ਸੁਖਜਿੰਦਰ ਮਾਨ
ਬਠਿੰਡਾ, 29 ਮਈ: ਕਾਰਜਕਾਰੀ ਡਿਪਟੀ ਕਮਿਸ਼ਨਰ ਮੈਡਮ ਪਲਵੀਂ ਚੌਧਰੀ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਛੋਟੇ ਬੱਚਿਆਂ ਲਈ ਖੋਲ੍ਹੇ ਜਾਣ ਵਾਲੇ ਕਰੈਚ ਸੈਂਟਰ ਦੇ ਮੱਦੇਨਜ਼ਰ ਇੱਕ ਵਿਸ਼ੇਸ਼ ਬੈਠਕ ਕੀਤੀ। ਉਨ੍ਹਾਂ ਦੱਸਿਆ ਕਿ ਦੋਵੇਂ ਪਤੀ-ਪਤਨੀ ਜਾਂ ਮਹਿਲਾਵਾਂ ਜੋ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨੌਕਰੀ ਕਰਦੇ ਹਨ, ਉਨ੍ਹਾਂ ਦੇ ਬੱਚਿਆਂ ਦੀ ਸਾਂਭ-ਸੰਭਾਲ ਲਈ ਇਹ ਕਰੈਚ ਸੈਂਟਰ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਇਸ ਖੋਲ੍ਹੇ ਜਾਣ ਵਾਲੇ ਕਰੈਚ ਸੈਂਟਰ ਸਬੰਧੀ ਸਮੀਖਿਆ ਕਰਦਿਆਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੇ ਸੈਕਟਰੀ ਰੈੱਡ ਕਰਾਸ ਨੂੰ ਹਦਾਇਤ ਕਰਦਿਆਂ ਕਿਹਾ ਕਿ ਚੱਲ ਰਹੇ ਕੰਮ ਨੂੰ ਜਲਦ ਤੋਂ ਜਲਦ ਨੇਪਰੇ ਚਾੜਿਆ ਜਾਵੇ ਤਾਂ ਜੋ ਖੋਲ੍ਹੇ ਜਾਣ ਵਾਲੇ ਕਰੈਚ ਸੈਂਟਰ ਦਾ ਵੱਧ ਤੋਂ ਵੱਧ ਲਾਹਾ ਲਿਆ ਜਾ ਸਕੇ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿਖੇ ਦਿਵਿਆਂਗ ਵਿਅਕਤੀਆਂ ਲਈ ਵਨ ਸਟਾਪ ਸੈਂਟਰ ਖੋਲ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਖੇ ਸਬੰਧਤ ਯੂਡੀਆਈਡੀ ਕਾਰਡ, ਪੈਨਸ਼ਨ ਆਦਿ ਸਬੰਧੀ ਜਿੱਥੇ ਆਪਣੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਦਾ ਲਾਹਾ ਲੈ ਸਕਣਗੇ ਉੱਥੇ ਹੀ ਆਪਣੀਆਂ ਸਮੱਸਿਆ ਦਾ ਨਿਪਟਾਰਾ ਵੀ ਕਰਵਾ ਸਕਣਗੇ। ਮੀਟਿੰਗ ਦੌਰਾਨ ਸਿਖਲਾਈ ਅਧੀਨ ਆਈਏਐਸ ਅਧਿਕਾਰੀ ਮੈਡਮ ਮਾਨਸੀ, ਸੈਕਟਰੀ ਰੈੱਡ ਕਰਾਸ ਦਰਸ਼ਨ ਕੁਮਾਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ, ਸ਼੍ਰੀਮਤੀ ਗੁਲਸ਼ਨ ਮਹਿਤਾ ਤੇ ਮੋਹਿਤ ਆਦਿ ਹਾਜ਼ਰ ਸਨ।
Share the post "ਛੋਟੇ ਬੱਚਿਆਂ ਲਈ ਕਰੈਚ ਸੈਂਟਰ ਤੇ ਅੰਗਹੀਣ ਵਿਅਕਤੀ ਲਈ ਖੋਲ੍ਹਿਆ ਜਾਵੇਗਾ ਵਨ ਸਟਾਪ ਸੈਂਟਰ : ਪਲਵੀਂ ਚੌਧਰੀ"