ਪੁਲਿਸ ਨੇ ਵੀ ਸ਼ੁਰੂ ਕੀਤੀ ਜਾਂਚ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ : ਜ਼ਿਲ੍ਹੇ ਦੇ ਇੱਕ ਅਧਿਆਪਕ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਦੁਰਵਿਵਹਾਰ ਕਰਨਾ ਮਹਿੰਗਾ ਪਿਆ ਹੈ। ਸਿੱਖਿਆ ਵਿਭਾਗ ਨੇ ਉਕਤ ਅਧਿਆਪਕ ਨੇ ਤੁਰੰਤ ਮੁਅੱਤਲੀ ਕਰਕੇ ਉਸਨੂੰ ਪਠਾਨਕੋਟ ਭੇਜ ਦਿੱਤਾ ਹੈ। ਇਸਤੋਂ ਇਲਾਵਾ ਸਿੱਖਿਆ ਅਧਿਕਾਰੀ ਦੀ ਸਿਕਾਇਤ ’ਤੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਸੂਚਨਾ ਮੁਤਾਬਕ ਲੰਘੀ 15 ਮਾਰਚ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿਵਪਾਲ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਸਕੂਲਾਂ ਦੀ ਰੂਟੀਨ ਚੈਕਿੰਗ ’ਤੇ ਗਏ ਹੋਏ ਸਨ। ਇਸ ਦੌਰਾਨ ਉਹ ਲਹਿਰਾ ਸੌਧਾ ਦੇ ਸਰਕਾਰੀ ਸਕੂਲ ਵਿਚ ਪੁੱਜੇ, ਜਿੱਥੇ ਹਾਜ਼ਰੀ ਰਜਿਸਟਰ ਚੈਕ ਕਰਨ ’ਤੇ ਪਤਾ ਚੱਲਿਆ ਕਿ ਗਣਿਤ ਅਧਿਆਪਕ ਮਨਦੀਪ ਸਿੰਘ ਦਾ ਇੱਕ ਪਿਛਲੇ ਦਿਨਾਂ ‘ਚ ਹਾਜ਼ਰੀ ਖ਼ਾਨਾ ਖਾਲੀ ਪਿਆ ਸੀ। ਸਿੱਖਿਆ ਅਧਿਕਾਰੀ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਜਦ ਉਨ੍ਹਾਂ ਉਕਤ ਅਧਿਆਪਕ ਨੂੰ ਪੁਛਿਆ ਤਾਂ ਕੋਈ ਤਸੱਲੀਬਖ਼ਸ ਜਵਾਬ ਦੇਣ ਦੀ ਬਜਾਏ ਖ਼ਾਲੀ ਪਏ ਖ਼ਾਨੇ ਵਿਚ ਹਾਜ਼ਰੀ ਲਗਾਉਣ ਲੱਗ ਪਿਆ। ਜਦ ਉਸਨੇ ਉਕਤ ਅਧਿਆਪਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੁਰਵਿਵਹਾਰ ਅਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਲੱਗਿਆ। ਇਸ ਮੌਕੇ ਸਕੂਲ ਦਾ ਸਟਾਫ਼ ਵੀ ਹਾਜ਼ਰ ਸੀ। ਜ਼ਿਲ੍ਹਾ ਸਿੱਖਿਆ ਅਧਿਕਾਰੀ ਮੁਤਾਬਕ ਉਨ੍ਹਾਂ ਇਸ ਘਟਨਾ ਦੀ ਜਾਣਕਾਰੀ ਤੁਰੰਤ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਸੀ ਜਿਸਤੋਂ ਬਾਅਦ ਅਧਿਆਪਕ ਮਨਦੀਪ ਸਿੰਘ ਨੂੰ ਮੁਅੱਤਲ ਕਰਕੇ ਉਸਦਾ ਹੈਡਕੁਆਟਰ ਪਠਾਨਕੋਟ ਬਣਾਇਆ ਗਿਆ ਹੈ। ਹਾਲਾਂਕਿ ਪਤਾ ਚੱਲਿਆ ਹੈ ਕਿ ਉਕਤ ਅਧਿਆਪਕ ਨੇ ਹਾਲੇ ਤੱਕ ਨਵੀਂ ਥਾਂ ’ਤੇ ਰੀਪੋਰਟ ਨਹੀਂ ਦਿੱਤੀ ਹੈ। ਸਿੱਖਿਆ ਅਧਿਕਾਰੀ ਦੀ ਰੀਪੋਰਟ ‘ਤੇ ਥਾਣਾ ਨਥਾਣਾ ਦੀ ਪੁਲਿਸ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸਿਵਪਾਲ ਗੋਇਲ ਨੇ ਦਸਿਆ ਕਿ ਉਨ੍ਹਾਂ ਵਲੋਂ ਪਰਚਾ ਦਰਜ਼ ਕਰਵਾਉਣ ਸਬੰਧੀ ਸਿਕਾਇਤ ਦਿੱਤੀ ਹੋਈ ਹੈ ਤੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਦੁਰਵਿਵਹਾਰ ਕਰਨ ਵਾਲਾ ਅਧਿਆਪਕ ਮੁਅੱਤਲ
11 Views