ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਮਨ ਕੀ ਬਾਤ ’ਚ ਐਲਾਨ
ਪੰਜਾਬ, ਹਰਿਆਣਾ ਤੇ ਕੇਂਦਰ ਦਾ ਸਾਂਝਾ ਪ੍ਰੋਜੈਕਟ ਹੈ ਇਹ ਏਅਰਪੋਰਟ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਸਤੰਬਰ : ਕਰੀਬ ਇੱਕ ਦਹਾਕੇ ਤੋਂ ਅਪਣੇ ਨਾਮਕਰਨ ਨੂੰ ਲੈ ਕੇ ਵਿਵਾਦਾਂ ’ਚ ਚੱਲ ਰਹੇ ਮੋਹਾਲੀ ਅੰਤਰਰਾਸ਼ਟਰੀ ਏਅਰਪੋਰਟ ਦਾ ਨਾਮ ਹੁਣ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਹੋਵੇਗਾ। ਇਸਦਾ ਐਲਾਨ ਐਤਵਾਰ ਨੂੰ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ‘ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਏਅਰਪੋਰਟ ਨੂੰ ਹੁਣ ਸ਼ਹੀਦ ਭਗਤ ਸਿੰਘ ਏਅਰਪੋਰਟ ਕਿਹਾ ਜਾਵੇਗਾ। ਗੌਰਤਲਬ ਹੈ ਕਿ ਲੰਮੇ ਸਮੇਂ ਤੋਂ ਇਸ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਣ ਦੀ ਮੰਗ ਚੱਲ ਰਹੀ ਸੀ। ਇਸ ਮੁੱਦੇ ਨੂੰ ਲੈ ਕੇ ਪਹਿਲਾਂ ਪੰਜਾਬ ਤੇ ਹਰਿਆਣਾ ਦੇ ਵੱਖਰੇ -ਵੱਖਰੇ ਵਿਚਾਰ ਸਨ ਪ੍ਰੰਤੂ ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸੰਤ ਚੌਟਾਲਾ ਵਿਚਕਾਰ ਹੋਈ ਮੀਟਿੰਗ ਬਾਅਦ ਸਹਿਮਤੀ ਬਣ ਗਈ ਸੀ ਤੇ ਹੁਣ ਕੇਂਦਰ ਨੇ ਵੀ ਇਸਦੇ ਲਈ ਅਪਣੀ ਸਹਿਮਤੀ ਦੇ ਦਿੱਤੀ ਹੈ। ਉਧਰ ਪ੍ਰਧਾਨ ਮੰਤਰੀ ਦੇ ਇਸ ਫੈਸਲੇ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਸਹਿਤ ਹੋਰਨਾਂ ਨੇ ਸਵਾਗਤ ਕੀਤਾ ਹੈ।
ਚੰਡੀਗੜ੍ਹ ਅੰਤਰਾਸ਼ਟਰੀ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਹੋਵੇਗਾ
8 Views