ਗੁਰਦੁਆਰਾ ਸਾਹਿਬ ’ਚ ਅਰਦਾਸ ਕਰਨ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਮਿਲੇ
ਸੁਖਜਿੰਦਰ ਮਾਨ
ਫ਼ਰੀਦਕੋਟ, 6 ਨਵੰਬਰ: ਬੀਤੇ ਕੱਲ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਚੰਨੀ ਸਰਕਾਰ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ਵਿਚ ਕਟਿਹਰੇ ਵਿਚ ਖੜੇ ਕਰਨ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਸਵੇਰੇ ਅਚਾਨਕ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੁੱਜੇ। ਇਸ ਪਿੰਡ ਵਿਚੋਂ ਹੀ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਚੋਰੀ ਹੋਣ ਤੋਂ ਬਾਅਦ ਬੇਅਦਬੀ ਦਾ ਮੁੱਢ ਬੱਝਿਆ ਸੀ। ਇਸ ਮੌਕੇ ਨਵਜੋਤ ਸਿੱਧੂ ਨੇ ਪਿੰਡ ਦੇ ਸ਼੍ਰੀ ਗੁਰਦੁਆਰਾ ਸਾਹਿਬ ਦੇ ਅੰਦਰ ਪਾਠ ਸਰਵਣ ਕਰਨ ਤੋਂ ਇਲਾਵਾ ਬੇਅਦਬੀ ਦੇ ਦੋਸ਼ੀਆਂ ਦੀ ਸਜ਼ਾਵਾਂ ਲਈ ਅਰਦਾਸ ਕੀਤੀ। ਬਾਅਦ ਵਿਚ ਕੀਤੇ ਇੱਕ ਟਵੀਟ ਰਾਹੀਂ ਉਨ੍ਹਾਂ ਦਾਅਵਾ ਕੀਤਾ ਕਿ ‘ਗੁਰਦੁਆਰਾ ਸਾਹਿਬ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਮਿਸਾਲੀ ਸਜਾ ਮਿਲਣ ਦੀ ਅਰਦਾਸ ਕੀਤੀ ਹੈ। ’ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਤੱਕ ਟਿਕ ਕੇ ਨਾ ਬੈਠਣ ਦਾ ਅਹਿਦ ਦੁਹਰਾਇਆ। ਇਸ ਮੌਕੇ ਗੁਰਦੂਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਤਸਦੱਦ ਹੋਣ ਕਾਰਨ ਮਾਲੀ ਇਮਦਾਦ ਦੇਣ ਦੇ ਕੀਤੇ ਵਾਅਦੇ ਦੇ ਪੂਰੇ ਨਾ ਹੋਣ ਦਾ ਰੋਸ਼ ਵੀ ਜਤਾਇਆ। ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਇੱਕ ਵਾਰ ਸ਼੍ਰੀ ਸਿੱਧੂ ਇੱਥੇ ਪੁੱਜੇ ਸਨ। ਹੁਣ ਉਨ੍ਹਾਂ ਚੰਨੀ ਸਰਕਾਰ ਉਪਰ 50 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਦਮ ਨਾ ਚੁੱਕਣ ਬਾਰੇ ਸਵਾਲ ਚੁੱਕੇ ਸਨ। ਉਧਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਅੱਜ ਇੱਕ ਸਮਾਗਮ ਵਿਚ ਬੇਅਦਬੀ ਤੇ ਨਸ਼ਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਵਚਨਵਧਤਾ ਮੁੜ ਦੁਹਰਾਈ ਹੈ।
ਚੰਨੀ ਸਰਕਾਰ ਨੂੰ ਘੇਰਣ ਤੋਂ ਬਾਅਦ ਨਵਜੋਤ ਸਿੱਧੂ ਬੁਰਜ ਜਵਾਹਰ ਸਿੰਘ ਪੁੱਜੇ
5 Views