29 ਅਪ੍ਰੈਲ ਨੂੰ ਹੈਡ ਆਫਿਸ ਪਟਿਆਲਾ ਦਾ ਪਰਿਵਾਰਾਂ ਤੇ ਬੱਚਿਆ ਸਮੇਤ ਘੇਰਾਓ ਕਰਨ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 28 ਅਪਰੈਲ: – ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਅੱਜ ਇਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਸਸ ਵਿਭਾਗ ਦੇ ਪੇਂਡੂ ਜਲ ਘਰਾਂ ਅਤੇ ਦਫਤਰਾਂ ਵਿਚ ਪਿਛਲੇ 15 ਸਾਲਾਂ ਦੇ ਅਰਸੇ ਤੋਂ ਕੰਮ ਕਰਦੇ ਕਾਮਿਆਂ ਦੇ ਡਾਟੇ ਦੀਆਂ ਐਚ.ਆਰ.ਐਮ.ਐਸ. ਪੋਰਟਲ ਸਾਇਡ ’ਤੇ ਚੜੀਆਂ ਐਟਰੀਆਂ ਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਲੋਂ ਡਲੀਟ ਕਰਕੇ ਇਨ੍ਹਾਂ ਕਾਮਿਆਂ ਦੇ ਕੀਤੇ ਕੰਮ ਦੇ ਰਿਕਾਰਡ ਨੂੰ ਖਤਮ ਕਰਕੇ ਰੈਗੂਲਰ ਕਰਨ ਦੇ ਵਾਅਦੇ ਤੋਂ ਭੱਜਣ ਦੀਆਂ ਕੋਸ਼ਿਸ਼ਾਂ ਸੂਬੇ ਦੀ ਮਾਨ ਸਰਕਾਰ ਕਰ ਰਹੀ ਹੈ।ਇਸ ਸਬੰਧੀ ਸੂਬਾ ਆਗੂਆਂ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਸ ਵਿਭਾਗ ਵਿਚ ਇੰਨਲਿਸਟਮੈਂਟ, ਆਉਟਸੋਰਸ, ਠੇਕੇਦਾਰਾਂ, ਕੰਪਨੀ ਅਧੀਨ ਕੰਮ ਕਰਦੇ ਆ ਰਹੇ ਵਰਕਰਾਂ ਦਾ ਮੁਕੰਮਲ ਡਾਟਾ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਹੋਈ ਸਾਈਡ ਐਚ.ਆਰ.ਐਮ.ਐਸ. ’ਤੇ ਚੱੜਿਆ ਹੋਇਆ ਹੈ ਪਰ ਜਦੋਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਮੂਹ ਵਿਭਾਗਾਂ ਦੇ ਵਰਕਰਾਂ ਨੂੰ ਰੈਗੂਲਰ ਕਰਨ ਲਈ ਪ੍ਰਪੋਜਲ ਬਣਾਉਣ ਲਈ ਇਸ ਸਾਈਡ ਦੇ ਡਾਟੇ ਨੂੰ ਮੰਗਿਆ ਗਿਆ ਹੈ ਤਾਂ ਜਸਸ ਵਿਭਾਗ ਦੇ ਵਿਭਾਗੀ ਮੁੱਖੀ (ਐਚ.ਓ.ਡੀ.) ਵੱਲੋਂ ਪੱਤਰ ਨੰਬਰ 1838 ਮਿਤੀ 28-04-2022 ਨੂੰ ਉਚ ਅਧਿਕਾਰੀਆਂ ਨੂੰ ਅੱਜ ਹੀ ਕਾਮਿਆਂ ਦਾ ਡਾਟਾ ਸਾਈਡ ਤੋਂ ਡਲੀਟ ਕਰਨ ਦੀ ਚਿੱਠੀ ਜਾਰੀ ਕੀਤੀ ਗਈ ਹੈ। ਜਿਸ ’ਤੇ ਕਾਰਜਕਾਰੀ ਇੰਜੀਨੀਅਰਾਂ ਵਲੋਂ ਡਾਟਾ ਡਲੀਟ ਕੀਤਾ ਜਾ ਰਿਹਾ ਹੈ। ਸੂਬਾਈ ਆਗੂਆਂ ਨੇ ਕਿਹਾ ਕਿ ਜਿੱਥੇ ਇਕ ਪਾਸੇ ਆਮ ਆਦਮੀ ਪਾਰਟੀ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦੇ ਸੁਪਨੇ ਦਿਖਾ ਰਹੀ ਹੈ ਉਥੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਅਧਿਕਾਰੀ ਜਲ ਸਪਲਾਈ ਵਿਭਾਗ ਦੇ ਕਾਮਿਆਂ ਦਾ ਰਿਕਾਰਡ ਐਚ.ਆਰ.ਐਮ.ਐਸ. ਪੋਰਟਲ ਸਾਇਡ ਤੋਂ ਡਲੀਟ ਕਰ ਰਹੇ ਹਨ। ਜਲ ਸਪਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਕਾਮਿਆਂ ਦੇ ਡਾਟੇ ਨੂੰ ਐਚ.ਆਰ.ਐਮ.ਐਸ. ਪੋਰਟਲ ਤੋਂ ਡਲੀਟ ਕੀਤੇ ਇਸ ਡਾਟੇ ਨੂੰ ਪਹਿਲਾਂ ਦੀ ਤਰ੍ਹਾਂ ਦੁਬਾਰਾ ਬਹਾਲ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਪੰਜਾਬ (ਰਜਿ.31) ਵਲੋਂ ਪਰਿਵਾਰਾਂ ਅਤੇ ਬੱਚਿਆਂ ਸਮੇਤ ਮਿਤੀ 29 ਅਪ੍ਰੈਲ ਨੂੰ ਜਸਸ ਵਿਭਾਗ ਦੇ ਹੈਡ ਆਫਿਸ ਪਟਿਆਲਾ ਦਾ ਘੇਰਾਓ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਜਥੇਬੰਦੀ ਵਲੋਂ ਮਾਨਯੋਗ ਮੁੱਖ ਮੰਤਰੀ ਜੀ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਕਿ ਜਲ ਸਪਲਾਈ ਵਿਭਾਗ ਦੇ ਕਾਮਿਆਂ ਦੇ ਚੱੜੇ ਡਾਟੇ ਐਚ.ਆਰ.ਐਮ.ਐਸ. ਪੋਰਟਲ (ਸਾਇਡ) ਉਪਰ ਪਹਿਲਾਂ ਤਰ੍ਹਾਂ ਮੁੜ ਤੋਂ ਬਹਾਲ ਕੀਤਾ ਜਾਵੇ, ਜਿਸਦੀ ਚਿੱਠੀ ਤੁਰੰਤ ਸਮੂਹ ਨਿਗਰਾਨ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰਾਂ ਨੂੰ ਜਾਰੀ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਾਕਮ ਸਿੰਘ ਧਨੇਠਾ, ਭੁਪਿੰਦਰ ਸਿੰਘ ਕੁਤਬੇਵਾਲ, ਰੁਪਿੰਦਰ ਸਿੰਘ ਫਿਰੋਜਪੁਰ, ਮਨਪ੍ਰੀਤ ਸਿੰਘ ਸੰਗਰੂਰ, ਪ੍ਰਦੂਮਣ ਸਿੰਘ, ਓਮਕਾਰ ਸਿੰਘ, ਸੰਦੀਪ ਖਾਨ, ਸੁਰੇਸ਼ ਕੁਮਾਰ ਮੋਹਾਲੀ, ਗੁਰਵਿੰਦਰ ਬਾਠ, ਸੁਰਿੰਦਰ ਕੁਮਾਰ, ਤਰਜਿੰਦਰ ਸਿੰਘ ਮਾਨ , ਜਗਰੂਪ ਸਿੰਘ,ਸੌਰਵ ਕਿੰਗਰ ਆਦਿ ਹਾਜਰ ਸਨ।
Share the post "ਜਲ ਸਪਲਾਈ ਵਿਭਾਗ ’ਚ ਕੱਚੇ ਕਾਮਿਆਂ ਵਲੋਂ ਕੀਤੇ ਕੰਮ ਦਾ ਰਿਕਾਰਡ ਖਤਮ ਕਰ ਰਹੀ ਹੈ ਮਾਨ ਸਰਕਾਰ – ਵਰਿੰਦਰ ਮੋਮੀ"