ਜੇਕਰ ਸਰਕਾਰ ਇਮਾਨਦਾਰ ਹੋਵੇ ਤੇ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਸੰਭਵ ਹੈ, ਅਸੀਂ ਬਿਜਲੀ ਵੀ ਮੁਫ਼ਤ ਕਰ ਦਿੱਤੀ ਅਤੇ ਸਰਕਾਰ ਦਾ ਮਾਲੀਆ ਵੀ ਵਧ ਰਿਹਾ ਹੈ- ’ਆਪ’ ਕਨਵੀਨਰ ਅਰਵਿੰਦ ਕੇਜਰੀਵਾਲ
ਜਲੰਧਰ ਦੇ ਲੋਕ ਇਸ ਵਾਰ ਚੋਣਾਂ ’ਚ ਇਤਿਹਾਸ ਲਿਖਣਗੇ, ਇਸ ਵਾਰ ਜਲੰਧਰ ਹੋਵੇਗਾ ਇਨਕਲਾਬ ਲਈ ਮਸ਼ਹੂਰ – ਮੁੱਖ ਮੰਤਰੀ ਭਗਵੰਤ ਮਾਨ।
ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 6 ਮਈ: ਆਮ ਆਦਮੀ ਪਾਰਟੀ ਦੇ ਕੌਮੀ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਨੇ ਜਲੰਧਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੀ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ ਇੱਕ ਸਾਲ ਵਿੱਚ ਇੰਨੇ ਵੱਡੇ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ। ਕੱਚੇ ਮੁਲਾਜ਼ਮ ਪੱਕੇ ਹੋ ਰਹੇ ਹਨ। ਆਮ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਣ ਲੱਗੇ ਹਨ। ਕਿਸਾਨਾਂ ਨੂੰ ਫ਼ਸਲਾਂ ਦੀ ਅਦਾਇਗੀ ਸਮੇਂ ਸਿਰ ਕੀਤੀ ਜਾ ਰਹੀ ਹੈ। ਫਸਲਾਂ ਦੇ ਨੁਕਸਾਨ ਲਈ ਮੁਆਵਜ਼ਾ ਰਾਸ਼ੀ ਵੀ ਵਧ ਗਈ ਹੈ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਹੁਣ ਇੱਕ-ਇੱਕ ਕਰੋੜ ਰੁਪਏ ਮਿਲ ਰਹੇ ਹਨ। ਇਹ ਸਭ ਇਮਾਨਦਾਰ ਸਰਕਾਰ ਦੀ ਬਦੌਲਤ ਹੋ ਰਿਹਾ ਹੈ।ਜਲੰਧਰ ਉਪ ਚੋਣ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦਾ ਪ੍ਰਚਾਰ ਕਰਨ ਲਈ ਸ਼ਨੀਵਾਰ ਨੂੰ ’ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਪਹੁੰਚੇ। ਦੋਵਾਂ ਆਗੂਆਂ ਨੇ ਜਲੰਧਰ ਸ਼ਹਿਰ ਦੇ ਸਾਰੇ ਹਲਕਿਆਂ, ਜਲੰਧਰ ਕੇਂਦਰੀ, ਜਲੰਧਰ ਪੱਛਮੀ, ਜਲੰਧਰ ਉੱਤਰੀ ਅਤੇ ਜਲੰਧਰ ਛਾਉਣੀ ਦੇ ਸਾਰੇ ਹਲਕਿਆਂ ਵਿੱਚ ਰੋਡ ਸ਼ੋਅ ਕੀਤੇ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।ਲੋਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਅਸੀਂ 300 ਯੂਨਿਟ ਬਿਜਲੀ ਮੁਫਤ ਕਰਨ ਦਾ ਐਲਾਨ ਕੀਤਾ ਸੀ ਤਾਂ ਵਿਰੋਧੀ ਪਾਰਟੀਆਂ ਸਵਾਲ ਚੁੱਕ ਰਹੀਆਂ ਸਨ ਕਿ ਬਿਜਲੀ ਮੁਫਤ ਕਿਵੇਂ ਕੀਤੀ ਜਾਵੇ। ਪੰਜਾਬ ਕੋਲ ਇੰਨਾ ਪੈਸਾ ਨਹੀਂ ਹੈ। ਪਰ ਸਾਡੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਮੁੱਖ ਮੰਤਰੀ ਇਮਾਨਦਾਰ ਅਤੇ ਸੁਹਿਰਦ ਹੋਣ ਤਾਂ ਸਭ ਕੁਝ ਸੰਭਵ ਹੈ। ਅਸੀਂ ਬਿਜਲੀ ਵੀ ਮੁਫਤ ਕੀਤੀ ਹੈ ਅਤੇ ਸਰਕਾਰ ਦਾ ਮਾਲੀਆ ਵੀ ਵਧ ਰਿਹਾ ਹੈ ਕਿਉਂਕਿ ਪੰਜਾਬ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਹੈ। ਪਹਿਲਾਂ ਸਰਕਾਰੀ ਖਜ਼ਾਨੇ ਦਾ ਪੈਸਾ ਭ੍ਰਿਸ਼ਟਾਚਾਰੀਆਂ ਅਤੇ ਮਾਫੀਆ ਦੀਆਂ ਜੇਬਾਂ ਵਿੱਚ ਜਾਂਦਾ ਸੀ। ਹੁਣ ਉਸੇ ਪੈਸੇ ਨਾਲ ਲੋਕਾਂ ਦੇ ਕੰਮ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਸਾਨੂੰ ਕਈ ਲੋਕ ਆ ਕੇ ਸਮਝਾਉਂਦੇ ਹਨ ਕਿ ਸਰਕਾਰ ਬਣੀ ਨੂੰ ਅਜੇ ਤਿੰਨ ਮਹੀਨੇ ਹੀ ਹੋਏ ਹਨ। ਅਜੇ ਬਿਜਲੀ ਦਾ ਬਿੱਲ ਜ਼ੀਰੋ ਨਾ ਕਰੋ। ਇਹ ਕੰਮ ਪੰਜਵੇਂ ਸਾਲ ਵਿੱਚ ਕੀਤਾ ਜਾਣਾ ਚਾਹੀਦਾ ਹੈ। ਪਰ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਦੇ ਅੰਦਰ ਹੀ ਅਸੀਂ ਬਿਜਲੀ ਦਾ ਬਿੱਲ ਜ਼ੀਰੋ ਕਰ ਦਿੱਤਾ ਕਿਉਂਕਿ ਅਸੀਂ ਰਾਜਨੀਤੀ ਕਰਨ ਨਹੀਂ ਸਗੋਂ ਲੋਕਾਂ ਦੇ ਕੰਮ ਕਰਨ ਆਏ ਹਾਂ।ਕੇਜਰੀਵਾਲ ਨੇ ਜਲੰਧਰ ਦੇ ਲੋਕਾਂ ਨੂੰ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਤੁਹਾਡੇ ਕੋਲ ਇੱਕ ਸਾਲ ਦਾ ਸਮਾਂ ਮੰਗਣ ਆਏ ਹਾਂ। ਤੁਸੀਂ ਕਾਂਗਰਸ ਨੂੰ 60 ਸਾਲ ਦਿੱਤੇ। ਹੁਣ ਸਾਨੂੰ 11 ਮਹੀਨੇ ਦਿਓ ਅਤੇ ਵੇਖੋ। ਜੇਕਰ ਤੁਹਾਨੂੰ ਸਾਡਾ ਕੰਮ ਪਸੰਦ ਨਹੀਂ ਆਇਆ ਤਾਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਾਨੂੰ ਵੋਟ ਨਾ ਦੇਣਾ।ਉਨ੍ਹਾਂ ਕਿਹਾ ਕਿ ਜਲੰਧਰ ਦੇ ਲੋਕਾਂ ਨੇ 60 ਸਾਲਾਂ ਤੋਂ ਕਾਂਗਰਸ ਨੂੰ ਵੋਟਾਂ ਪਾਈਆਂ ਹਨ, ਪਰ ਅੱਜ ਕਾਂਗਰਸ ਦਾ ਕੋਈ ਵੀ ਵੱਡਾ ਆਗੂ ਦਿੱਲੀ ਤੋਂ ਜਲੰਧਰ ਵਿੱਚ ਵੋਟਾਂ ਮੰਗਣ ਨਹੀਂ ਆਇਆ। ਜਦੋਂ ਕਿ ਆਮ ਆਦਮੀ ਪਾਰਟੀ ਦੇ ਦੋਵੇਂ ਵੱਡੇ ਆਗੂ ਅਤੇ ਦੋਵੇਂ ਮੁੱਖ ਮੰਤਰੀ ਤੁਹਾਡੀਆਂ ਵੋਟਾਂ ਮੰਗਣ ਆਏ ਹਨ। ਜਦੋਂ ਕਾਂਗਰਸੀ ਆਗੂ ਤੁਹਾਡੀ ਵੋਟ ਮੰਗਣ ਨਹੀਂ ਆਇਆ ਤਾਂ ਤੁਹਾਨੂੰ ਵੋਟ ਪਾਉਣ ਦੀ ਕੀ ਲੋੜ ਹੈ? ਕਾਂਗਰਸੀ ਸੋਚਦੇ ਹਨ ਕਿ ਜਲੰਧਰ ਦੇ ਲੋਕ ਇਸ ਤਰ੍ਹਾਂ ਹੀ ਵੋਟ ਪਾ ਦੇਣਗੇ, ਪਰ ਹੁਣ ਇਸ ਤਰ੍ਹਾਂ ਵੋਟਾਂ ਨਹੀਂ ਮਿਲਣਗੀਆਂ, ਹੁਣ ਵੋਟਾਂ ਮੰਗਣ ਆਉਣਾ ਪੈਂਦਾ ਹੈ।ਕੇਜਰੀਵਾਲ ਨੇ ਕਿਹਾ ਕਿ ਸਰਦਾਰ ਭਗਵੰਤ ਮਾਨ ਨੇ ਸੰਗਰੂਰ ਤੋਂ ਐੱਮਪੀ ਦੀ ਚੋਣ ਜਿੱਤ ਕੇ ਪੂਰੇ ਦੇਸ਼ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਸੀ। ਮੈਨੂੰ ਭਰੋਸਾ ਹੈ ਕਿ ਤੁਸੀਂ ਉਸ ਰਿਕਾਰਡ ਨੂੰ ਵੀ ਤੋੜੋਗੇ ਅਤੇ ਸੁਸ਼ੀਲ ਰਿੰਕੂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਸੰਸਦ ਵਿੱਚ ਭੇਜੋਗੇ।
-ਜਲੰਧਰ ਦੇ ਲੋਕ ਇਸ ਵਾਰ ਚੋਣਾਂ ’ਚ ਇਤਿਹਾਸ ਲਿਖਣਗੇ, ਇਸ ਵਾਰ ਜਲੰਧਰ ਹੋਵੇਗਾ ਇਨਕਲਾਬ ਲਈ ਮਸ਼ਹੂਰ – ਮੁੱਖ ਮੰਤਰੀ ਭਗਵੰਤ ਮਾਨ।
ਝਾੜੂ ਦਾ ਬਟਨ ਦੱਬਣ ਦਾ ਮਤਲਬ ਹੈ ਵਿਕਾਸ, ਪੰਜਾਬ ਦੀ ਤਰੱਕੀ ਤੇ ਖੁਸ਼ੀਆਂ ਦਾ ਬਟਨ ਦੀ ਦਬਾਉਣਾ ਹੈ – ਮਾਨ
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 10 ਮਈ ਨੂੰ ਤੁਹਾਡੇ ਕੋਲ ਝਾੜੂ ਦਾ ਬਟਨ ਦਬਾ ਕੇ ਸੰਗਰੂਰ ਵਰਗਾ ਰਿਕਾਰਡ ਬਣਾਉਣ ਦਾ ਮੌਕਾ ਹੈ ਅਤੇ ਆਪਣੇ ਬੱਚਿਆਂ ਦੀ ਕਿਸਮਤ ਰੌਸ਼ਨ ਕਰੋ। ਉਨ੍ਹਾਂ ਕਿਹਾ ਕਿ ਝਾੜੂ ਦਾ ਬਟਨ ਦਬਾਉਣ ਦਾ ਮਤਲਬ ਹੈ ਵਿਕਾਸ ਦਾ ਬਟਨ ਦਬਾਉਣਾ। ਪੰਜਾਬ ਦੀ ਤਰੱਕੀ ਅਕੇ ਖੁਸ਼ਹਾਲੀ ਦਾ ਬਟਨ ਦਬਾਉਣਾ ਹੈ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੀ ਹੈ। ਹੁਣ ਤੱਕ ਕਰੀਬ 29,000 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲ ਚੁੱਕੀ ਹੈ। ਅਸੀਂ ਬੱਚਿਆਂ ਦੇ ਬਿਹਤਰ ਭਵਿੱਖ ਲਈ ’ਸਕੂਲ ਆਫ਼ ਐਮੀਨੈਂਸ’ ਬਣਾ ਰਹੇ ਹਾਂ। ਜਿੰਨਾ ਕੰਮ ਅਸੀਂ ਪਹਿਲੇ ਸਾਲ ਵਿੱਚ ਕੀਤਾ ਹੈ, ਓਨਾ ਪਿਛਲੀਆਂ ਸਰਕਾਰਾਂ ਪਿਛਲੇ ਸਾਲ ਵਿੱਚ ਵੀ ਨਹੀਂ ਕਰਦੀਆਂ ਸਨ।ਅਸੀਂ ਇੱਕ ਸਾਲ ਦੇ ਅੰਦਰ ਆਮ ਲੋਕਾਂ ਦੀ ਸਹੂਲਤ ਲਈ 300 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਈ ਹੈ। ਸਰਕਾਰੀ ਸਕੂਲਾਂ ਦੀ ਹਾਲਤ ਸੁਧਰੀ ਹੈ। 580 ਮੁਹੱਲਾ ਕਲੀਨਿਕ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 20 ਲੱਖ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਗਿਆ ਹੈ ਅਤੇ 5 ਲੱਖ ਤੋਂ ਵੱਧ ਲੋਕਾਂ ਦੀ ਮੁਫ਼ਤ ਜਾਂਚ ਕੀਤੀ ਗਈ ਹੈ। ਕਿਸਾਨਾਂ ਲਈ, ਅਸੀਂ ਕਈ ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਵਧਾ ਦਿੱਤਾ ਹੈ ਅਤੇ ਫਸਲਾਂ ਦੇ ਨੁਕਸਾਨ ਲਈ ਮੁਆਵਜ਼ੇ ਦੀ ਰਕਮ ਵਧਾ ਦਿੱਤੀ ਹੈ।ਉਨ੍ਹਾਂ ਕਿਹਾ ਕਿ ਮੈਂ ਪਿਛਲੇ ਕਈ ਦਿਨਾਂ ਤੋਂ ਜਲੰਧਰ ’ਚ ਹਾਂ ਅਤੇ ਚੋਣ ਪ੍ਰਚਾਰ ਲਈ ਕਈ ਥਾਵਾਂ ’ਤੇ ਗਿਆ ਹਾਂ ੍ਟ ਹਰ ਪਾਸੇ ਲੋਕ ਸਾਡੇ ਸਮਰਥਨ ਲਈ ਸੜਕਾਂ ’ਤੇ ਆ ਰਹੇ ਹਨ। ਕਿਉਂਕਿ ਅਸੀਂ ਆਮ ਲੋਕ ਹਾਂ। ਅਸੀਂ ਲੋਕਾਂ ਵਿੱਚ ਰਹਿੰਦੇ ਹਾਂ। ਪਹਿਲਾਂ ਮੁੱਖ ਮੰਤਰੀ ਆਪਣੇ ਮਹਿਲਾਂ ਦੀਆਂ ਕੰਧਾਂ ਉੱਚੀਆਂ ਕਰਕੇ ਆਮ ਲੋਕਾਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੰਦੇ ਸਨ।ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ-ਭਾਜਪਾ ਅਤੇ ਅਕਾਲੀ ਦਲ ਆਪਣੀਆਂ ਰੈਲੀਆਂ ’ਚ ਭਾੜੇ ’ਤੇ ਲੋਕਾਂ ਨੂੰ ਇਕੱਠਾ ਕਰ ਰਹੇ ਹਨ। ਇਹ ਉਨ੍ਹਾਂ ਦੇ ਨਾਅਰੇ ਲਗਾਉਣ ਦੇ ਤਰੀਕੇ ਤੋਂ ਪਤਾ ਲੱਗ ਜਾਂਦਾ ਹੈ। 2020 ’ਚ ਦਿੱਲੀ ਚੋਣਾਂ ਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮਲੀਲਾ ਮੈਦਾਨ ’ਚ ਰੈਲੀ ਕੀਤੀ, ਜਿੱਥੇ ਲੋਕਾਂ ਦੀ ਭੀੜ ਸੀ ਪਰ ਜਿਸ ਤਰੀਕੇ ਨਾਲ ਲੋਕ ਨਾਅਰੇ ਲਗਾ ਰਹੇ ਸਨ, ਉਸ ਤੋਂ ਸਾਫ਼ ਸੀ ਕਿ ਉਹ ਮਜ਼ਬੂਰਨ ਨਾਅਰੇ ਲਗਾ ਰਹੇ ਸਨ।ਮੁੱਖ ਮੰਤਰੀ ਨੇ ਜਲੰਧਰ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਅਸੀਂ ਇੱਥੇ ਪੀਜੀਆਈ ਚੰਡੀਗੜ੍ਹ ਵਾਂਗ ਉੱਚ ਸਹੂਲਤਾਂ ਵਾਲਾ ਹਸਪਤਾਲ ਬਣਾਵਾਂਗੇ। ਇਸ ਹਸਪਤਾਲ ਵਿੱਚ ਹਰ ਤਰ੍ਹਾਂ ਦਾ ਇਲਾਜ ਅਤੇ ਅਪਰੇਸ਼ਨ ਮੁਫ਼ਤ ਅਤੇ ਉੱਚ ਗੁਣਵੱਤਾ ਵਾਲੇ ਹੋਣਗੇ।ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਦੇ ਲੋਕ ਇਸ ਚੋਣ ਵਿੱਚ ਇਤਿਹਾਸ ਲਿਖਣਗੇ। ਇਸ ਵਾਰ ਜਲੰਧਰ ਇਨਕਲਾਬ ਲਈ ਮਸ਼ਹੂਰ ਹੋਵੇਗਾ। ਜਦੋਂ ਇਤਿਹਾਸਕਾਰ ਪੰਜਾਬ ਦਾ ਇਤਿਹਾਸ ਲਿਖਣਗੇ ਤਾਂ ਇਹ ਲਿਖਿਆ ਜਾਵੇਗਾ ਕਿ ਜਿਸ ਸਮੇਂ ਪੰਜਾਬ ਦੀ ਹਾਲਤ ਵਿਗੜ ਰਹੀ ਸੀ, ਉਸ ਸਮੇਂ ਜਲੰਧਰ ਦੇ ਲੋਕਾਂ ਨੇ ਇੱਕ ਇਮਾਨਦਾਰ ਪਾਰਟੀ ਨੂੰ ਵੋਟਾਂ ਪਾ ਕੇ ਇੱਕ ਚੰਗੀ ਨੀਂਹ ਰੱਖੀ ਸੀ।
Share the post "ਜਲੰਧਰ ਵਿੱਚ ਗਰਜੇ ਕੇਜਰੀਵਾਲ ਅਤੇ ਭਗਵੰਤ ਮਾਨ, ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਕੀਤਾ ਪ੍ਰਚਾਰ"