ਸੁਖਜਿੰਦਰ ਮਾਨ
ਬਠਿੰਡਾ, 16 ਅਪੈਰਲ:-ਜਮਹੂਰੀ ਅਧਿਕਾਰ ਸਭਾ ਵੱਲੋਂ ਸਥਾਨਕ ਟੀਚਰਜ਼ ਹੋਮ ’ਚ ਕਾਲੇ ਕਾਨੂੰਨਾਂ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਫ਼ਿਰਕਾਪ੍ਰਸਤੀ,ਕਿਰਤ ਕਾਨੂੰਨਾਂ ’ਚ ਤਬਦੀਲੀਆਂ ਅਤੇ ਕਾਲੇ ਕਾਨੂੰਨਾਂ ਵਿਰੁੱਧ ਸਮੁੱਚੀ ਮੈਂਬਰਸ਼ਿਪ ਵੱਲੋਂ ਖੁੱਲ੍ਹ ਕੇ ਚਰਚਾ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਸਮੁਚੀ ਮੈਂਬਰਸ਼ਿਪ ਦੇ ਇਸ ਭਰਵੇਂ ਇਕੱਠ ਚ ਖੁੱਲ੍ਹੇ ਕੇ ਹੋਈ ਬਹਿਸ ਵਿਚਾਰ ਦੌਰਾਨ ਪ੍ਰੋਫੈਸਰ ਪ੍ਰਕਾਸ਼ ਰਾਠੀ ਰਾਮ ਸਿੰਘ ਰੱਲਾ ਜਗਦੇਵ ਸਿੰਘ ਲਹਿਰਾ ਹਰਦੀਪ ਸਿੰਘ ਘੁੱਦਾ ਮਹੇਸ਼ ਵਕੀਲ ਤਰਸੇਮ ਸਿੰਘ ਪਿ੍ਰੰਸੀਪਲ ਰਣਜੀਤ ਸਿੰਘ ਮਨੋਹਰ ਦਾਸ ਐਕੇ ਜੀਤ ਤੇ ਕਰਤਾਰ ਸਿੰਘ ਨੇ ਹਿੱਸਾ ਲੈਂਦਿਆਂ ਆਪਣੇ ਆਪਣੇ ਵਿਚਾਰ ਰੱਖੇ ਅਤੇ ਤਜਰਬੇ ਸਾਂਝੇ ਕੀਤੇ। ਇਨ੍ਹਾਂ ਸਾਰਿਆਂ ਨੇ ਕਿਹਾ ਕਿ ਕਾਲੇ ਕਾਨੂੰਨ ਅੱਜ ਹੀ ਲਾਗੂ ਨਹੀਂ ਹੋਏ ਬਲਕਿ ਪਹਿਲਾਂ ਤੋਂ ਹੀ ਲੋਕ ਸੰਘਰਸ਼ਾਂ ਨੂੰ ਦਬਾਉਣ ਲਈ ਸਰਕਾਰਾਂ ਤਰ੍ਹਾਂ ਤਰ੍ਹਾਂ ਦੇ ਕਾਲੇ ਕਾਨੂੰਨ ਬਣਾਉਂਦੀਆਂ ਰਹੀਆਂ ਹਨ। ਕਾਲੇ ਕਾਨੂੰਨਾਂ ਸਬੰਧੀ ਬਹਿਸ ਨੂੰ ਸਮੇਟਦਿਆਂ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਵਿਅਕਤੀਗਤ ਆਜਾਦੀ ਤੇ ਪਬੰਦੀਆਂ ਲਾਉਂਦੇ ਕਾਨੂੰਨ, ਲੋਕਾਂ ਦੇ ਜਥੇਬੰਦ ਹੋਣ ਦੇ ਸੰਘਰਸ਼ ਦੇ ਹੱਕ ’ਤੇ ਹਮਲਾ ਕਰਨ ਵਾਲੇ ਕਾਨੂੰਨ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜਾਦੀ ਦਾ ਗਲਾ ਘੁਟਣ ਵਾਲੇ ਕਾਨੂੰਨਾਂ ਅੰਗਰੇਜ਼ੀ ਰਾਜ ਵੇਲੇ ਤੋਂ ਹੀ ਬਣਾਏ ਜਾਂਦੇ ਰਹੇ ਹਨ ਅਤੇ ਹੁਣ ਦੀ ਭਾਰਤ ਸਰਕਾਰ ਵੀ ਆਪਣੇ ਸ਼ੁਰੂ ਤੋਂ ਇਹ ਕਾਲੇ ਕਾਨੂੰਨ ਬਣਾਉਂਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਵਿਚ ਭਾਵੇਂ ਬੋਲਣ,ਵਿਚਾਰ ਪ੍ਰਗਟਾਉਣ,ਸ਼ਾਂਤੀਪੂਰਵਕ ਇੱਕਠੇ ਹੋਣ,ਕਿਤੇ ਵੀ ਘੁੰਮਣ ਫਿਰਨ ਤੇ ਕਾਰੋਬਾਰ ਕਰਨ ਦੀ ਆਜਾਦੀ ਹੈ ਪਰ ਕਾਲੇ ਕਾਨੂੰਨਾਂ ਬਣਾ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਬਹਾਨੇ ਲੋਕਾਂ ਨੂੰ ਉਨ੍ਹਾਂ ਦੇ ਜਮਹੂਰੀ ਹੱਕਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਮਨੋਹਰ ਦਾਸ ਨੇ ਮਨੂਵਾਦੀ ਸੋਚ ਤੇ ਚੋਟ ਕਰਦਿਆਂ ਗੈਰ- ਜਥੇਬੰਦਕ ਖੇਤਰ ਦੇ ਕਿਰਤੀਆਂ ਦੇ ਹੱਕਾਂ ਬਾਰੇ ਗੱਲ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਫੈਲਾਈ ਜਾਂਦੀ ਫਿਰਕਾਪ੍ਰਸਤੀ ਬਾਰੇ ਗੱਲ ਕਰਦਿਆਂ ਵਕੀਲ ਐਨ ਕੇ ਜੀਤ ਅਤੇ ਸੁਦੀਪ ਸਿੰਘ ਨੇ ਕਿਹਾ ਕਿ ਬੁੱਧੀਜੀਵੀਆਂ ਨੂੰ ਲੋਕਾਂ ਚ ਪਾਈ ਜਾਂਦੀ ਦਹਿਸ਼ਤ ਤੋੜਨ ਲਈ ਅੱਗੇ ਆਉਣਾ ਚਾਹੀਦਾ ਹੈ। ਜ਼ਿਲ੍ਹਾ ਪ੍ਰਧਾਨ ਪਿ੍ਰੰਸੀਪਲ ਬੱਗਾ ਸਿੰਘ ਨੇ ਫਿਰਕਾਪ੍ਰਸਤੀ ਨੂੰ ਖ਼ਤਰਨਾਕ ਰੁਝਾਨ ਦੱਸਦਿਆਂ ਇਸ ਵਿਰੁੱਧ ਲਾਮਬੰਦ ਹੋਣ ਲਈ ਕਿਹਾ ਅਤੇ ਭਰਾਤਰੀ ਸਾਂਝ ਵਧਾਉਣ ਤੇ ਜ਼ੋਰ ਦਿੱਤਾ। ਉਨ੍ਹਾਂ ਇਕੱਠ ਵਿੱਚ ਸ਼ਾਮਲ ਮੈਂਬਰਾਂ ਦਾ ਧੰਨਵਾਦ ਵੀ ਕੀਤਾ।
ਜਮਹੂਰੀ ਅਧਿਕਾਰ ਸਭਾ ਨੇ ਕਾਲੇ ਕਨੂੰਨਾਂ ਵਿਰੁੱਧ ਮਨਾਇਆ ਦਿਵਸ
12 Views