ਸੁਖਜਿੰਦਰ ਮਾਨ
ਬਠਿੰਡਾ, 08 ਮਾਰਚ : ਜਨਵਾਦੀ ਇਸਤਰੀ ਸਭਾ ਪੰਜਾਬ ਅਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵਲੋਂ ਅੱਜ ਇੱਥੇ ਕੌਮਾਂਤਰੀ ਇਸਤਰੀ ਦਿਵਸ ਸਾਂਝੇ ਤੌਰ ‘ਤੇ ਦਰਸ਼ਨਾ ਜੋਸ਼ੀ ਅਤੇ ਪ੍ਰਕਾਸ਼ ਕੌਰ ਸੋਹੀ ਦੀ ਪ੍ਰਧਾਨਗੀ ਹੇਠ ‘ਇਸਤਰੀਆਂ ਖਿਲਾਫ਼ ਅੱਤਿਆਚਾਰ ਅਤੇ ਵਿਤਕਰਿਆਂ ਦੇ ਖਾਤਮੇ ਲਈ ਜੂਝਣ ਦੇ ਸੰਕਲਪ ਦਿਹਾੜੇ‘ ਵਜੋਂ ਡੀਸੀ ਦਫਤਰ ਦੇ ਸਾਹਮਣੇ ਵਾਲੀ ਪਾਰਕ ਵਿਚ ਮਨਾਇਆ ਗਿਆ। ਇਸ ਦੌਰਾਨ ਵੀਰਪਾਲ ਕੌਰ ਜੈਤੋ, ਪ੍ਰਤਿਭਾ ਸ਼ਰਮਾ, ਪੁਛਿੰਦਰ ਕੌਰ ਭਗਤਾ, ਅਮਰਜੀਤ ਕੌਰ ਭਾਈ ਬਖਤੌਰ, ਮਨਦੀਪ ਕੌਰ ਅਕਲੀਆ, ਅਮਨਦੀਪ ਕੌਰ ਅਕਲੀਆ, ਬਲਜਿੰਦਰ ਕੌਰ ਜੀਦਾ, ਨੇ ਇਸਤਰੀ ਦਿਵਸ ਦੇ ਇਤਿਹਾਸਕ ਮਹੱਤਵ ਅਤੇ ਅਜੋਕੀਆਂ ਚੁਣੌਤੀਆਂ ਬਾਬਤ ਵਿਚਾਰ ਰੱਖੇ।ਭਰਾਤਰੀ ਜੱਥੇਬੰਦੀ ਜੇ.ਪੀ.ਐਮ.ਓ., ਦਿਹਾਤੀ ਮਜ਼ਦੂਰ ਸਭਾ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਸੀ.ਆਈ.ਟੀ.ਯੂ. ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।ਉਪਰੰਤ ‘ਇਸਤਰੀ ਅਧਿਕਾਰ ਪ੍ਰਾਪਤੀ ਮਾਰਚ‘ ਵੀ ਕੀਤਾ ਗਿਆ ਅਤੇ ਹਰਿਆਣਾ ਦੀਆਂ ਹੜਤਾਲੀ ਆਂਗਣਵਾੜੀ ਮੁਲਾਜ਼ਮਾਂ ‘ਤੇ ਹਰਿਆਣਾ ਸਰਕਾਰ ਵੱਲੋਂ ਢਾਹੇ ਜਾ ਰਹੇ ਅਤਿਆਚਾਰਾਂ ਦੇ ਰੋਸ ਵਜੋਂ ਮੋਦੀ-ਖਟੱੜ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਸਰਵ ਸੰਮਤੀ ਨਾਲ ਪਾਸ ਕੀਤੇ ਮਤਿਆਂ ਰਾਹੀਂ 28-29 ਮਾਰਚ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਮਜਦੂਰ-ਮੁਲਾਜਮ ਹੜਤਾਲ ਦਾ ਪੂਰਨ ਸਮਰਥਨ ਕਰਨ, 13 ਮਾਰਚ ਨੂੰ ਜਮਹੂਰੀ ਅਧਿਕਾਰ ਸਭਾ ਵੱਲੋਂ ਟੀਚਰਜ਼ ਹੋਮ ਵਿਖੇ ਕੀਤੇ ਜਾ ਰਹੇ ਇਸਤਰੀ ਸਮਾਗਮ ‘ਚ ਸ਼ਾਮਲ ਹੋਣ ਅਤੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ 22 ਮਾਰਚ ਦੀ ਰਾਤ ਨੂੰ ਪਿੰਡਾਂ- ਕਸਬਿਆਂ ਵਿੱਚ ਮਸ਼ਾਲ ਮਾਰਚ ਕਰਨ ਦਾ ਨਿਰਣਾ ਲਿਆ ਗਿਆ। ਇਸਤੋਂ ਇਲਾਵਾ ਤਹਿਸੀਲਦਾਰ ਰਾਹੀਂ ਸਰਕਾਰਾਂ ਨੂੰ ਯਾਦ ਪੱਤਰ ਵੀ ਭੇਜਿਆ ਗਿਆ।
ਜਨਵਾਦੀ ਇਸਤਰੀ ਸਭਾ ਨੇ ਸੰਕਲਪ ਦਿਹਾੜੇ ਵਜੋਂ ਮਨਾਇਆ ਔਰਤ ਦਿਵਸ
4 Views