ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 22 ਨਵੰਬਰ:ਪਿਛਲੇ ਮਹੀਨੇ ਪਿਪਲੀ ਅਤੇ ਮਹਿਰਾਜ ਦੇ ਕੋਠੇ ਕਪਾਹ ਵਾਲਾ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀਆਂ ਢਾਹ ਦਿੱਤੀਆਂ ਗਈਆਂ ਸਨ ਅਤੇ ਸ਼ੋਸ਼ਲ ਮੀਡੀਆ ਅੰਦਰ ਭੜਕਾਊ ਵੀਡੀਓ ਪਾਈਆਂ ਗਈਆਂ ਸਨ। ਮਸਲੇ ਦੀ ਗੰਭੀਰਤਾ ਨੂੰ ਸਮਝਦਿਆਂ ਅਤੇ ਹਕੀਕਤ ਨੂੰ ਉਜਾਗਰ ਕਰਨ ਲਈ ਜਮਹੂਰੀ ਅਧਿਕਾਰ ਸਭਾ ਬਠਿੰਡਾ ਨੇ ਰਾਮਪੁਰਾ, ਭਗਤਾ ਅਤੇ ਬਠਿੰਡਾ ਖੇਤਰ ‘ਚੋਂ 17 ਮੈਂਬਰੀ ਟੀਮ ਦਾ ਗਠਨ ਕੀਤਾ ਅਤੇ ਸਾਰੀਆਂ ਧਿਰਾਂ ਅਤੇ ਆਮ ਲੋਕਾਂ ਦਾ ਪੱਖ ਲੈ ਕੇ ਘਟਨਾ ਦੀ ਪੜਤਾਲ ਕੀਤੀ। ਅੱਜ ਪ੍ਰੈਸ ਕਾਨਫਰੰਸ ਕਰਕੇ ਸਭਾ ਦੇ ਪ੍ਰਧਾਨ ਬੱਗਾ ਸਿੰਘ, ਮੀਤ ਪ੍ਰਧਾਨ ਰਣਜੀਤ ਸਿੰਘ, ਸਕੱਤਰ ਸੁਦੀਪ ਸਿੰਘ, ਰਾਮਪੁਰਾ ਇਕਾਈ ਦੇ ਕਨਵੀਨਰ ਅਵਤਾਰ ਸਿੰਘ, ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਐਡ. ਐਨਕੇ ਜੀਤ ਨੇ ਸੂਬਾ ਸਕਤੱਰ ਪਿ੍ਰਤਪਾਲ ਸਿੰਘ ਦੀ ਹਾਜਰੀ ‘ਚ ਇਹ ਵਿਸਥਾਰੀ ਪੜਤਾਲ ਰਿਪੋਰਟ ਜਾਰੀ ਕੀਤੀ। ਸਭਾ ਆਗੂਆਂ ਨੇ ਦੱਸਿਆ ਕਿ ਮਹਿਰਾਜ ਨਾਲ ਵਗਦੇ ਸੂਏ ਦੇ ਨਾਲ ਨਾਲ 150/200 ਪ੍ਰਵਾਸੀ ਮਜ਼ਦੂਰ ਮਰਦ,ਔਰਤਾਂ ਤੇ ਬੱਚੇ ਪਿਛਲੇ 15-20 ਸਾਲ ਤੋਂ ਝੁੱਗੀਆ ਪਾਕੇ ਰਹਿ ਰਹੇ ਹਨ ਅਤੇ ਖੇਤ ਮਜ਼ਦੂਰੀ ਤੇ ਘਰਾਂ ਅੰਦਰ ਗੋਹੇ ਕੂੜੇ ਦਾ ਕਿੱਤਾ ਕਰਦੇ ਹਨ। ਉਹ ਕਿਸੇ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਨਹੀਂ ਹਨ। ਮੌਜੂਦਾ ਵਿਵਾਦ ਇਕ ਸਥਾਨਕ ਨਿਵਾਸੀ ਵਲੋਂ ਸੂਏ ‘ਤੇ ਦਾਤਣ ਕਰਨ ਤੋਂ ਰੋਕਣ ਨੂੰ ਲੈਕੇ ਇਕ ਬਜ਼ੁਰਗ ਪ੍ਰਵਾਸੀ ਔਰਤ ਦੇ ਥੱਪੜ ਮਾਰਨ ਤੋਂ ਸ਼ੁਰੂ ਹੋਇਆ। ਜਿਸਦੀ ਸੁਣਵਾਈ ਨਾ ਹੋਣ ਦੇ ਰੋਸ ‘ਚ ਉਸਦੇ ਨੌਜਵਾਨ ਲੜਕੇ ਨੇ ਸੀਸੀਟੀਵੀ ਕੈਮਰੇ ਦੇ ਵੱਟੇ ਮਾਰ ਦਿੱਤੇ। ਸਭਾ ਅਨੁਸਾਰ ਪੰਜਾਬੀਆਂ ਅਤੇ ਗੈਰ-ਪੰਜਾਬੀ ਲੇਬਰ ਦਾ ਆਪਸ ਵਿਚ ਇਹ ਸਾਂਝ ਦਾ ਮਜਬੂਤ ਰਿਸ਼ਤਾ ਹੈ। ਕਿਸੇ ਨਿੱਜੀ ਝਗੜੇ ਨੂੰ ਦੋਹਾਂ ਭਾਈਚਾਰਿਆਂ ‘ਚ ਕੁੜਤਣ ਪੈਦਾ ਕਰ ਦੇਣ ਦੀ ਪ੍ਰਤੀਕਿਰਿਆ ਨੂੰ ਰੋਕਣਾ ਬਣਦਾ ਹੈ। ਸੌੜੀਆਂ ਸਿਆਸਤ ਤਹਿਤ ਕੀਤੀ ਗੈਰਜੁੰਮੇਵਾਰ ਅਤੇ ਭੜਕਾਊ ਬਿਆਨਬਾਜੀ ਬਾਹਰ ਵਸਦੇ ਪੰਜਾਬੀਆਂ ਲਈ ਮੁਸ਼ਕਿਲ ਪੈਦਾ ਕਰ ਸਕਦੀ ਹੈ ਅਤੇ ਕਿਰਤੀ ਭਾਈਚਾਰਿਆਂ ਅੰਦਰ ਫੁੱਟ ਪਾਉਣ ਦੀ ਹਕੂਮਤੀ ਨੀਤੀ ਨੂੰ ਤੇਜ ਕਰਦੀ ਹੈ, ਜਿਸਤੋਂ ਬਚਿਆ ਜਾਣਾ ਚਾਹੀਦਾ ਹੈ। ਪਿੰਡ ਦੇ ਸੂਝਵਾਨ ਹਿੱਸਿਆਂ, ਕਿਸਾਨ ਮਜ਼ਦੂਰ ਅਤੇ ਜਨਤਕ ਜਥੇਬੰਦੀਆ ਨੂੰ ਅਜਿਹੇ ਮਸਲਿਆਂ ‘ਚ ਕਿਰਿਆਸ਼ੀਲ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸਭਾ ਨੇ ਕੁਝ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਮਹਿਰਾਜ ਵਿਚ ਮਜ਼ਦੂਰਾਂ ਅਤੇ ਸਥਾਨਕ ਨਿਵਾਸੀਆਂ ‘ਚ ਭੁਲੇਖੇ ਦੂਰ ਕਰਨ ਵਾਸਤੇ ਕੀਤੇ ਯਤਨਾਂ ਦਾ ਸਵਾਗਤ ਕੀਤਾ।
Share the post "ਜਮਹੂਰੀ ਅਧਿਕਾਰ ਸਭਾ ਨੇ ਮਹਿਰਾਜ ਅੰਦਰ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਢਾਹੇ ਜਾਣ ਨੂੰ ਵਧੀਕੀ ਕਰਾਰ ਦਿੱਤਾ"