ਸੰਘ ਦੇ ਸਮਾਜਕ ਕੰਮਾਂ ਦੀ ਉਮਰ ਚੰਨੀ ਸਾਹਿਬ ਦੀ ਉਮਰ ਤੋਂ ਨਾਲੋਂ ਵੱਧ : ਚੁੱਘ
ਕਾਂਗਰਸ ਦੇ ਹੱਥ 1984 ਬਲੂ ਸਟਾਰ ਅਪਰੇਸਨ ਅਤੇ ਸਿੱਖ ਕਤਲੋਗਾਰਦ ਨਾਲ ਰੰਗੇ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਨਵੰਬਰ: ਲੰਘੀ 11 ਨਵੰਬਰ ਨੂੰ ਹੋਏ ਪੰਜਾਬ ਵਿਧਾਨ ਸਭਾ ਦੇ ਵਿਸੇਸ ਸੈਸਨ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਰ.ਐਸ.ਐਸ. ਬਾਰੇ ਟਿੱਪਣੀਆਂ ਕਰਨ ’ਤੇ ਹੁਣ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਬਿਆਨ ਦਿੰਦਿਆਂ ਦਾਅਵਾ ਕੀਤਾ ਹੈ ਕਿ ‘‘ ਸੰਘ ਦੇ ਸਮਾਜਿਕ ਕੰਮਾਂ ਦੀ ਉਮਰ ਮੁੱਖ ਮੰਤਰੀ ਚੰਨੀ ਨਾਲੋਂ ਵੱਧ ਹੈ। ’’ ਇੱਥੇ ਜਾਰੀ ਬਿਆਨ ਵਿਚ ਚੁੱਘ ਨੇ ਕਿਹਾ, “ਪੰਜਾਬ ਵਿੱਚ ਆਰਐਸਐਸ ਨੇ ਹਮੇਸਾ ਭਾਈਚਾਰਕ ਸਾਂਝ ਅਤੇ ਸਦਭਾਵਨਾ ਲਈ ਕੰਮ ਕੀਤਾ ਹੈ, ਜਦੋਂ ਕਿ ਕਾਂਗਰਸ ਦੇ ਹੱਥ ਬਲੂ ਸਟਾਰ ਵਰਗੀਆਂ ਭਿਆਨਕ ਘਟਨਾਵਾਂ ਕਾਰਨ ਖੂਨ ਨਾਲ ਰੰਗੇ ਹੋਏ ਹਨ। ’’ ਚੁੱਘ ਨੇ ਕਿਹਾ ਕਿ ਚੰਨੀ ਦਾ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਸੰਘ 1966 ‘ਚ ਪੰਜਾਬ ‘ਚ ਦਾਖਲ ਹੋਇਆ ਸੀ। ਅਸਲ ਵਿੱਚ ਆਰ.ਐਸ.ਐਸ. ਨੇ ਪੰਜਾਬ ਵਿੱਚ ਸਮਾਜ ਸੇਵਾ ਦੇ ਕੰਮ ਆਜਾਦੀ ਤੋਂ ਬਹੁਤ ਪਹਿਲਾਂ ਅਤੇ ਮੁੱਖ ਮੰਤਰੀ ਚੰਨੀ ਦੇ ਜਨਮ ਤੋਂ ਵੀ ਪਹਿਲਾਂ ਸੁਰੂ ਕਰ ਦਿੱਤੇ ਸਨ। ਚੁੱਘ ਨੇ ਕਿਹਾ ਕਿ 1947 ਦੀ ਵੰਡ ਦੇ ਦਿਨਾਂ ਦੌਰਾਨ ਆਰ.ਐਸ.ਐਸ. ਨੇ ਅਤਿਵਾਦ ਦੇ ਦਿਨਾਂ ਦੌਰਾਨ ਵੀ ਪਾਕਿਸਤਾਨ ਤੋਂ ਆਏ ਹਿੰਦੂਆਂ ਅਤੇ ਸਿੱਖਾਂ ਦੇ ਮੁੜ ਵਸੇਬੇ ਲਈ ਅਹਿਮ ਭੂਮਿਕਾ ਨਿਭਾਈ ਸੀ। ਇਸ ਨੂੰ ਕਾਇਮ ਰੱਖਣ ਲਈ ਆਰ.ਐਸ.ਐਸ. ਦੇ ਵਲੰਟੀਅਰਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਪੰਜਾਬ ਨੂੰ ਅੱਤਵਾਦ ਦੇ ਕਾਲੇ ਦੌਰ ਵਿਚੋਂ ਬਾਹਰ ਕੱਢਣ ਵਿਚ ਅਹਿਮ ਭੂਮਿਕਾ ਨਿਭਾਈ ਜਦੋਂ ਕਿ ਕਾਂਗਰਸ ਫਿਰਕੂ ਮਾਹੌਲ ਪੈਦਾ ਕਰ ਰਹੀ ਸੀ। ਚੰਨੀ ਸਾਹਿਬ ਜਨਤਾ ਨੂੰ ਦੱਸਣ ਕਿ 1984 ਦਾ ਬਲੂ ਸਟਾਰ ਅਪ੍ਰੇਸਨ ਅਤੇ 1984 ਦੀ ਸਿੱਖ ਕਤਲੋਗਾਰਦ ਕਾਂਗਰਸ ਨੇ ਕੀਤੀ ਸੀ, ਜਿਸ ਦੇ ਲੀਡਰਾਂ ‘ਤੇ ਗੁਰਦੁਆਰੇ ਸਾੜੇ ਜਾਣ, ਸਿੱਖਾਂ ਦੇ ਗਲਾਂ ਵਿਚ ਟਾਇਰ ਪਾਉਣ ਦੇ ਕੇਸ ਚੱਲ ਰਹੇ ਹਨ ਅਤੇ ਸਾਜਨ ਕੁਮਾਰ ਵਰਗੇ ਕੁਝ ਕਾਂਗਰਸੀ ਆਗੂ ਅਜੇ ਵੀ ਜੇਲ੍ਹ ਵਿਚ ਹਨ। ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਧਾਨ ਸਭਾ ਵਿੱਚ ਆਰਐਸਐਸ ਨੂੰ ਆਪਣੀ ਸਿਆਸੀ ਲੜਾਈ ਵਿੱਚ ਘਸੀਟਣਾ ਬਹੁਤ ਹੀ ਅਨੈਤਿਕ ਅਤੇ ਗੈਰ-ਜੰਿਮੇਵਾਰਾਨਾ ਹੈ ਅਤੇ ਮੰਗ ਕੀਤੀ ਕਿ ਮੁੱਖ ਮੰਤਰੀ ਨੂੰ ਆਪਣੀ ਨਿੰਦਣਯੋਗ ਟਿੱਪਣੀ ਲਈ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ।