜੇ ਰਾਕੇਸ਼ ਸਿੰਗਲਾ ਦੀ ਗੱਡੀ ਭੰਨਣ ਤੇ ਉਸਦੇ ਇੱਕ ਸਾਥੀ ਨੂੰ ਚੁੱਕ ਕੇ ਲਿਜਾਣ ਵਾਲੇ ਅੱਧੀ ਦਰਜ਼ਨ ਕਾਂਗਰਸੀ ਆਗੂਆਂ ਵਿਰੁਧ ਪਰਚਾ ਦਰਜ਼ ਕੀਤਾ ਹੈ। ਕਥਿਤ ਦੋਸ਼ੀਆਂ ਵਿਚ ਕਾਂਗਰਸ ਦਾ ਜ਼ਿਲ੍ਹਾ ਸੋਸਲ ਮੀਡੀਆ ਵਿੰਗ ਦਾ ਇੰਚਾਰਜ਼ ਵੀ ਦਸਿਆ ਜਾ ਰਿਹਾ ਹੈ। ਇਸ ਸਬੰਧ ਵਿਚ ਪੁਲਿਸ ਨੇ ਇੰਦਰ ਕੁਮਾਰ ਦੀ ਸਿਕਾਇਤ ’ਤੇ ਸੋਨਿਕ ਜੋਸ਼ੀ, ਕਪਿਲ ਜਿੰਦਲ, ਮਨੋਜ਼ ਜਿੰਦਲ, ਸਨੀ ਤੇ ਕਰਮਜੀਤ ਸਿੰਘ ਆਦਿ ਵਿਰੁਧ ਧਾਰਾ 365,341,506,148,149 ਅਤੇ 171 ਬੀ ਆਈ.ਪੀ.ਸੀ ਤਹਿਤ ਕੇਸ ਦਰਜ਼ ਕਰ ਲਿਆ ਹੈ।
Share the post "ਚੋਣ ਜਾਬਤੇ ਦੀ ਉਲੰਘਣਾ ਕਰਕੇ ਮਨਪ੍ਰੀਤ ਦਾ ਪ੍ਰਚਾਰ ਕਰਨ ਵਾਲੇ ਕਾਂਗਰਸੀਆਂ ’ਤੇ ਪਰਚਾ ਦਰਜ਼"