ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ: ਸਰਕਾਰ ਵੱਲੋਂ ਐੱਸਸੀ ,ਬੀਸੀ, ਬੀਪੀਐਲ ਅਤੇ ਫਰੀਡਮ ਫਾਈਟਰ ਕੈਟਾਗਿਰੀ ਦੇ ਲੋਕਾਂ ਨੂੰ 600 ਯੂਨਿਟ ਮਾਫ ਅਤੇ ਜਨਰਲ ਵਰਗ ਲਈ ਬਿਜਲੀ ਦੀ ਬੱਚਤ ਕਰਦੇ ਹੋਏ ਰਾਹਤ ਸਕੀਮ ਦਾ ਲਾਭ ਲੈਣ ਦੇ ਕੀਤੇ ਐਲਾਨ ਕਰਕੇ ਜਨਰਲ ਕੈਟਾਗਰੀ ਨਾਲ ਸਬੰਧਤ ਵਰਗ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਅੱਜ ਜਨਰਲ ਕੈਟਾਗਰੀ ਵੈੱਲਫੇਅਰ ਫੈੱਡਰੇਸ਼ਨ ਰਜਿਸਟਰਡ ਦੀ ਅਹਿਮ ਮੀਟਿੰਗ ਪ੍ਰਧਾਨ ਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਨਰਲ ਸਮਾਜ ਨਾਲ ਸਬੰਧਤ ਵੱਡੀ ਗਿਣਤੀ ਵਿਚ ਸ਼ਹਿਰ ਦੇ ਪ੍ਰਮੁੱਖ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਵਿਸੇਸ ਕੈਟਾਗਿਰੀ ਤਹਿਤ ਸਹੂਲਤ ਮੁਹੱਈਆ ਕਰਵਾਉਣ ਦੇ ਕੀਤੇ ਐਲਾਨ ’ਤੇ ਅਫਸੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਸਮੂਹ ਇਕੱਤਰਤਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਦੀ ਸਹੂਲਤ ਹਰ ਵਰਗ ਨੂੰ ਮੁਹੱਈਆ ਕਰਵਾਈ ਜਾਵੇ ਕਿਉਂਕਿ ਸਰਕਾਰ ਦੀ ਚੋਣ ਵਿਚ ਹਰ ਵਰਗ ਦੀ ਸ਼ਮੂਲੀਅਤ ਹੁੰਦੀ ਹੈ ਤਾਂ ਸਰਕਾਰੀ ਸਹੂਲਤ ਦਾ ਲਾਭ ਵੀ ਹਰ ਵਰਗ ਨੂੰ ਮਿਲਣਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਇਕਬਾਲ ਸਿੰਘ, ਮੈਂਬਰ ਸੰਜੀਵ ਕੁਮਾਰ, ਡਾ ਰਵਿੰਦਰ ਸਿੰਗਲਾ ,ਜੋਨੀ ਸਿੰਗਲਾ, ਰਮੇਸ਼ ਕੁਮਾਰ, ਨਵਤੇਜ ਸਿੰਘ, ਸੁਰੇਸ ਕੁਮਾਰ ਅਤੇ ਵਰਿੰਦਰ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰਨ ਬਹੁਮਤ ਪੰਜਾਬੀਆਂ ਨੇ ਇਕ ਬਦਲਾਅ ਅਤੇ ਇੱਕ ਉਮੀਦ ਨਾਲ ਦਿੱਤਾ ਹੈ ਜਿਸ ਕਰਕੇ ਹਰ ਵਰਗ ਨੂੰ ਉਮੀਦ ਹੈ ਕਿ ਸਰਕਾਰ ਦਾ ਲਾਭ ਮਿਲਦੇ ਹੋਏ ਰਾਹਤ ਮਿਲੇਗੀ ਅਤੇ ਹਰ ਵਰਗ ਨੂੰ ਤਰੱਕੀ ਦੀ ਰਾਹ ਤੇ ਲਿਜਾਣ ਦੇ ਯਤਨ ਹੋਣਗੇ। ਉਨ੍ਹਾਂ ਅਫਸੋਸ ਪ੍ਰਗਟ ਕੀਤਾ ਕਿ 600 ਯੂਨਿਟ ਮੁਆਫ ਸਕੀਮ ਵਿੱਚੋਂ ਸ਼ਰਤਾਂ ਰਾਹੀਂ ਜਨਰਲ ਸਮਾਜ ਨੂੰ ਬਾਹਰ ਰੱਖਣਾ ਮੰਦਭਾਗਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਕੀਮ ਦੇ ਨਾਲ ਜਨਰਲ ਵਰਗ ਨਾਲ ਸਬੰਧਤ ਹਰ ਸਮੱਸਿਆ ਅਤੇ ਹਰ ਮੁਸ਼ਕਲ ਦਾ ਹੱਲ ਕਰਦੇ ਹੋਏ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਨਹੀਂ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।
Share the post "ਜਨਰਲ ਕੈਟਾਗਿਰੀ ਵੈੱਲਫੇਅਰ ਫੈਡਰੇਸ਼ਨ ਦੀ ਮੀਟਿੰਗ ’ਚ ਹਰ ਵਰਗ ਨੂੰ ਸਰਕਾਰੀ ਸਹੂਲਤ ਮੁਹੱਈਆ ਕਰਾਉਣ ਦੀ ਮੰਗ"