ਜਖਮੀਆਂ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਪੁੱਜੀ ਸਪੀਕਰ ਸੰਧਵਾਂ ਦੀ ਟੀਮ
ਪੰਜਾਬੀ ਖ਼ਬਰਸਾਰ ਬਿਉਰੋ
ਕੋਟਕਪੂਰਾ, 20 ਜੁਲਾਈ :- ਨੇੜਲੇ ਪਿੰਡ ਨਾਨਕਸਰ ਵਿਖੇ ਨਰੇਗਾ ਕਰਮਚਾਰੀਆਂ ਦੀ ਟਰਾਲੀ ਪਲਟਣ ਕਾਰਨ ਅਨੇਕਾਂ ਮਰਦ-ਔਰਤਾਂ ਦੇ ਜਖਮੀ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਬਾਬਾ ਜੀਵਨ ਸਿੰਘ ਕਲੱਬ ਨਾਨਕਸਰ ਦੇ ਸੇਵਾਦਾਰਾਂ ਨੇ ਤੁਰੰਤ ਵਾਹਨ ਦਾ ਪ੍ਰਬੰਧ ਕਰਕੇ ਜਖਮੀਆਂ ਨੂੰ ਹਸਪਤਾਲ ਵਿਖੇ ਪਹੁੰਚਾਇਆ। ਟਰਾਲੀ ਵਿੱਚ ਕਰੀਬ 55 ਨਰੇਗਾ ਕਰਮਚਾਰੀ ਸਵਾਰ ਸਨ। ਜਖਮੀਆਂ ਵਿੱਚ ਜਿਆਦਾਤਰ ਔਰਤਾਂ ਹੀ ਸਨ। ਇਸ ਖਬਰ ਦੀ ਸੂਚਨਾ ਮਿਲਣ ’ਤੇ ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਪੁੱਜੇ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ ਅਤੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ.ਆਰ.ਓ.-ਟੂ-ਸਪੀਕਰ ਸੰਧਵਾਂ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਟੀਮ ਨੇ ਜਿੱਥੇ ਜਖਮੀਆਂ ਦਾ ਹਾਲ-ਚਾਲ ਪੁੱਛਿਆ, ਉੱਥੇ ਐੱਸ.ਐੱਮ.ਓ. ਸਮੇਤ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਮਰੀਜ ਨੂੰ ਸਿਹਤ ਸੇਵਾਵਾਂ ਪੱਖੋਂ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਉਹਨਾ ਦੱਸਿਆ ਕਿ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਸੂਚਨਾ ਮਿਲਦਿਆਂ ਹੀ ਸਾਨੂੰ ਹਦਾਇਤ ਕੀਤੀ ਸੀ ਕਿ ਤੁਸੀਂ ਖੁਦ ਹਸਪਤਾਲ ਵਿਖੇ ਪਹੁੰਚੋ। ਇੰਜੀ. ਢਿੱਲਵਾਂ ਅਤੇ ਮਨੀ ਧਾਲੀਵਾਲ ਨੇ ਟਰੈਕਟਰ ਦੇ ਐਕਸਲ ਟੁੱਟਣ ਕਾਰਨ ਟਰਾਲੀ ਪਲਟਣ ਦੇ ਕਾਰਨਾਂ ਬਾਰੇ ਵੀ ਟਰੈਕਟਰ ਚਾਲਕ ਤੋਂ ਜਾਣਕਾਰੀ ਹਾਸਲ ਕੀਤੀ ਅਤੇ ਜਖਮੀਆਂ ਦੀ ਜਲਦ ਤੰਦਰੁਸਤੀ ਲਈ ਕਾਮਨਾ ਕਰਦਿਆਂ ਆਖਿਆ ਕਿ ਹਸਪਤਾਲ ਦੇ ਡਾਕਟਰ, ਨਰਸਾਂ ਅਤੇ ਸਮੁੱਚਾ ਸਿਹਤ ਅਮਲਾ ਸੇਵਾਵਾਂ ਲਈ ਪੂਰੀ ਤਰਾਂ ਸਰਗਰਮ ਹੈ। ਡਾ. ਹਰਿੰਦਰ ਸਿੰਘ ਗਾਂਧੀ ਸੀਨੀਅਰ ਮੈਡੀਕਲ ਅਫਸਰ ਨੇ ਆਖਿਆ ਕਿ ਸਾਰੇ ਜਖਮੀਆਂ ਦੇ ਬਕਾਇਦਾ ਟੈਸਟ ਅਤੇ ਐਕਸਰੇ ਕਰਵਾਏ ਜਾ ਰਹੇ ਹਨ ਅਤੇ ਤਸੱਲੀ ਕਰਨ ਤੋਂ ਬਾਅਦ ਉਹਨਾ ਨੂੰ ਛੁੱਟੀ ਦੇਣ ਮੌਕੇ ਵੀ ਘਰ ਵਾਸਤੇ ਮੁਫਤ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ।ਇਸ ਮੌਕੇ ਉਪਰੋਕਤ ਤੋਂ ਇਲਾਵਾ ਯੂਥ ਆਗੂ ਜਸਵੀਰ ਸਿੰਘ ਜੱਸਾ ਸਮੇਤ ਮਨਦੀਪ ਮੌਂਗਾ ਸੈਕਟਰੀ ਰੈੱਡ ਕਰਾਸ ਸੁਸਾਇਟੀ, ਦੀਪਕ ਮੌਂਗਾ, ਗੁਰਪ੍ਰੀਤ ਸਿੰਘ ਗੈਰੀ ਵੜਿੰਗ ਆਦਿ ਵੀ ਹਾਜਰ ਸਨ।
ਟਰੈਕਟਰ ਦਾ ਐਕਸਲ ਟੁੱਟਣ ਕਾਰਨ ਟਰਾਲੀ ਪਲਟੀ, 55 ਨਰੇਗਾ ਕਰਮਚਾਰੀ ਜਖਮੀ
4 Views