ਕਿਹਾ, ਖੇਤੀ ਸਿੰਚਾਈ ਲਈ ਵਰਤਿਆ ਜਾ ਸਕੇਗਾ ਪਾਣੀ
ਤਰਲ ਤੇ ਠੋਸ ਕੂੜਾ ਪ੍ਰਬੰਧਨ ਦੇ ਨਿਪਟਾਰੇ ਸਬੰਧੀ ਕੀਤੀ ਹਫ਼ਤਾਵਾਰੀ ਬੈਠਕ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਜਨਵਰੀ : ਪਹਿਲੇ ਪੜ੍ਹਾਅ ਅਧੀਨ ਜਨਵਰੀ ਮਹੀਨੇ ਦੌਰਾਨ ਜ਼ਿਲ੍ਹੇ ਦੇ 90 ਪਿੰਡਾਂ ਚ ਛੱਪੜਾਂ ਦੇ ਪਾਣੀ ਨੂੰ ਸ਼ੁੱਧ ਤੇ ਸਾਫ਼ ਕੀਤਾ ਜਾਵੇਗਾ ਤਾਂ ਜੋ ਇਹ ਪਾਣੀ ਖੇਤੀ ਸਿੰਚਾਈ ਲਈ ਵਰਤੋਂ ਚ ਲਿਆਂਦਾ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਪਿੰਡਾਂ ਵਿੱਚ ਤਰਲ ਤੇ ਠੋਸ ਕੂੜੇ ਦੇ ਪ੍ਰਬੰਧਨ ਨਿਪਟਾਰੇ ਬਾਰੇ ਸਬੰਧਤ ਅਧਿਕਾਰੀਆਂ ਨਾਲ ਕੀਤੀ ਹਫ਼ਤਾਵਾਰੀ ਸਮੀਖਿਆ ਬੈਠਕ ਦੌਰਾਨ ਸਾਂਝੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਪੈਂਦੇ 9 ਬਲਾਕਾਂ ਚ ਪ੍ਰਤੀ ਬਲਾਕ 5-5 ਪਿੰਡਾਂ ਵਿਚਲੇ ਛੱਪੜਾਂ ਦੇ ਪਾਣੀ ਨੂੰ ਪੰਚਾਇਤੀ ਰਾਜ ਤੇ ਜ਼ਿਲ੍ਹਾ ਪ੍ਰਸ਼ੀਦ ਵਲੋਂ ਅਤੇ ਪ੍ਰਤੀ ਬਲਾਕ 5-5 ਪਿੰਡਾਂ ਵਿਚਲੇ ਛੱਪੜਾਂ ਦੇ ਪਾਣੀ ਨੂੰ ਪੰਚਾਇਤਾਂ ਵਲੋਂ ਸਾਫ਼ ਤੇ ਸ਼ੁੱਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਛੱਪੜਾਂ ਦੇ ਪਾਣੀ ਨੂੰ ਸਾਫ਼ ਤੇ ਸ਼ੁੱਧ ਥਾਪਰ ਮਾਡਲ ਦੇ ਆਧਾਰ ਤੇ ਕੀਤਾ ਜਾਵੇਗਾ। ਇਸ ਮਾਡਲ ਤਹਿਤ ਛੱਪੜਾਂ ਵਿੱਚ ਵੱਖ-ਵੱਖ ਥਾਵਾਂ ਤੋਂ ਪੈਣ ਵਾਲੇ ਪਾਣੀ ਨੂੰ ਇੱਕ ਰਾਸਤੇ ਇੱਕਤਰ ਕਰਕੇ ਸਕਰੀਨਿੰਗ ਚੈਂਬਰ ਰਾਹੀਂ ਛੱਪੜਾਂ ਵਿੱਚ ਪਾਇਆ ਜਾਵੇਗਾ ਤਾਂ ਜੋ ਪਲਾਸਟਿਕ ਦੇ ਲਿਫ਼ਾਫ਼ੇ ਤੇ ਹੋਰ ਕੂੜਾ-ਕਰਕਟ ਆਦਿ ਨੂੰ ਛੱਪੜਾਂ ਚ ਪੈਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅਗਲੇ ਪੜ੍ਹਾਅ ਤਹਿਤ ਬਾਕੀ ਰਹਿੰਦੇ ਪਿੰਡਾਂ ਦੇ ਛੱਪੜਾਂ ਚ ਵੀ ਜਲਦ ਸਕਰੀਨਿੰਗ ਚੈਂਬਰ ਲਗਾਏ ਜਾਣਗੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਲਾਕ ਭਗਤਾ ਅਧੀਨ ਪੈਂਦੇ 11 ਪਿੰਡਾਂ ਭੋਡੀਪੁਰਾ, ਸਲਾਬਤਪੁਰਾ, ਦਿਆਲਪੁਰਾ ਭਾਈਕਾ, ਕੇਸਰ ਸਿੰਘ ਵਾਲਾ, ਬੁਰਜ਼ ਲੱਧਾ ਸਿੰਘ ਵਾਲਾ, ਗੁਰੂਸਰ, ਹਾਕਮ ਸਿੰਘ ਵਾਲਾ, ਕੋਟ ਕੋਰ ਸਿੰਘ ਵਾਲਾ, ਆਕਲੀਆਂ, ਜਲਾਲ ਤੇ ਪਿੰਡ ਰਾਜਗੜ੍ਹ ਵਿੱਚ ਠੋਸ ਕੂੜੇ ਦੇ ਨਿਪਟਾਰੇ ਲਈ ਬਣਾਏ ਗਏ ਪਿਟਸ ਨੂੰ ਵੀ ਐਨਜੀਓ ਰਾਊਂਡ ਗਲਾਸ ਫਾਊਡੇਸ਼ਨ ਨਾਲ ਤਾਲਮੇਲ ਕਰਕੇ ਜਲਦ ਚਾਲੂ ਕਰਨਾ ਯਕੀਨੀ ਬਣਾਉਣ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਆਰਪੀ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ ਅਤੇ ਸਬੰਧਤ ਬੀਡੀਪੀਓਜ਼ ਆਦਿ ਹਾਜ਼ਰ ਸਨ।
Share the post "ਜ਼ਿਲ੍ਹੇ ਦੇ 90 ਪਿੰਡਾਂ ’ਚ ਥਾਪਰ ਮਾਡਲ ਤਹਿਤ ਛੱਪੜਾਂ ਦੇ ਪਾਣੀ ਨੂੰ ਕੀਤਾ ਜਾਵੇਗਾ ਸਾਫ਼ : ਡਿਪਟੀ ਕਮਿਸ਼ਨਰ"