ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ: ਸਰਕਾਰੀ ਕੈਟਲ ਪੌਂਡ ਵਿਖੇ ਝੋਨੇ ਦੀ ਪਰਾਲੀ ਨੂੰ ਯੂਰੀਆ ਨਾਲ ਸੋਧਣ ਦੀ ਪ੍ਰਕਿਰਿਆ ਤਹਿਤ ਪਸ਼ੂ ਪਾਲਣ ਵਿਭਾਗ ਰਾਹੀਂ ਨੇਪਰੇ ਚਾੜ੍ਹਿਆ ਜਾਵੇ ਤਾਂ ਜੋ ਪਰਾਲੀ ਨੂੰ ਅੱਗ ਨਾਲ ਸਾੜਨ ਤੋਂ ਬਚਾਇਆ ਅਤੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਰੋਕਣ ਦੇ ਨਾਲ-ਨਾਲ ਪਸ਼ੂ ਧਨ ਨੂੰ ਵੀ ਖੁਰਾਕ ਮੁਹੱਈਆ ਕਰਵਾਈ ਜਾ ਸਕੇ। ਇਹ ਆਦੇਸ਼ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਬਣਾਈ ਗਈ ਵੱਖ-ਵੱਖ ਵਿਭਾਗਾਂ ਦੀ ਸਾਂਝੀ ਤਕਨੀਕੀ ਕਮੇਟੀ ਦੇ ਮੈਂਬਰਾਂ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਲਈ ਪੰਜਾਬ ਸਰਕਾਰ ਇਸ ਕਾਰਜ ਲਈ ਯਤਨਸ਼ੀਲ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਪਿੰਡ ਹਰਰਾਏਪੁਰ ਵਿਖੇ ਸਰਕਾਰੀ ਕੈਟਲ ਪੌਂਡ ਸਥਾਪਿਤ ਕੀਤਾ ਹੋਇਆ ਹੈ, ਜਿਸ ਵਿੱਚ ਲਗਭਗ 1000 ਪਸ਼ੂਧਨ ਮੌਜੂਦ ਹੈ। ਬੇਸ਼ੱਕ ਸਰਕਾਰੀ ਕੈਟਲ ਪੌਂਡ ਸਥਾਪਿਤ ਕਰਨ ਦਾ ਮੰਤਵ ਅਵਾਰਾ ਪਸ਼ੂ ਧਨ ਰਾਹੀਂ ਹੋਣ ਵਾਲੀਆਂ ਸੜਕ ਦੁਰਘਟਨਾਵਾਂ ਨੂੰ ਘੱਟ ਕਰਨ ਦੇ ਨਾਲ-ਨਾਲ ਕਿਸਾਨਾਂ ਦੀ ਫ਼ਸਲ ਦੇ ਹੋਣ ਵਾਲੇ ਨੁਕਸਾਨ ਨੂੰ ਠੱਲ੍ਹ ਪਾਉਣਾ ਹੈ, ਪ੍ਰੰਤੂ ਝੋਨੇ ਦੀ ਪਰਾਲੀ ਦੀ ਵਰਤੋਂ ਪਸ਼ੂਆਂ ਨੂੰ ਖਾਦ ਖੁਰਾਕ ਦੇ ਰੂਪ ਵਿੱਚ ਦੇ ਕੇ ਸਰਦੀਆਂ ਵਿੱਚ ਸੁੱਕ ਵਜੋਂ ਵਰਤ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਵੀ ਸਰਕਾਰੀ ਕੈਟਲ ਪੌਂਡ ਸਹਾਈ ਸਿੱਧ ਹੋ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਦੀ ਮੱਦਦ ਨਾਲ ਸਰਕਾਰੀ ਕੈਟਲ ਪੌਂਡ ਵਿਖੇ ਰੱਖੇ ਗਏ ਪਸ਼ੂਧਨ ਨੂੰ ਕਣਕ ਦੀ ਤੂੜੀ ਦੀ ਥਾਂ ਝੋਨੇ ਦੀ ਪਰਾਲੀ ਨੂੰ ਖੁਆਉਣ ਦਾ ਉਪਰਾਲਾ ਕਰਨ ਦੀ ਪਹਿਲ ਕੀਤੀ ਹੈ ਤਾਂ ਜੋ ਗਊਸ਼ਾਲਾਵਾਂ ਦੇ ਪਸ਼ੂ ਧਨ ਦੀ ਖੁਰਾਕ ਦੇ ਪ੍ਰਬੰਧ ਕਰਨ ਦੇ ਨਾਲ-ਨਾਲ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਿਆ ਅਤੇ ਵਾਤਾਵਰਨ ਨੂੰ ਪੁਲੀਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਪਸ਼ੂ ਧਨ ਦੇ ਖੋਜ਼ ਕਾਰਜਾਂ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇਸਜ਼ ਯੂਨੀਵਰਸਿਟੀ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਰਕਾਰੀ ਕੈਟਲ ਪੌਂਡ ਵਿਖੇ ਝੋਨੇ ਦੀ ਪਰਾਲੀ ਨੂੰ ਗੱਠਾਂ ਦੇ ਰੂਪ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਮੱਦਦ ਨਾਲ ਸਟੋਰ ਕੀਤਾ ਜਾਵੇ। ਉਨ੍ਹਾਂ ਕਿਹਾ ਪਰਾਲੀ ਸੋਧਣ ਲਈ ਲੋਕ ਨਿਰਮਾਣ ਵਿਭਾਗ ਦੀ ਮੱਦਦ ਨਾਲ ਪਿੱਟ ਬਣਾਏ ਜਾਣ, ਜਿਸ ਵਿੱਚ ਪਰਾਲੀ ਸੋਧ ਕੇ ਸਟੋਰ ਕੀਤੀ ਜਾਵੇ ਅਤੇ ਹਰੇਕ ਪਿੱਟ ਵਿੱਚ 5 ਦਿਨਾਂ ਦੀ ਪਰਾਲੀ ਸੋਧੀ ਜਾਵੇ। ਪਰਾਲੀ ਨੂੰ ਕੁਤਰਨ ਅਤੇ ਸੋਧਣ ਲਈ ਮਗਨਰੇਗਾ ਲੇਬਰ ਦੀ ਮੱਦਦ ਲਈ ਜਾਵੇ। ਪਰਾਲੀ ਦੀ ਕੁਤਰਾਈ ਲਈ ਲੋੜੀਂਦੀ ਮਸ਼ੀਨਰੀ ਦਾ ਪ੍ਰਬੰਧ ਪ੍ਰਸ਼ਾਸ਼ਕੀ ਪੱਧਰ ਤੇ ਕੀਤਾ ਜਾਵੇ। ਲੋੜੀਂਦਾ ਯੂਰੀਆ ਅਤੇ ਛੋਟੀ ਮਸ਼ੀਨਰੀ ਦਾ ਪ੍ਰਬੰਧ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰਾਹੀਂ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ, ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ੍ਰੀ ਆਕਾਸ਼ ਬਾਂਸਲ, ਸਹਾਇਕ ਡਾਇਰੈਕਟਰ ਪਸ਼ੂ ਪਾਲਣ ਡਾ. ਰਾਜਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਨੁਮਾਇੰਦੇ ਹਾਜ਼ਰ ਸਨ।
Share the post "ਝੋਨੇ ਦੀ ਪਰਾਲੀ ਨੂੰ ਅੱਗ ਨਾਲ ਸਾੜਨ ਤੋਂ ਰੋਕਣਾ ਸਮੇਂ ਦੀ ਮੁੱਖ ਲੋੜ : ਸ਼ੌਕਤ ਅਹਿਮਦ ਪਰੇ"