ਸਾਜ਼ਿਸ਼ ਚੰਡੀਗੜ੍ਹ ਬਾਰੇ ਕੇਂਦਰ, ਹਰਿਆਣਾ ਤੇ ਭਗਵੰਤ ਮਾਨ ਦੇ ਬਿਆਨਾਂ ਤੋਂ ਬੇਨਕਾਬ ਹੋਈ : ਸੁਖਬੀਰ
ਭਗਵੰਤ ਮਾਨ ਉਹਨਾਂ ਪੰਜਾਬੀਆਂ ਦੀਆਂ ਸ਼ਹਾਦਤਾਂ ਦਾ ਅਪਮਾਨ ਕਰ ਰਹੇ ਹਨ ਜਿਹਨਾਂ ਨੇ ਚੰਡੀਗੜ੍ਹ ਤੇ ਦਰਿਆਈ ਪਾਣੀਆਂ ’ਤੇ ਨਿਆਂ ਵਾਸਤੇ ਸ਼ਹਾਦਤਾਂ ਦਿੱਤੀਆਂ
ਸਾਰਾ ਚੰਡੀਗੜ੍ਹ ਸਿਰਫ ਪੰਜਾਬ ਦਾ : ਕੇਂਦਰ ਸ਼ਾਸਤ ਪ੍ਰਦੇਸ਼ ਦਾ ਰੁਤਬਾ ਇਸਨੁੰ ਪੰਜਾਬ ਨੂੰ ਤਬਦੀਲ ਕਰਨ ਤੱਕ ਆਰਜ਼ੀ ਪ੍ਰਬੰਧ
ਕੇਂਦਰ ਪੰਜਾਬ ਤੋਂ ਇਲਾਵਾ ਚੰਡੀਗੜ੍ਹ ਦੀ ਜ਼ਮੀਨ ਦਾ ਇਕ ਇੰਚ ਵੀ ਕਿਸੇ ਹੋਰ ਨੁੰ ਦੇਣ ਦਾ ਕੇਂਦਰ ਨੁੰ ਹੱਕ ਨਹੀਂ : ਸੁਖਬੀਰ ਸਿੰਘ ਬਾਦਲ ਨੇ ਅਮਿਤ ਸ਼ਾਹ ਦੇ ਬਿਆਨ ’ਤੇ ਕੀਤਾ ਸਖ਼ਤ ਪ੍ਰਤੀਕਰਮ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਤੇ ਹੋਰ ਇਲਾਕੇ ਜਿਹਨਾਂ ’ਤੇ ਪੰਜਾਬ ਦੇ ਬਣਦੇ ਹੱਕ ਨਾਲ ਸਮਝੌਤਾ ਕਰਨ ਵੱਲ ਸੇਧਤ ਪੰਜਾਬ ਵਿਰੋਧੀ ਬਿਆਨ ਦੇਣ ’ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੁੰ ਕਰੜੇ ਹੱਥੀਂ ਲਿਆ।
ਸ੍ਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਵੱਖਰੀ ਵਿਘਾਨ ਸਭਾ ਲਈ ਥਾਂ ਅਲਾਟ ਕਰਨ ਕਰਨ ਲਈ ਕੀਤੀ ਮੰਗ ਦਾ ਹਵਾਲਾ ਦਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਜੋ ਆਪਣੇ ਆਪ ਨੁੰ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਹੈ, ਉਸਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਤੇ ਪੰਜਾਬ ਦੇ ਬਣਦੇ ਹੱਕ ਨੂੰ ਖਤਮ ਕਰਨ ਵਾਸਤੇ ਬਿਆਨ ਦਿੱਤੇ ਹਨ। ਉਹਨਾਂ ਕਿਹਾ ਕਿ ਸਾਰਾ ਸ਼ਹਿਰ ਪੰਜਾਬ ਦਾ ਹੱਕ ਤੇ ਪੰਜਾਬ ਦੇ ਮੁੱਖ ਮੰਤਰੀ ਆਪਣੀ ਹੀ ਜ਼ਮੀਨ ’ਤੇ ਵਿਧਾਨ ਸਭਾ ਦੀ ਇਮਾਰਤ ਵਾਸਤੇ ਥੋੜ੍ਹੀ ਜਿਹੀ ਥਾਂ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਹਰਿਆਣਾ ਨੁੰ ਜ਼ਮੀਨ ਅਲਾਟ ਹੋਣ ਬਾਰੇ ਹਰਿਆਣਾ ਦੀ ਬੋਲੀ ਕਿਵੇਂ ਬੋਲ ਸਕਦਾ ਹੈ ? ਕੀ ਸੱਚਮੁੱਚ ਸ੍ਰੀ ਭਗਵੰਤ ਮਾਨ ਨੁੰ ਇਹ ਪਤਾ ਨਹੀਂ ਕਿ ਉਹਨਾਂ ਦੇ ਆਪਣੇ ਸੂਬੇ ਦਾ ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲਦੇ ਇਲਾਕਿਆਂ ਤੇ ਖਾਸ ਤੌਰ ’ਤੇ ਸਿੱਖਾਂ ਦੀ ਬਹੁ ਗਿਣਤੀ ਵਾਲੇ ਇਲਾਕਿਆਂ ’ਤੇ ਨਿਆਂ ਹਾਸਲ ਕਰਨ ਵਾਸਤੇ ਸੰਘਰਸ਼ ਦਾ ਇਤਿਹਾਸ ਕੀ ਹੈ ਤੇ ਕਿੰਨੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਉਹ ਹੈਰਾਨ ਹਨ ਕਿ ਉਹ ਆਪਣੇ ਆਪ ਨੂੰ ਪੰਜਾਬ ਦਾ ਮੁੱਖ ਮੰਤਰੀ ਆਖਦੇ ਹਨ ਪਰ ਚੰਡੀਗੜ੍ਹ ’ਤੇ ਆਪਣਾ ਦਾਅਵਾ ਸਰੰਡਰ ਕਰ ਰਹੇ ਹਨ ਤੇ ਇਹਨਾਂ ਅਹਿਮ ਤੇ ਭਾਵੁਕ ਮੁੱਦਿਆਂ ’ਤੇ ਸਾਡੇ ਲੋਕਾਂ ਦੀਆਂ ਅਣਗਿਣਤ ਸ਼ਹਾਦਤਾਂ ਤੇ ਸਾਡੀਆਂ ਭਾਵਨਾਵਾਂ ਨੂੰ ਭੁੱਖ ਗਏ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਚੰਡੀਗੜ੍ਹ ਤੇ ਹੋਰ ਅਹਿਮ ਮੁੱਦਿਆਂ ’ਤੇ ਪੰਜਾਬ ਤੋਂ ਇਸਦਾ ਬਣਦਾ ਹੱਕ ਖੋਹਣ ਵਾਸਤੇ ਡੂੰਘੀ ਸਾਜ਼ਿਸ਼ ਰਚੀ ਗਈ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਇਸ ਸਾਜ਼ਿਸ਼ ਦਾ ਹਿੱਸਾ ਬਣ ਗਏ ਹਨ। ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਚੰਡੀਗੜ੍ਹ ਬਾਰੇ ਬਿਆਨ ਇਕੋ ਜਿਹੇ ਹਨ। ਵੁਹਨਾਂ ਕਿਹਾ ਕਿ ਕੀ ਤੁਸੀਂ ਇਹਨਾਂ ਬਿਆਨਾਂ ਵਿਚ ਪੰਜਾਬ ਵਿਰੋਧੀ ਸਾਜ਼ਿਸ਼ ਦਿਸਣ ਲਈ ਪੰਜਾਬੀਆਂ ਨੁੰ ਦੋਸ਼ੀ ਠਹਿਰਾਓਗੇ ?
ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਬਿਆਨ ਕਿ ਕੇਂਦਰ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਵਾਸਤੇ ਚੰਡੀਗੜ੍ਹ ਵਿਚ ਵੱਖਰੀ ਥਾਂ ਅਲਾਟ ਕਰੇਗਾ, ’ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕੇਂਦਰ ਨੁੰ ਚੰਡੀਗੜ੍ਹ ਦੀ ਇਕ ਇੰਜ ਵੀ ਥਾਂ ਹਰਿਆਣਾ ਨੂੰ ਦੇਣ ਦਾ ਹੱਕ ਨਹੀਂ ਹੈ ਕਿਉਂਕਿ ਇਹ ਸ਼ਹਿਰ ਸਾਰੇ ਦਾ ਸਾਰਾ, ਸਿਰਫ ਪੰਜਾਬ ਦਾ ਹੈ ਤੇ ਇਸਦਾ ਕੇਂਦਰ ਸ਼ਾਸਤ ਪ੍ਰਦੇਸ਼ ਦਾ ਰੁਤਬਾ ਸਿਰਫ ਇਹ ਪੰਜਾਬ ਹਵਾਲੇ ਕਰਨ ਤੱਕ ਆਰਜ਼ੀ ਪ੍ਰਬੰਧ ਹੈ।ਸਰਦਾਰ ਬਾਦਲ ਨੇ ਕਿਹਾ ਕਿ ਚੰਡੀਗੜ੍ਹ ਤੋਂ ਕੁਝ ਵੀ ਹਰਿਆਣਾ ਨੂੰ ਦੇਣ ਦੇ ਬੇਤੁਕੇ ਬਿਆਨ ਦੇਣ ਦੀ ਥਾਂ ਕੇਂਦਰ ਸਰਕਾਰ ਨੂੰ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਕੀਤੇ ਆਪਣੇ ਪਵਿੱਤਰ ਤੇ ਲਿਖਤੀ ਇਕਰਾਰ ਨੁੰ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ।
ਉਹਨਾਂ ਹੋਰ ਕਿਹਾ ਕਿ ਭਾਰਤ ਸਰਕਾਰ ਪਹਿਲਾਂ ਹੀ ਪੰਜਾਬ ਦੀ ਰਾਜਧਾਨੀ ਵਿਚ ਚਿਰੋਕਣੀ ਬੈਠੀ ਹੈ ਤੇ ਇਸਨੁੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਮੌਜੂਦਾ ਪ੍ਰਬੰਧ ਉਦੋਂ ਤੱਕ ਦਾ ਆਰਜ਼ੀ ਪ੍ਰਬੰਧ ਹੈ ਜਦੋਂ ਤੱਕ ਇਹ ਸ਼ਹਿਰ ਇਸਦੇ ਅਸਲ ਹੱਕ ਮਾਲਕ ਪੰਜਾਬ ਹਵਾਲੇ ਨਹੀਂ ਕੀਤਾ ਜਾਂਦਾ, ਪੰਜਾਬ ਇਸਦਾ ਕਬਜ਼ਾ ਨਹੀਂ ਲੈ ਲੈਂਦਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਕੋਈ ਵੀ ਕਾਨੂੰਨੀ, ਨੈਤਿਕ ਜਾਂ ਸੰਵਿਧਾਨਕ ਹੱਕ ਨਹੀਂ ਕਿ ਉਹ ਚੰਡੀਗੜ੍ਹ ਦੀ ਇਕ ਸੈਂਟੀਮੀਟਰ ਥਾਂ ਵੀ ਹਰਿਆਣਾ ਨੁੰ ਦੇਵੇ ਕਿਉਂਕਿ ਇਹ ਜ਼ਮੀਨ ਕੇਂਦਰ ਸਰਕਾਰ ਦੀ ਨਹੀਂ ਬਲਕਿ ਇਸਦੇ ਅਸਲ ਮਾਲਕ ਦੀ ਹੈ। ਉਹਨਾਂ ਨੇ ਭਾਰਤ ਸਰਕਾਰ ਨੁੰ ਚੇਤਾਵਨੀ ਦਿੱਤੀ ਕਿ ਉਹ ਬੇਲੋੜੇ ਵਿਵਾਦ ਖੜ੍ਹੇ ਨਾ ਕਰੇ ਅਤੇ ਪੰਜਾਬਰ ਦੇ ਪੁਰਾਣੇ ਜ਼ਖ਼ਮ ਨਾ ਛੇੜੇ। ਉਹਨਾਂ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਨੁੰ ਬੇਨਤੀ ਕਰਦੇ ਹਨ ਕਿ ਇਸ ਐਲਾਨ ਨੁੰ ਵਾਪਸ ਲੈਣ ਤੇ ਨਾਲ ਹੀ ਸਮੇਂ ਦੀਆਂ ਕਾਗਰਸ ਸਰਕਾਰਾਂ ਵੱਲੋਂ ਪੰਜਾਬੀਆਂ ਨਾਲ ਆਮ ਤੌਰ ’ਤੇ ਅਤੇ ਸਿੱਖਾਂ ਨਾਲ ਖਾਸ ਤੌਰ ’ਤੇ ਕੀਤੇ ਗਏ ਗੰਭੀਰ ਅਨਿਆਂ ਦੇ ਮਾਮਲੇ ਵਿਚ ਨਿਆਂ ਕਰਨ।ਸਰਦਾਰ ਬਾਦਲ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਮਾਮਲੇ ’ਤੇ ਕਦੇ ਵਿਵਾਦ ਹੀ ਨਹੀਂ ਸੀ। ਉਹਨਾਂ ਕਿਹਾ ਕਿ 1966 ਵਿਚ ਤਤਕਾਲੀ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਕਿ ਚੰਡੀਗੜ੍ਹ ਦੇ ਰੁਤਬੇ ਬਾਰੇ ਕੋਈ ਵਿਵਾਦ ਨਹੀਂ ਹੈ ਕਿਉਂਕਿ ਇਹ ਪੰਜਾਬ ਦਾ ਹੈ ਅਤੇ ਪੰਜਾਬ ਹਵਾਲੇ ਕੀਤਾ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਹੋਰ ਕਿਹਾ ਕਿ ਚੰਡੀਗੜ੍ਹ ਪੰਜਾਬ ਨੁੰ ਦੇਣਾ ਦੇਸ਼ ਦਾ ਇਕ ਪਵਿੱਤਰ ਇਕਰਾਰ ਹੈ ਜੋ ਲਿਖਤੀ ਤੌਰ ’ਤੇ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਵਚਨਬੱਧਤਾ ’ਤੇ ਨਾ ਸਿਰਫ ਦੇਸ਼ ਦੇ ਸਮੇਂ ਸਮੇਂ ਦੇ ਪ੍ਰਧਾਨ ਮੰਤਰੀਆਂ ਦੇ ਹਸਤਾਖ਼ਰ ਹਨ ਬਲਕਿ ਇਹਨਾਂ ਨੂੰ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਹੁੰਦਿਆਂ 24 ਜੁਲਾਈ 1985 ਨੂੰ ਕਾਨੂੰਨੀ ਤੇ ਸੰਵਿਧਾਨਕ ਵਚਨਬੱਧਤਾ ਵਿਚ ਬਦਲਿਆ ਸੀ। ਉਹਨਾਂ ਕਿਹਾ ਕਿ ਇਸੇ ਵਚਨਬੱਧਤਾ ਦੀ ਸੰਸਦ ਦੇ ਦੋਵਾਂ ਸਦਨਾਂ ਨੇ ਪ੍ਰੋੜਤਾ ਕੀਤੀ ਸੀ ਜਦੋਂ ਪੰਜਾਬ ਸਮਝੌਤੇ ਦੇ ਨਾਂ ’ਤੇ ਮਸ਼ਹੂਰ ਖਰੜੇ ’ਤੇ ਮੋਹਰ ਲਗਾਈ ਸੀ। ਉਹਨਾਂ ਕਿਹਾ ਕਿ ਕੇਂਦਰ ਇਸ ਸੰਵਿਧਾਨ, ਕਾਰਜਕਾਰਨੀ ਤੇ ਸੰਸਦੀ ਵਚਨਬੱਧਤਾ ਤੋਂ ਭੱਜ ਨਹੀਂ ਸਕਦਾ। ਉਸ ਵੇਲੇ ਦੇ ਅਕਾਲੀ ਦਲ ਦੇ ਪ੍ਰਧਾਨ ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਪ੍ਰਤੀਕ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਇਸ ਪਵਿੱਤਰ ਕਾਰਜ ਲਈ ਆਪਣੀ ਸ਼ਹਾਦਤ ਦਿੱਤੀ। ਕੇਂਦਰ ਸਰਕਾਰ ਨੂੰ ਸ਼ਹੀਦਾਂ ਦੇ ਲਹੂ ਨਾਲ ਕੀਤੇ ਇਕਰਾਰ ਦੇ ਮਾਮਲੇ ਵਿਚ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਖਿਲਵਾੜ ਨਹੀਂ ਕਰਨਾ ਚਾਹੀਦਾ।
ਸਰਦਾਰ ਬਾਦਲ ਨੇ ਕਿਹਾ ਕਿ ਵਚਨਬੱਧਤਾ ਕਿ ਚੰਡੀਗੜ੍ਹ ਪੰਜਾਬ ਦਾ ਹੈ, ਨੂੰ ਹਰਿਆਣਾ ਵਿਧਾਨ ਸਭਾ ਦੇ ਚੁਣੇ ਹੋਏ ਪ੍ਰਤੀਨਿਧਤਾਂ ਰਾਹੀਂ ਹਰਿਆਣਾ ਦੇ ਲੋਕਾਂ ਨੇ ਪ੍ਰਵਾਨ ਕੀਤਾ ਤੇ ਇਸਦੀ ਤਸਦੀਕ ਕੀਤੀ। ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੁੰ ਸ਼ਾਇਦ ਚੰਡੀਗੜ੍ਹ ਪੰਜਾਬ ਨੁੰ ਦੇਣ ਬਾਰੇ ਕੇਂਦਰ ਸਰਕਾਰ ਦੇ ਨਾਲ ਨਾਲ ਹਰÇਆਣਾ ਦੇ ਲਿਖਤੀ ਇਕਰਾਰ ਦੀ ਪੂਰੀ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਚੰਡੀਗੜ੍ਹ 26 ਜਨਵਰੀ 1986 ਨੂੰ ਪੰਜਾਬ ਹਵਾਲੇ ਕੀਤਾ ਜਾਣਾ ਸੀ। ਉਹਨਾਂ ਕਿਹਾ ਕਿ ਇਹ ਪੰਜਾਬ ਨਾਲ ਵੱਡਾ ਅਨਿਆਂ ਹੈ ਕਿ ਕੀਤਾ ਇਕਰਾਰ ਹਾਲੇ ਤੱਕ ਨਿਭਾਇਆ ਨਹੀਂ ਗਿਆ। ਉਹਨਾਂ ਕਿਹਾ ਕਿ ਉਹ ਸ੍ਰੀ ਅਮਿਤ ਸ਼ਾਹ ਨੂੰ ਬੇਨਤੀ ਕਰਦੇ ਹਨ ਕਿ ਇਹ ਅਨਿਆਂ ਤੁਰੰਤ ਖਤਮ ਕੀਤਾ ਜਾਵੇ ਤੇ ਬਿਨਾਂ ਹੋਰ ਦੇਰੀ ਦੇ ਚੰਡੀਗੜ੍ਹ ਪੰਜਾਬ ਹਵਾਲੇ ਕੀਤਾ ਜਾਵੇ।
Share the post "ਚੰਡੀਗੜ੍ਹ ਦੇ ਮਾਮਲੇ ’ਤੇ ਪੰਜਾਬ ਵਿਰੋਧੀ ਬਿਆਨ ਦੇਣ ’ਤੇ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਤੇ ਅਮਿਤ ਸ਼ਾਹ ਨੁੰ ਘੇਰਿਆ"