ਸੁਖਜਿੰਦਰ ਮਾਨ
ਬਠਿੰਡਾ, 12 ਫਰਵਰੀ : ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਕਿਰਤੀ ਕਿਸਾਨ ਯੂਨੀਅਨ,ਡੈਮੋਕਰੈਟਿਕ ਟੀਚਰਜ ਫਰੰਟ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ “ਚੋਣਾਂ ਅਤੇ ਲੋਕ ਮੁੱਦੇ“ ਵਿਸ਼ੇ ‘ਤੇ ਇਨਕਲਾਬੀ ਬਦਲ ਉਸਾਰੋ ਕਾਨਫਰੰਸ ਕੀਤੀ ਗਈ। ਕਾਨਫਰੰਸ ਦੇ ਮੁੱਖ ਬੁਲਾਰੇ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਵੜੈਂਚ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਮੇਤ ਪੰਜ ਸੂਬਿਆਂ ਚ ਵਿਧਾਨ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਜੋਰਾਂ-ਸ਼ੋਰਾਂ ‘ਤੇ ਚੱਲ ਰਿਹਾ ਹੈ। ਪ੍ਰੰਤੂ ਵਿੱਦਿਆ-ਸਿਹਤ ਤੇ ਰੁਜਗਾਰ ਦਾ ਸੰਕਟ,ਖੇਤੀਬਾੜੀ ਦਾ ਸੰਕਟ,ਵਾਤਾਵਰਣ ਤੇ ਡੂੰਘੇ ਹੋ ਰਹੇ ਪਾਣੀ ਦਾ ਸੰਕਟ,ਨਸ਼ਾਖੋਰੀ ਆਦਿ ਵਰਗੇ ਲੋਕਾਂ ਦੇ ਬੁਨਿਆਦੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਅਤੇ ਕੋਈ ਵੀ ਪਾਰਟੀ ਇਨਾਂ ਮਸਲਿਆਂ ਦੇ ਹੱਲ ਕਰਨ ਦੀ ਗੱਲ ਨਹੀਂ ਕਰਦੀ।ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨਾਂ ਮਸਲਿਆਂ ਦਾ ਇੱਕੋ ਇੱਕ ਹੱਲ ਇਨਾਂ ਸਾਮਰਾਜ ਪੱਖੀ ਤੇ ਕਾਰਪੋਰੇਟ ਪੱਖੀ ਨੀਤੀਆਂ ਦਾ ਖਾਤਮਾ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਹਨੀ,ਡੀ.ਟੀ.ਐੱਫ(ਪੰਜਾਬ) ਦੇ ਜਿਲ੍ਹਾ ਪ੍ਰਧਾਨ ਜਗਪਾਲ ਬੰਗੀ,ਪੀ.ਐੱਸ.ਯੂ ਦੇ ਜਿਲ੍ਹਾ ਆਗੂ ਰਜਿੰਦਰ ਢਿਲਵਾਂ, ਡੀ.ਐੱਮ.ਐੱਫ ਦੇ ਆਗੂ ਸਿਕੰਦਰ ਧਾਲੀਵਾਲ,ਪੈਂਸ਼ਨਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਮੌੜ ਨੇ ਵੀ ਸੰਬੋਧਨ ਕੀਤਾ।
ਟੀਚਰਜ਼ ਹੋਮ ਵਿਖੇ ਚੋਣਾਂ ਅਤੇ ਲੋਕ ਮੁੱਦੇ ਵਿਸ਼ੇ ’ਤੇ ਕਾਨਫਰੰਸ ਆਯੋਜਿਤ
7 Views