ਬੱਸ ਅੱਡੇ ਦੇ ਆਸਪਾਸ ਖੜੀਆਂ ਕੀਤੀਆਂ ਸਰਕਾਰੀ ਬੱਸਾਂ
ਸ਼ਹਿਰ ਵਿਚ ਲੱਗਿਆ ਰਿਹਾ ਸਾਰਾ ਦਿਨ ਜਾਮ, ਸਵਾਰੀਆਂ ਦੇ ਨਾਲ ਆਮ ਲੋਕ ਹੁੰਦੇ ਰਹੇ ਖੱਜਲਖ਼ੁਆਰ
ਸੁਖਜਿੰਦਰ ਮਾਨ
ਬਠਿੰਡਾ, 11 ਫਰਵਰੀ: ਪਿਛਲੀ ਅਕਾਲੀ ਸਰਕਾਰ ਦੁਆਰਾ ਕਥਿਤ ਤੌਰ ‘ਤੇ ਲਾਗੂ ਕੀਤੇ ਮਨਮਰਜ਼ੀ ਦੇ ਟਾਈਮ-ਟੇਬਲ ਨੂੰ ਰੱਦ ਕਰਕੇ ਪਿਛਲੇ ਸਾਲ 24 ਦਸੰਬਰ ਨੂੰ ਲਾਗੂ ਕੀਤੇ ਨਵੇਂ ਟਾਈਮ ਟੇਬਲ ਨੂੰ ਮੁੜ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਪੀਆਰਟੀਸੀ ਮੁਲਾਜਮਾਂ ਨੇ ਐਕਸ਼ਨ ਕਮੇਟੀ ਦੀ ਅਗਵਾਈ ਵਿਚ ਬੱਸ ਸਟੈਡ ਸਾਹਮਣੇ ਧਰਨਾ ਦੇ ਕੇ ਚੱਕਾ ਜਾਮ ਕਰ ਦਿੱਤਾ। ਇਸ ਦੌਰਾਨ ਸਰਕਾਰੀ ਬੱਸਾਂ ਨੂੰ ਬੱਸ ਸਟੈਂਡ ਦੇ ਬਾਹਰ ਸੜਕਾਂ ’ਤੇ ਖੜੀਆਂ ਕਰਕੇ ਇਹ ਸੜਕ ਪੂਰੀ ਤਰ੍ਹਾਂ ਬਲਾਕ ਕਰ ਦਿੱਤੀ। ਅਚਾਨਕ ਸਵੇਰੇ ਸੱਤ ਵਜੇਂ ਦੇ ਕਰੀਬ ਸ਼ੁਰੂ ਹੋਏ ਚੱਕਾ ਜਾਮ ਕਾਰਨ ਦਰਜ਼ਨਾਂ ਪ੍ਰਾਈਵੇਟ ਬੱਸਾਂ ਬੱਸ ਅੱਡੇ ਦੇ ਅੰਦਰ ਹੀ ਫ਼ਸੀਆਂ ਰਹੀਆਂ, ਜਦੋਂਕਿ ਬਾਕੀ ਬੱਸਾਂ ਬੱਸ ਅੱਡੇ ਤੋਂ ਬਾਹਰ ਇੱਧਰੋ-ਉਧਰੋ ਸਵਾਰੀਆਂ ਲੈ ਕੇ ਚੱਲਦੀਆਂ ਰਹੀਆਂ। ਇਸ ਚੱਕਾ ਜਾਮ ਕਾਰਨ ਸਾਰਾ ਦਿਨ ਸ਼ਹਿਰ ਦੀ ਇਸ ਪ੍ਰਮੁੱਖ ਸੜਕ ਤੋਂ ਇਲਾਵਾ ਆਸਪਾਸ ਦੀਆਂ ਸੜਕਾਂ ’ਤੇ ਵੀ ਜਾਮ ਲੱਗੇ ਰਹੇ। ਇਸਤੋਂ ਇਲਾਵਾ ਸਵਾਰੀਆਂ ਦੇ ਨਾਲ-ਨਾਲ ਆਮ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਜ ਪ੍ਰਸ਼ਾਸਨ ਨਾਲ ਐਕਸ਼ਨ ਕਮੇਟੀ ਦੇ ਆਗੂਆਂ ਵਲੋਂ ਦੋ ਦਫ਼ਾ ਮੁਲਾਕਾਤ ਵੀ ਕੀਤੀ ਗਈ ਪ੍ਰੰਤੂ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਮਸਲੇ ਦਾ ਹੱਲ ਨਹੀਂ ਨਿਕਲ ਸਕਿਆ ਤੇ ਇਹ ਚੱਕਾ ਜਾਮ ਜਾਰੀ ਸੀ। ਪੀਆਰਟੀਸੀ ਦੀਆਂ ਵੱਖ-ਵੱਖ ਜਥੇਬੰਦੀਆਂ ਏ.ਆਈ.ਟੀ.ਯੂ.ਸੀ., ਇੰਟਕ, ਸਟਾਫ ਟੀਮ, ਐਸ.ਸੀ.ਬੀ.ਸੀ., ਸੀਟੂ, ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ ਯੂਨੀਅਨ ਅਤੇ ਆਜਾਦ ਵਰਕਰਜ ਯੂਨੀਅਨ ਦੇ ਆਗੂਆਂ ਸੰਦੀਪ ਸਿੰਘ, ਰਾਮ ਸਿੰਘ ਤੇ ਮਨਪ੍ਰੀਤ ਸਿੰਘ ਆਦਿ ਨੇ ਐਲਾਨ ਕੀਤਾ ਕਿ ਜੇਕਰ 24 ਦਸੰਬਰ ਨੂੰ ਹੋਂਦ ਵਿਚ ਆਇਆ ਟਾਈਮ ਟੇਬਲ ਮੁੜ ਬਹਾਲ ਨਾ ਕੀਤਾ ਤਾਂ ਉਹ ਪੰਜਾਬ ਦੇ ਸਾਰੇ ਬੱਸ ਅੱਡੇ ਅਣਮਿਥੇ ਸਮੇਂ ਲਈ ਜਾਮ ਕਰ ਦੇਣਗੇ। ਦਸਣਾ ਬਣਦਾ ਹੈ ਕਿ ਉਕਤ ਟਾਈਮ ਟੇਬਲ ਲਾਗੂ ਕਰਨ ਤੋਂ ਬਾਅਦ ਆਰਬਿਟ ਤੇ ਕੁੱਝ ਹੋਰ ਪ੍ਰਾਈਵੇਟ ਟ੍ਰਾਂਸਪੋਟਰ ਅਦਾਲਤ ਵਿਚ ਚਲੇ ਗਏ ਸਨ। ਜਿਸਤੋਂ ਬਾਅਦ ਵੱਖ ਵੱਖ ਆਰ.ਟੀ.ਏਜ਼ ਨੇ 17 ਜਨਵਰੀ ਨੂੰ ਇੰਨ੍ਹਾਂ ਟਾਈਮ ਟੇਬਲਾਂ ਨੂੰ ਰੱਦ ਕਰ ਦਿੱਤਾ ਸੀ। ਇਸਦੇ ਵਿਰੋਧ ਵਿਚ ਪੀਆਰਟੀਸੀ ਕਾਮਿਆਂ ਵਲੋਂ 21 ਜਨਵਰੀ ਨੂੰ ਵੀ ਬੱਸ ਅੱਡਾ ਬੰਦ ਕੀਤਾ ਗਿਆ ਸੀ ਪ੍ਰੰਤੂ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਇਸ ਮਸਲੇ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ ਗਿਆ ਸੀ। ਪੀਆਰਟੀਸੀ ਕਾਮਿਆਂ ਨੇ ਦੋਸ਼ ਲਗਾਇਆ ਕਿ ਨਾ ਤਾਂ ਹਾਲੇ ਤੱਕ ਮਸਲੇ ਦਾ ਹੱਲ ਹੋਇਆ ਹੈ, ਬਲਕਿ ਅੱਜ ਪੁਰਾਣੇ ਟਾਈਮ ਟੇਬਲ ਮੁਤਾਬਕ ਚੱਲ ਰਹੇ ਲੁਧਿਆਣਾ ਤੇ ਚੰਡੀਗੜ੍ਹ ਰੂਟ ’ਤੇ ਵੀ ਇਸਨੂੰ ਰੱਦ ਕਰ ਦਿੱਤਾ ਗਿਆ ਹੈ।
Share the post "ਟਾਈਮ ਟੇਬਲ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਪੀਆਰਟੀਸੀ ਕਾਮਿਆਂ ਨੇ ਕੀਤਾ ਬੱਸ ਅੱਡਾ ਜਾਮ"