ਪੰਜਾਬ ਸਰਕਾਰ ਦਵਾ ਕਾਰੋਬਾਰੀਆਂ ਦੀਆਂ ਮੰਗਾਂ ਜਲਦੀ ਕਰੇ ਹੱਲ: ਅਸ਼ੋਕ ਬਾਲਿਆਂਵਾਲੀ
ਦਵਾ ਕਾਰੋਬਾਰੀਆਂ ਦੀਆਂ ਮੰਗਾਂ ਤੁਰੰਤ ਹੱਲ ਕੀਤੀਆਂ ਜਾਣਗੀਆਂ: ਜਗਰੂਪ ਗਿੱਲ
ਸੁਖਜਿੰਦਰ ਮਾਨ
ਬਠਿੰਡਾ, 18 ਸਤੰਬਰ : ਦੀ ਬਠਿੰਡਾ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ (ਟੀਬੀਡੀਸੀਏ) ਨੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਵਿੱਚ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਉਨ੍ਹਾਂ ਨਾਲ ਵਿੱਤ ਸਕੱਤਰ ਰਮੇਸ਼ ਗਰਗ, ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਜੌੜਾ, ਆਰ.ਸੀ.ਏ. ਦੇ ਸਰਪ੍ਰਸਤ ਪ੍ਰੀਤਮ ਸਿੰਘ ਵਿਰਕ, ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਆਰ.ਸੀ.ਏ ਦੇ ਕੈਸ਼ੀਅਰ ਵਿਜੇ ਕੁਮਾਰ ਗਣਪਤੀ ਫਾਰਮੇਸੀ ਵਾਲੇ, ਪੋਰਿੰਦਰ ਕੁਮਾਰ, ਸੁਰੇਸ਼ ਤਾਇਲ, ਭਾਰਤ ਭੂਸ਼ਣ ਗੋਗਾ ਅਤੇ ਮਨੋਜ ਕੁਮਾਰ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਮੰਗ ਪੱਤਰ ਦੇ ਕੇ ਡਰੱਗ ਪਾਲਿਸੀ ਦੀਆਂ ਖਾਮੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਅੰਨ੍ਹੇਵਾਹ ਦਿੱਤੇ ਜਾ ਰਹੇ ਡਰੱਗ ਲਾਇਸੈਂਸਾਂ ਦੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਉਕਤ ਨੀਤੀ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਟੀਬੀਡੀਸੀਏ ਦੇ ਜ਼ਿਲ੍ਹਾ ਪ੍ਰਧਾਨ ਅਤੇ ਏਆਈਓਸੀਡੀ ਦੇ ਕਾਰਜਕਾਰੀ ਮੈਂਬਰ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾ ਰਹੇ ਡਰੱਗ ਲਾਇਸੈਂਸਾਂ ਕਾਰਨ ਪੰਜਾਬ ਦੇ 27000 ਡਰੱਗ ਡੀਲਰਾਂ ਦੇ ਹੱਕ ਖੋਹੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ, ਜੋ ਉਨ੍ਹਾਂ ਨਾਲ ਇਹ ਇੱਕ ਵੱਡਾ ਧੋਖਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਾਰਪੋਰੇਟ ਘਰਾਣਿਆਂ ਨੂੰ ਡਰੱਗ ਲਾਇਸੈਂਸ ਜਾਰੀ ਨਾ ਕੀਤੇ ਜਾਣ ਅਤੇ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ ਨਵੀਂ ਡਰੱਗ ਪਾਲਿਸੀ ‘ਚ ਕਾਰਪੋਰੇਟ ਘਰਾਣਿਆਂ ਨੂੰ ਡਰੱਗ ਲਾਇਸੈਂਸ ਨਾ ਦੇਣ ਦੀ ਵਿਵਸਥਾ ਰੱਖਣ ਤੋਂ ਇਲਾਵਾ ਹੋਰ ਕੈਮਿਸਟਾਂ ‘ਤੇ ਲਾਗੂ ਹੋਣ ਵਾਲੀ ਡਰੱਗ ਪਾਲਿਸੀ ਹੀ ਕਾਰਪੋਰੇਟ ਘਰਾਣਿਆਂ ‘ਤੇ ਲਾਗੂ ਕੀਤੀ ਜਾਵੇ ਅਤੇ ਉਕਤ ਨਵੀਂ ਪਾਲਾਸੀ ਵਿੱਚ ਹੋਰ ਸੁਧਾਰ ਕਰਨ ਤੋਂ ਬਾਅਦ ਹੀ ਇਸ ਨੂੰ ਲਾਗੂ ਕੀਤਾ ਜਾਵੇ। ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਇਸ ਦੌਰਾਨ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਦਵਾ ਕਾਰੋਬਾਰੀਆਂ ਦੀਆਂ ਉਪਰੋਕਤ ਮੰਗਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਧਿਆਨ ਵਿੱਚ ਲਿਆ ਕੇ ਜਲਦੀ ਹੱਲ ਕੀਤਾ ਜਾਵੇਗਾ।
ਟੀਬੀਡੀਸੀਏ ਨੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਦਿੱਤਾ ਮੰਗ ਪੱਤਰ
4 Views