ਮੁੱਖ ਮੰਤਰੀ ਵੱਲੋਂ ਸੁਨਾਮ ਅਤੇ ਲੌਂਗੋਵਾਲ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਦਾ ਐਲਾਨ
ਸੁਨਾਮ ਵਿਧਾਨ ਸਭਾ ਹਲਕੇ ਦੀਆਂ ਸੜਕਾਂ ਦੇ ਨਵੀਨੀਕਰਨ ਅਤੇ ਮੁਰੰਮਤ ਲਈ 7 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ
ਸੁਨਾਮ ਦੀਆਂ ਪੰਚਾਇਤਾਂ ਨੂੰ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਵੰਡੇ ਗ੍ਰਾਂਟਾਂ ਦੇ ਚੈੱਕ
ਸੁਖਜਿੰਦਰ ਮਾਨ
ਸੁਨਾਮ ਊਧਮ ਸਿੰਘ ਵਾਲਾ, 28 ਦਸੰਬਰ :ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਜੇ ਜਲ੍ਹਿਆਂਵਾਲਾ ਕਤਲੇਆਮ ਲਈ ਜਨਰਲ ਡਾਇਰ ਜ਼ਿੰਮੇਵਾਰ ਸੀ ਤਾਂ ਬਰਗਾੜੀ ਮਾਮਲੇ ‘ਚ ਬੇਕਸੂਰ ਅਤੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਉਣ ਲਈ ਬਾਦਲ ਕਿਉਂ ਨਹੀਂ ਹਨ।
ਇੱਥੇ ਸੁਨਾਮ ਦੀ ਅਨਾਜ ਮੰਡੀ ਵਿਖੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਾਡੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਹੱਥਿਆਕਾਂਡ ਦਾ ਬਦਲਾ ਲੈਣ ਲਈ ਸਾਲਾਂ ਬੱਧੀ ਉਡੀਕ ਕੀਤੀ ਸੀ, ਜਿੱਥੇ ਜਨਰਲ ਡਾਇਰ ਦੇ ਹੁਕਮਾਂ `ਤੇ ਅੰਗਰੇਜ਼ਾਂ ਵੱਲੋਂ ਸੈਂਕੜੇ ਬੇਗੁਨਾਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬਰਗਾੜੀ ਮਾਮਲੇ ‘ਚ ਸ਼ਾਂਤਮਈ ਢੰਗ ਨਾਲ ਸ਼ਬਦ ਗਾਇਨ ਕਰ ਰਹੇ ਨਿਹੱਥੇ ਸਿੱਖ ਗੋਲੀਬਾਰੀ ਵਿੱਚ ਮਾਰੇ ਗਏ ਸਨ ਅਤੇ ਇਸ ਘਟਨਾ ਲਈ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਹੀ ਜ਼ਿੰਮੇਵਾਰ ਹਨ।ਸ਼ਹੀਦ ਊਧਮ ਸਿੰਘ ਦੇ ਅਜ਼ਾਦੀ ਸੰਘਰਸ਼ ਵਿੱਚ ਪਾਏ ਯੋਗਦਾਨ ਨੂੰ ਸਿਜਦਾ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਨੂੰ ਜਨਮ ਦੇਣ ਵਾਲੀ ਇਸ ਧਰਤੀ ਲਈ ਉਨ੍ਹਾਂ ਦਾ ਸਿਰ ਸ਼ਰਧਾ ਨਾਲ ਝੁਕਦਾ ਹੈ ਅਤੇ ੳਨ੍ਹਾਂ ਨੂੰ ਇਸ ਗੱਲ `ਤੇ ਮਾਣ ਹੈ ਕਿ ਉਨ੍ਹਾਂ ਦੇ ਸਰਕਾਰ ਦੇ ਕਾਰਜਕਾਲ ਦੌਰਾਨ ਸੁਨਾਮ ਊਧਮ ਸਿੰਘ ਵਾਲਾ ਵਿਖੇ ਯਾਦਗਾਰ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਉਸ ਸਮੇਂ ਉਹ ਸੈਰ-ਸਪਾਟਾ ਮੰਤਰੀ ਸਨ ਅਤੇ ਦਮਨ ਥਿੰਦ ਬਾਜਵਾ ਨੇ ਉਨ੍ਹਾਂ ਕੋਲ ਪਹੁੰਚ ਕਰਕੇ ਯਾਦਗਾਰ ਦੀ ਮਨਜ਼ੂਰੀ ਲਈ ਬੇਨਤੀ ਕੀਤੀ ਸੀ ਜਿਸ ਉਪਰੰਤ ਇਹ ਯਾਦਗਾਰ ਉਸਾਰੀ ਗਈ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਲਦ ਹੀ ਸੰਗਰੂਰ ਸ਼ਹਿਰ ਦੇ ਨੇੜੇ ਪਿੰਡ ਬਡਰੁੱਖਾਂ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦਾ ਉਦਘਾਟਨ ਕਰੇਗੀ ਅਤੇ ਇਸ ਸਬੰਧੀ ਤਿਆਰੀਆਂ ਪਹਿਲਾਂ ਹੀ ਜ਼ੋਰਾਂ `ਤੇ ਹਨ।ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਗਰਮੀ ਨਾਲ ਜੁਟੀ ਹੋਈ ਹੈ ਜੋ ਕਿ ਹਾਲ ਹੀ ਦੇ ਫੈਸਲਿਆਂ ਤੋਂ ਸਪੱਸ਼ਟ ਦਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਬਾਦਲਾਂ ਨੇ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਅਤੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਨਵੇਂ ਬਣੇ ਕੈਬਨਿਟ ਮੰਤਰੀ ਰਾਜਾ ਵੜਿੰਗ ਨੂੰ ਬਾਦਲਾਂ ਦੇ ਗੈਰਕਾਨੂੰਨੀ ਟਰਾਂਸਪੋਰਟ ਕਾਰੋਬਾਰ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ।ਮੁੱਖ ਮੰਤਰੀ ਚੰਨੀ ਨੇ ਆਪਣੇ ਕੈਬਨਿਟ ਸਾਥੀ ਦੀ ਸ਼ਲਾਘਾ ਕਰਦਿਆਂ ਕਿਹਾ, “ਮੈਂ ਰਾਜਾ ਵੜਿੰਗ ਨੂੰ ਕਿਹਾ ਕਿ ਮੈਂ ਬਾਦਲਾਂ ਦੀਆਂ ਗੈਰ-ਕਾਨੂੰਨੀ ਬੱਸਾਂ ਨੂੰ ਥਾਣਿਆਂ ਵਿੱਚ ਵੇਖਣਾ ਚਾਹੁੰਦਾ ਹਾਂ। ਉਹਨਾਂ ਨੇ ਇਸੇ ਅਨੁਸਾਰ ਕਾਰਵਾਈ ਕੀਤੀ ਅਤੇ ਪੂਰੀ ਤਨਦੇਹੀ ਨਾਲ ਗੈਰ-ਕਾਨੂੰਨਨੀ ਬੱਸਾਂ ਦਾ ਪਤਾ ਲਗਾਇਆ ਅਤੇ ਡਿਫਾਲਟਰਾਂ ਵਿਰੁੱਧ ਸਖ਼ਤੀ ਨਾਲ ਕਾਰਵਾਈ ਕੀਤੀ।”ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨਾ ਵਿੰਨ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਉਹਨਾਂ ਦੀਆਂ ਕਾਰਵਾਈਆਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਲੋਕਾਂ ਦਾ ਭਰੋਸਾ ਜਿੱਤਣ ‘ਚ ਬੁਰੀ ਤਰ੍ਹਾਂ ਅਸਫਲ ਰਹੇ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਬੇਰਹਿਮੀ ਨਾਲ ਲੁੱਟਿਆ ਹੈ।’ਆਪ’ ਆਗੂ ਕੇਜਰੀਵਾਲ ਨੂੰ ਬਾਹਰੀ ਵਿਅਕਤੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸ਼ਾਮਲਾਟ ਨਹੀਂ ਹੈ ਅਤੇ ਪੰਜਾਬ ਵਾਸੀ ਕਦੇ ਵੀ ਕਿਸੇ ਬਾਹਰੀ ਵਿਅਕਤੀ ਨੂੰ ਪੰਜਾਬ ਦੀ ਸੱਤਾ ‘ਤੇ ਕਾਬਜ਼ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਨਸ਼ਿਆਂ ਦੇ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗੀ ਸੀ ਪਰ ਉਨ੍ਹਾਂ ਦੀ ਸਰਕਾਰ ਨੇ ਮਜੀਠੀਆ ਖ਼ਿਲਾਫ਼ ਐਫਆਈਆਰ ਦਰਜ ਕਰਕੇ ਅਕਾਲੀ ਆਗੂ ਦੀ ਨੀਂਦ ਉੱਡ ਦਿੱਤੀ ਹੈ।ਮੁੱਖ ਮੰਤਰੀ ਚੰਨੀ ਨੇ ਸੁਨਾਮ ਅਤੇ ਲੌਂਗੋਵਾਲ ਵਿਖੇ ਸਰਕਾਰੀ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੁਨਾਮ ਹਲਕੇ ਦੀਆਂ ਸੜਕਾਂ ਦੇ ਨਵੀਨੀਕਰਨ ਲਈ 7 ਕਰੋੜ ਰੁਪਏ ਵੀ ਮਨਜ਼ੂਰ ਕੀਤੇ ਹਨ। ਉਨ੍ਹਾਂ ਸੁਨਾਮ ਦੀਆਂ ਪੰਚਾਇਤਾਂ ਨੂੰ ‘ਪੰਜਾਬ ਨਿਰਮਾਣ ਪ੍ਰੋਗਰਾਮ’ ਤਹਿਤ ਵਿਕਾਸ ਗ੍ਰਾਂਟਾਂ ਦੇ ਚੈੱਕ ਵੀ ਸੌਂਪੇ। ਉਨ੍ਹਾਂ ਜ਼ਿਲ੍ਹੇ ਦੇ ਕਸਬਾ ਲਹਿਰਾ ਦੀ ਰਹਿਣ ਵਾਲੀ ਇੱਕ ਲੋੜਵੰਦ ਔਰਤ ਕਿਰਨਾ ਰਾਣੀ ਨੂੰ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਵੀ ਦਿੱਤਾ।ਇਸ ਦੌਰਾਨ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਵੀ ਪੰਜਾਬ ਵਾਸੀਆਂ ਨੂੰ ਲੋੜੀਂਦੀ ਰਾਹਤ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਸਿੰਗਲਾ ਨੇ ਮੁੱਖ ਮੰਤਰੀ ਅਤੇ ਲੋਕਾਂ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਕੀਤੇ ਵਿਕਾਸ ਕਾਰਜਾਂ ਬਾਰੇ ਵੀ ਜਾਣੂ ਕਰਵਾਇਆ ਜੋ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ‘ਤੇ ਕੇਂਦਰਿਤ ਹਨ।ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਬਣਾਉਣ ਲਈ ਮੁੱਖ ਮੰਤਰੀ ਚੰਨੀ ਦਾ ਧੰਨਵਾਦ ਕੀਤਾ।ਕਾਂਗਰਸ ਆਗੂ ਦਮਨ ਥਿੰਦ ਬਾਜਵਾ ਨੇ ਮੁੱਖ ਮੰਤਰੀ ਚੰਨੀ ਦਾ ਉਨ੍ਹਾਂ ਦੇ ਲੋਕ ਪੱਖੀ ਫੈਸਲਿਆਂ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਕਿਸੇ ਪਾਰਟੀ ਵਿਸ਼ੇਸ਼ ਦੇ ਮੁੱਖ ਮੰਤਰੀ ਨਹੀਂ ਹਨ, ਸਗੋਂ ਉਨ੍ਹਾਂ ਨੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਕਈ ਲੋਕ ਪੱਖੀ ਫੈਸਲੇ ਲਏ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਆਈਜੀ ਪਟਿਆਲਾ ਰੇਂਜ ਐਮ.ਐਸ. ਛੀਨਾ, ਡੀਸੀ ਸੰਗਰੂਰ ਰਾਮਵੀਰ, ਐਸਐਸਪੀ ਸਵਪਨ ਸ਼ਰਮਾ, ਏਡੀਸੀ ਅਨਮੋਲ ਸਿੰਘ ਧਾਲੀਵਾਲ, ਐਸਡੀਐਮ ਸੁਨਾਮ ਜਸਪ੍ਰੀਤ ਸਿੰਘ, ਹਰਮਨਦੇਵ ਸਿੰਘ ਬਾਜਵਾ, ਚੇਅਰਪਰਸਨ ਪੰਜਾਬ ਐਗਰੋ ਗੀਤਾ ਸ਼ਰਮਾ, ਉਦਯੋਗਪਤੀ ਘਣਸ਼ਿਆਮ ਕਾਂਸਲ, ਐਮਸੀ ਸੁਨਾਮ ਊਧਮ ਸਿੰਘ ਵਾਲਾ ਦੇ ਪ੍ਰਧਾਨ ਨਿਸ਼ਾਨ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਸੁਨਾਮ ਮੁਨੀਸ਼ ਸੋਨੀ, ਪ੍ਰਧਾਨ ਨਗਰ ਪੰਚਾਇਤ ਚੀਮਾ ਅਵਤਾਰ ਸਿੰਘ ਤਾਰੀ ਅਤੇ ਕੁਲਵੰਤ ਰਾਏ ਸਿੰਗਲਾ ਮੌਜੂਦ ਸਨ।
Share the post "ਜੇ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਲਈ ਜਨਰਲ ਡਾਇਰ ਜ਼ਿੰਮੇਵਾਰ ਸੀ ਤਾਂ ਬਰਗਾੜੀ ਮਾਮਲੇ ‘ਚ ਗੋਲੀ ਕਾਂਡ ਲਈ ਬਾਦਲ ਕਿਉਂ ਨਹੀਂ : ਚੰਨੀ"