ਸੁਖਜਿੰਦਰ ਮਾਨ
ਬਠਿੰਡਾ ; 18 ਨਵੰਬਰ-ਜਨਵਾਦੀ ਇਸਤਰੀ ਸਭਾ ਪੰਜਾਬ ਅਤੇ ਆਲ ਇੰਡੀਆ ਪ੍ਰਗਤੀਸ਼ੀਲ ਇਸਤਰੀ ਸਭਾ ਦੀਆਂ ਬਠਿੰਡਾ ਜਿਲ੍ਹਾ ਕਮੇਟੀਆਂ ਵੱਲੋਂ ਦਰਸ਼ਨਾ ਜੋਸ਼ੀ ਅਤੇ ਰਣਦੀਪ ਕੌਰ ਦੀ ਅਗਵਾਈ ਵਿੱਚ ਤੇਜ਼ੀ ਨਾਲ ਵਧ ਰਹੀ ਮਹਿੰਗਾਈ ਲਈ ਜਿੰਮੇਵਾਰ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜ਼ੋਰਦਾਰ ਰੈਲੀ ਤੇ ਮੁਜ਼ਾਹਰਾ ਕੀਤਾ ਗਿਆ।
ਉਕਤ ਰੈਲੀ-ਮੁਜ਼ਾਹਰੇ ਦਾ ਸੱਦਾ ‘ਪੰਜਾਬ ਬਚਾਓ ਸੰਯੁਕਤ ਮੋਰਚਾ’ ਵੱਲੋਂ ਦਿੱਤਾ ਗਿਆ ਸੀ। ਮੁਜ਼ਾਹਰਾਕਾਰੀ ਬੀਬੀਆਂ ਮੋਦੀ ਸਰਕਾਰ ਵੱਲੋਂ ਨਿੱਤ ਵਰਤੋਂ ਦੀਆਂ ਖਾਣ-ਪੀਣ ਵਾਲੀਆਂ ਵਸਤਾਂ, ਰਸੋਈ ਗੈਸ ਦੀਆਂ ਆਏ ਦਿਨ ਵਧਾਈਆਂ ਜਾ ਰਹੀਆਂ ਕੀਮਤਾਂ ਵਿਰੁੱਧ ਨਾਅਰਿਆਂ ਰਾਹੀਂ ਜਬਰਦਸਤ ਰੋਸ ਪ੍ਰਗਟ ਕਰ ਰਹੀਆਂ ਸਨ।ਬੀਬੀਆਂ ਨੇ ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਗਰੀਬਾਂ ਦਾ ਲਹੂ ਨਿਚੋੜ ਕੇ ਮਾਲੋਮਾਲ ਹੋ ਰਹੇ ਜ਼ਖੀਰੇਬਾਜਾਂ ਅਤੇ ਕਾਲਾ ਬਾਜ਼ਾਰੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਵੀ ਮੰਗ ਕੀਤੀ।
ਇਕੱਤਰ ਬੀਬੀਆਂ ਨੂੰ ਸੰਬੋਧਨ ਕਰਦਿਆਂ ਦਰਸ਼ਨਾ ਜੋਸ਼ੀ ਨੇ ਐਲਾਨ ਕੀਤਾ ਕਿ 28 ਨਵੰਬਰ ਨੂੰ ਲੁੱਧਿਆਣਾ ਵਿਖੇ ਕੀਤੀ ਜਾ ਰਹੀ ‘ਕਾਰਪੋਰੇਟ ਭਜਾਓ ਦੇਸ਼ ਬਚਾਓ ਪੰਜਾਬ ਬਚਾਓ’ ਮਹਾਰੈਲੀ ਵਿੱਚ ਮਾਲਵੇ ਦੇ ਜਿਲ੍ਹਿਆਂ ਵਿੱਚੋਂ ਹਜ਼ਾਰਾਂ ਇਸਤਰੀਆਂ ਪਰਿਵਾਰਾਂ ਸਮੇਤ ਸ਼ਾਮਲ ਹੋਣਗੀਆਂ।ਬੀਬੀ ਜੋਸ਼ੀ ਨੇ ਮਾਈਕਰੋ ਫਾਈਨਾਂਸ ਕੰਪਨੀਆਂ ਦੀ ਧੱਕੇਸ਼ਾਹੀ ਰੋਕਣ ਪੱਖੋਂ ਮੁਜ਼ਰਮਾਨਾ ਘੇਸਲ ਮਾਰੀ ਬੈਠੀ ਪੰਜਾਬ ਦੀ ਚਰਨਜੀਤ ਚੰਨੀ ਸਰਕਾਰ ਦੀ ਨਿਖੇਧੀ ਕਰਦਿਆਂ ਔਰਤਾਂ ਦੇ ਸਮੁੱਚੇ ਕਰਜ਼ੇ ਮਾਫ ਕਰਨ ਦੀ ਮੰਗ ਕੀਤੀ।
ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੇ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਉਨ੍ਹਾਂ ਕਿਸਾਨ ਸੰਘਰਸ਼ ਦੀ ਜਿੱਤ ਕਰਾਰ ਦਿੱਤਾ।ਮਨਦੀਪ ਕੌਰ, ਪਰਮਜੀਤ ਕੌਰ, ਬਲਜਿੰਦਰ ਕੌਰ, ਬਲਤੇਜ ਕੌਰ, ਮਨਦੀਪ ਕੌਰ ਭੋਲੀ, ਵੀਰਪਾਲ ਕੌਰ, ਰਣਜੀਤ ਕੌਰ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਆਗੂ ਮਿੱਠੂ ਸਿੰਘ ਘੁੱਦਾ ਤੇ ਪ੍ਰਕਾਸ਼ ਸਿੰਘ ਨੰਦਗੜ੍ਹ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਮੇਜਰ ਸਿੰਘ ਦਾਦੂਵਾਲ ਤੇ ਨਾਇਬ ਸਿੰਘ ਫੂਸ ਮੰਡੀ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਜਸਵੰਤ ਸਿੰਘ ਪੱਪੀ ਵੀ ਮੌਜੂਦ ਸਨ
Share the post "ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਮੋਦੀ ਸਰਕਾਰ ਖਿਲਾਫ਼ ਜ਼ੋਰਦਾਰ ਰੈਲੀ ਤੇ ਮੁਜ਼ਾਹਰਾ"