ਕਾਂਗਰਸ ਦੇ ਨਾਲ ਅਕਾਲੀ ਉਮੀਦਵਾਰ ਲਈ ਖ਼ੜੀਆਂ ਕਰ ਸਕਦੇ ਹਨ ਮੁਸ਼ਕਿਲਾਂ
ਸੁਖਜਿੰਦਰ ਮਾਨ
ਬਠਿੰਡਾ, 31 ਜਨਵਰੀ: ਆਗਾਮੀ 20 ਫ਼ਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਨਾ ਮਿਲਣ ਕਾਰਨ ਅਜਾਦ ਉਮੀਦਵਾਰ ਵਜੋਂ ਹਲਕਾ ਤਲਵੰਡੀ ਸਾਬੋ ਤੋਂ ਚੋਣ ਮੈਦਾਨ ਵਿਚ ਨਿੱਤਰੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਕਈ ਉਮੀਦਵਾਰਾਂ ਦੇ ਸਿਆਸੀ ਗਣਿਤ ਵਿਗਾੜ ਦਿੱਤੇ ਹਨ। ਹਾਲਾਂਕਿ ਵਿਰੋਧੀ ਜੱਸੀ ਦੇ ਮੈਦਾਨ ’ਚ ਆਉਣ ਨਾਲ ਇਕੱਲੀ ਕਾਂਗਰਸ ਦੇ ਸਿਆਸੀ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਦੇ ਚੱਲਦਿਆਂ ਖ਼ੁਸੀ ’ਚ ਕੱਛਾਂ ਵਜਾਉਂਦੇ ਨਹੀਂ ਥੱਕ ਰਹੇ ਪ੍ਰੰਤੂ ਸਿਆਸੀ ਮਾਹਰਾਂ ਦਾ ਦਾਅਵਾ ਹੈ ਕਿ ਉਹ ਕਾਂਗਰਸ ਦੇ ਨਾਲ-ਨਾਲ ਅਕਾਲੀ ਉਮੀਦਵਾਰ ਲਈ ਵੀ ਮੁਸ਼ਕਿਲਾਂ ਖ਼ੜੀਆਂ ਕਰ ਸਕਦੇ ਹਨ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਡੇਰਾ ਸਿਰਸਾ ਦੀ ਵੋਟ ਵੀ ਜੱਸੀ ਦੇ ਹੱਕ ’ਚ ਇਕਜੁਟ ਹੁੰਦੀ ਦਿਖ਼ਾਈ ਦੇ ਰਹੀ ਹੈ ਜਦੋਂਕਿ ਨਰਾਜ਼ ਕਾਂਗਰਸੀ ਤੇ ਅਕਾਲੀ ਵੀ ਉਨਾਂ ਦੀ ਗੱਡੀ ਵਿਚ ਚੜ ਸਕਦੇ ਹਨ। ਇਸਤੋਂ ਇਲਾਵਾ ਆਪ ਵਿਧਾਇਕਾਂ ਨਾਲ ਨਰਾਜ਼ ਦਿਖ਼ਾਈ ਦੇ ਰਹੇ ਵਲੰਟੀਅਰ ਵੀ ਉਨਾਂ ਦਾ ਰੁੱਖ ਕਰ ਸਕਦੇ ਹਨ। ਗੌਰਤਲਬ ਹੈ ਕਿ ਜੱਸੀ ਦਾ ਇਸ ਹਲਕੇ ਨਾਲ ਲੰਮਾ ਵਾਹ ਵਾਸਤਾ ਹੈ ਤੇ ਉਹ 1992 ਤੋਂ ਇੱਥੋਂ ਚੋਣ ਲੜਦੇ ਆ ਰਹੇ ਹਨ। ਪਿਛਲੇ ਕੁੱਝ ਸਾਲਾਂ ’ਚ ਜਿਆਦਾਤਰ ਕਾਂਗਰਸੀ ਅਕਾਲੀ ਹੋ ਗਏ ਹਨ ਤੇ ਕਈ ਅਕਾਲੀ ਕਾਂਗਰਸ ਵੱਲ ਚਲੇ ਗਏ ਹਨ। ਅਜਿਹੀ ਹਾਲਾਤ ’ਚ ਬਿਨਾਂ ਸ਼ੱਕ ਸਾਬਕਾ ਮੰਤਰੀ ਅਕਾਲੀ ਉਮੀਦਾਵਰ ਜੀਤ ਮਹਿੰਦਰ ਸਿੰਘ ਸਿੱਧੂ ਦੀਆਂ ਵੋਟਾਂ ਨੂੰ ਵੀ ਸੰਨ ਲਗਾਉਣਗੇ। ਜੱਸੀ ਦੇ ਇੱਕ ਨਜਦੀਕੀ ਨੇ ਦਾਅਵਾ ਕੀਤਾ ਕਿ ਕੁੱਝ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਪਿਛਲੇ ਦਿਨਾਂ ‘ਚ ਗੁਪਤ ਮੀਟਿੰਗਾਂ ਵੀ ਹੋਈਆਂ ਹਨ, ਜਿਸਦਾ ਨਤੀਜ਼ਾ ਆਉਣ ਵਾਲੇ ਦਿਨਾਂ ‘ਚ ਦਿਖ਼ਾਈ ਦੇਵੇਗਾ। ਇੱਥੇ ਦਸਣਾ ਬਣਦਾ ਹੈ ਕਿ ਕਾਂਗਰਸ ਪਾਰਟੀ ਵਲੋਂ ਇਸ ਵਾਰ ਜੱਸੀ ਨੂੰ ਅਣਗੋਲਿਆ ਕਰ ਦਿੱਤਾ ਗਿਆ ਹੈ। ਉਨਾਂ ਦੇ ਮੁਕਾਬਲੇ ਪਾਰਟੀ ਵੱਲੋਂ ਖੁਸ਼ਬਾਜ ਸਿੰਘ ਜਟਾਣਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜੱਸੀ ਡੇਰਾ ਸਿਰਸਾ ਮੁਖੀ ਦੇ ਕੁੜਮ ਹਨ ਤੇ 2007 ਤੋਂ ਬਾਅਦ ਖੁੱਲ ਕੇ ਡੇਰਾ ਪ੍ਰੇਮੀ ਉਨਾਂ ਦੇ ਹੱਕ ’ਚ ਪਿੰਡ ਪਿੰਡ ਵਿਚ ਜਾ ਰਹੇ ਹਨ। ਜਿਕਰ ਕਰਨਾ ਬਣਦਾ ਹੈ ਕਿ ਸਾਲ 2002 ਵਿਚ ਅਜਾਦ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਥੋਂ 237 ਵੋਟਾਂ ਦੇ ਅੰਤਰ ਨਾਲ ਹਾਰਨ ਤੋਂ ਬਾਅਦ ਉਨਾਂ ਨੂੰ ਤਲਵੰਡੀ ਸਾਬੋ ਹਲਕਾ ਛੱਡਣਾ ਪਿਆ ਸੀ ਕਿਉਂਕਿ ਕਾਂਗਰਸ ਪਾਰਟੀ ਨੇ 2007 ਵਿਚ ਇੱਥੋਂ ਟਿਕਟ ਜੀਤ ਮਹਿੰਦਰ ਸਿੰਘ ਨੂੰ ਦੇ ਦਿੱਤੀ ਸੀ। ਜਿਸ ਕਾਰਨ ਜੱਸੀ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਲੜ ਕੇ ਜਿੱਤੇ ਸਨ ਪ੍ਰੰਤੂ 2012 ਵਿਚ ਬਠਿੰਡਾ ਤੋਂ ਹਾਰ ਗਏ ਸਨ। ਜਿਸਦੇ ਚੱਲਦੇ 2017 ਵਿਚ ਪਾਰਟੀ ਨੇ ਉਨਾਂ ਨੂੰ ਮੋੜ ਤੋਂ ਟਿਕਟ ਦਿੱਤੀ ਸੀ ਪ੍ਰੰਤੂ ਚੋਣਾਂ ਤੋਂ ਚਾਰ ਦਿਨ ਪਹਿਲਾਂ ਬੰਬ ਬਲਾਸਟ ਹੋਣ ਕਾਰਨ ਉਨਾਂ ਅਪਣੀ ਚੋਣ ਮੁਹਿੰਮ ਅੱਧ ਵਾਟੇ ਛੱਡ ਦਿੱਤੀ ਸੀ। ਹੁਣ ਉਹ ਮੁੜ ਤਲਵੰਡੀ ਸਾਬੋ ਹਲਕੇ ਤੋਂ ਟਿਕਟ ਮੰਗ ਰਹੇ ਸਨ। ਪ੍ਰੰਤੂ ਟਿਕਟ ਨਾ ਮਿਲਣ ਕਾਰਨ ਅੱਜ ਉਨਾਂ ਅਜਾਦ ਉਮੀਦਵਾਰ ਦੇ ਤੌਰ ’ਤੇ ਕਾਗਜ਼ ਦਾਖ਼ਲ ਕਰ ਦਿੱਤੇ ਹਨ।
Share the post "ਜੱਸੀ ਦੇ ਚੋਣ ਮੈਦਾਨ ’ਚ ਨਿੱਤਰਨ ਤੋਂ ਬਾਅਦ ਤਲਵੰਡੀ ਸਾਬੋ ਹਲਕੇ ’ਚ ਸਿਆਸੀ ਸਮੀਕਰਨ ਬਦਲੇ"