ਲੈਕਚਰਾਰਾਂ ਦੀਆਂ 13252 ਵਿੱਚੋਂ ਜੌਗਰਫ਼ੀ ਦੀਆਂ ਕੇਵਲ 357 ਆਸਾਮੀਆਂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਦਸੰਬਰ: ਪੰਜਾਬ ਦੇ ਲਗਭਗ 2000 ਸੀਨੀਅਰ ਸੈਕ: ਸਕੰ: ਸਕੂਲਾਂ ਵਿੱਚ ਭੂਗੋਲ (ਜੌਗਰਫ਼ੀ) ਲੈਕਚਰਾਰਾਂ ਦੀਆਂ ਆਸਾਮੀਆਂ ਦੀ ਘਾਟ ਨੂੰ ਪੂਰਾ ਕਰਵਾਉਣ, ਪੰਜਾਬ ਸਰਕਾਰ ਦੇ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਜੌਗਰਫ਼ੀ ਲੈਕਚਰਾਰਾਂ ਦੀਆਂ ਮੰਨਜ਼ੂਰਸ਼ੁਦਾ 357 ਆਸਾਮੀਆਂ ਨੂੰ ਈ-ਪੰਜਾਬ ਪੋਰਟਲ ’ਤੇ ਦਰਸਾਉਣ, ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਲਾਗੂ ਕਰਵਾਉਣ, ਪਦ-ਉੱਨਤੀਆਂ ਅਤੇ ਸਿੱਧੀ ਭਰਤੀ ਰਾਹੀਂ ਆਸਾਮੀਆਂ ਭਰਨ ਅਤੇ ਅਪਗਰੇਡ ਕੀਤੇ ਜਾ ਰਹੇ ਐਮੀਨੈਂਸ ਸਕੂਲਾਂ ਵਿੱਚ ਭੂਗੋਲ (ਜੌਗਰਫ਼ੀ) ਵਿਸ਼ਾ ਚਾਲੂ ਕਰਨ ਦੇ ਮੁੱਦੇ ਨੂੰ ਲੈ ਕੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ, ਸਕੱਤਰ ਲੈਕਚਰਾਰ ਸ਼ਮਸ਼ੇਰ ਸਿੰਘ ਸ਼ੈਰੀ ਫਰੀਦਕੋਟ ਅਤੇ ਖਜ਼ਾਨਚੀ ਲੈਕਚਰਾਰ ਚਮਕੌਰ ਸਿੰਘ ਮੋਗਾ ਆਦਿ ਵੀ ਅਗਵਾਈ ਵਿੱਚ ਵਫ਼ਦ ਨੇ ਤੇਜਦੀਪ ਸਿੰਘ ਸੈਣੀ ਡਾਇਰੈਕਟਰ ਸਿੱਖਿਆ ਵਿਭਾਗ (ਸੈ. ਸਿੱ:) ਪੰਜਾਬ ਨਾਲ ਮੀਟਿੰਗ ਕੀਤੀ ਅਤੇ ਲਿਖਤੀ ਮੰਗ ਪੱਤਰ ਦਿੱਤਾ। ਜੱਥੇਬੰਦੀ ਨੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਸਰਕਾਰ ਵਰਿੰਦਰ ਕੁਮਾਰ ਸ਼ਰਮਾ ਦੇ ਦਫ਼ਤਰ ਵਿੱਚ ਨਿੱਜੀ ਸਕੱਤਰ ਨੂੰ ਵੀ ਜੱਥੇਬੰਦੀ ਦੀਆਂ ਮੰਗਾਂ ਸੰਬੰਧੀ ਯਾਦ ਪੱਤਰ ਦਿੱਤਾ। ਮੁਲਾਕਾਤ ਦੌਰਾਨ ਵਫ਼ਦ ਨੇ ਡੀ.ਪੀ.ਆਈ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਦੀ ਤੁਲਨਾ ਵਿੱਚ ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਰਾਜ ਦੇ ਲੱਗਭਗ ਹਰ ਇੱਕ ਸੀਨੀ: ਸੈਕੰ: ਸਕੂਲ ਵਿੱਚ ਜੌਗਰਫ਼ੀ ਵਿਸ਼ਾ ਪੜ੍ਹਾਇਆ ਜਾਂਦਾ ਹੈ। ਜਦੋਂਕਿ ਪੰਜਾਬ ਦੇ ਲਗਭਗ 1800 ਸੀਨੀ: ਸੈਕੰ: ਸਕੂਲਾਂ ਦੇ ਵਿਦਿਆਰਥੀ ਇਸ ਵਿਸ਼ੇ ਦੇ ਗਿਆਨ ਤੋਂ ਵਾਂਝੇ ਹਨ। ਪਿਛਲੇ ਸਮੇਂ ਦੌਰਾਨ ਹਰਿਆਣਾ ਨੇ 710 ਅਤੇ ਰਾਜਸਥਾਨ ਸਰਕਾਰ ਨੇ 793 ਜੌਗਰਫੀ ਵਿਸ਼ੇ ਦੇ ਲੈਕਚਰਾਰਾਂ ਦੀ ਨਿਯੁਕਤੀ ਕੀਤੀ ਹੈ। ਜੱਥੇਬੰਦੀ ਨੇ ਮੰਗ ਪੱਤਰ ਵਿੱਚ ਇਹ ਵੀ ਅੰਕੜੇ ਪੇਸ਼ ਕੀਤੇ ਕਿ ਜੌਗਰਫ਼ੀ ਵਿਸ਼ੇ ਦੀਆਂ 357 ਮੰਨਜ਼ੂਰਸ਼ੁਦਾ ਲੈਕਚਰਾਰਾਂ ਦੀਆਂ ਆਸਾਮੀਆਂ ਦੇ ਮੁਕਾਬਲੇ ਹਿਸਟਰੀ ਦੀਆਂ 1448, ਰਾਜਨੀਤੀ ਸ਼ਾਸ਼ਤਰ ਦੀਆਂ 1425 ਅਤੇ ਅਰਥ ਸ਼ਾਸ਼ਤਰ ਵਿਸ਼ੇ ਦੇ ਲੈਕਚਰਾਰਾਂ ਦੀਆਂ 1193 ਆਸਾਮੀਆਂ ਮੰਨਜ਼ੂਰ ਹਨ। ਜੱਥੇਬੰਦੀ ਨੇ ਮੰਗ ਕੀਤੀ ਕਿ ਖਾਲੀ ਪਈਆਂ 130 ਆਸਾਮੀਆਂ ਨੂੰ ਪਦ-ਉੱਨਤੀ ਤੇ ਸਿੱਧੀ ਭਰਤੀ ਰਾਹੀਂ ਭਰਿਆ ਜਾਵੇ ਅਤੇ ਅਪਗ੍ਰੇਡ ਕੀਤੇ ਜਾ ਰਹੇ 100/450 ਐਮੀਨੈਂਸ ਸਕੂਲਾਂ ਵਿੱਚ ਜੌਗਰਫ਼ੀ ਵਿਸ਼ਾ ਪਹਿਲ ਦੇ ਆਧਾਰ ’ਤੇ ਚਾਲੂ ਕੀਤਾ ਜਾਵੇ। ਇਸ ਮੌਕੇ ਸੁੱਖੀ ਤੋਂ ਇਲਾਵਾ ਚਮਕੌਰ ਸਿੰਘ ਮੋਗਾ, ਸ਼ਮਸ਼ੇਰ ਸਿੰਘ ਸ਼ੈਰੀ ਫਰੀਦਕੋਟ, ਬਲਜੀਤ ਸਿੰਘ ਫਤਿਹਗੜ੍ਹ ਸਾਹਿਬ, ਸੁਖਵਿੰਦਰ ਸਿੰਘ ਲੁਧਿਆਣਾ, ਯੋਗਿੰਦਰ ਕੁਮਾਰ ਫਾਜ਼ਿਲਕਾ, ਤੇਜਪ੍ਰਤਾਪ ਸਿੰਘ ਤਰਨਤਾਰਨ, ਸ਼?ਰੀਮਤੀ ਰਾਖੀ ਅਗਰਵਾਲ ਬਠਿੰਡਾ, ਕਮਲਜੀਤ ਕੌਰ ਫਿਰੋਜ਼ਪੁਰ, ਨਵਦੀਪ ਕੌਰ ਅੰਮ੍ਰਿਤਸਰ, ਗੁਰਸਿਮਰਨ ਕੌਰ ਮਾਨਸਾ, ਡੌਲੀ ਕੁਮਾਰੀ ਗੁਰਦਾਸਪੁਰ, ਮਿੰਨੀ ਸ਼ਰਮਾ ਜਲੰਧਰ, ਤਲਵਿੰਦਰ ਸਿੰਘ ਪਟਿਆਲਾ, ਅਜੀਤਪਾਲ ਸਿੰਘ ਰੂਪਨਗਰ, ਗੁਰਪ੍ਰੀਤ ਕੌਰ ਸੰਗਰੂਰ, ਨੀਰਜ ਕੌਸ਼ਲ ਮੁਹਾਲੀ ਅਤੇ ਬਲਜੀਤ ਸਿੰਘ ਮੁਕਤਸਰ ਹਾਜਰ ਸਨ।
ਜੌਗਰਫ਼ੀ ਟੀਚਰਜ਼ ਯੂਨੀਅਨ ਪੰਜਾਬ ਦੀ ਡੀ.ਪੀ.ਆਈ ਸੈਣੀ ਨਾਲ ਮੁਲਾਕਾਤ
12 Views