ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਲੈ ਕੇ ਕੀਤਾ ਜਾ ਰਿਹਾ ਲਗਾਤਾਰ ਵਿਰੋਧ
ਸੁਖਜਿੰਦਰ ਮਾਨ
ਬਠਿੰਡਾ, 13 ਫਰਵਰੀ: ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਪੰਜ ਸਾਲ ਸੰਘਰਸ਼ ਕਰਦੇ ਆ ਰਹੇ ਠੇਕਾ ਕਾਮਿਆਂ ਵਲੋਂ ਅੱਜ ਮੁੜ ਸਥਾਨਕ ਹਰਦੇਵ ਨਗਰ ’ਚ ਪੁੱਜੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਨਾਅਰੇਬਾਜ਼ੀ ਕਰਦਿਆਂ ਸਖ਼ਤ ਵਿਰੋਧ ਕੀਤਾ ਗਿਆ। ਹਾਲਾਂਕਿ ਠੇਕਾ ਮੁਲਾਜਮਾਂ ਦੇ ਐਕਸ਼ਨ ਦਾ ਪਤਾ ਲੱਗਦਿਆਂ ਵੱਡੀ ਗਿਣਤੀ ਵਿਚ ਤੈਨਾਤ ਪੁਲਿਸ ਮੁਲਾਜਮਾਂ ਵਲੋਂ ਠੇਕਾ ਕਾਮਿਆਂ ਨੂੰ ਜਬਰੀ ਰੋਕਣ ਦੀ ਵੀ ਕੋਸ਼ਿਸ਼ ਕੀਤੀ, ਜਿਸਦੇ ਚੱਲਦੇ ਦੋਨਾਂ ਧਿਰਾਂ ਵਿਚਕਾਰ ਖਿੱਚਧੂਹ ਹੋਈ। ਇਸ ਮੌਕੇ ਠੇਕਾ ਮੁਲਾਜਮਾਂ ਨੇ ਰੋਹ ਪ੍ਰਗਟ ਕਰਦਿਆਂ ਦੋਸ਼ ਲਗਾਇਆ ਕਿ ਵਿਤ ਮੰਤਰੀ ਵਲੋਂ ਚੋਣ ਮਨੋਰਥ ਪੱਤਰ ਕਮੇਟੀ ਦਾ ਕਨਵੀਨਰ ਹੋਣ ਸਮੇਂ ਮੁਲਾਜਮਾਂ ਨਾਲ ਕੀਤੇ ਚੋਣ ਵਾਅਦਿਆਂ ਵਿਚੋਂ ਇੱਕ ਵੀ ਪੂਰਾ ਨਹੀਂ ਕੀਤਾ ਗਿਆ। ਉਲਟਾ ਬਠਿੰਡਾ ’ਚ ਚੱਲਦੇ ਜਨਤਕ ਖੇਤਰ ਦੇ ਇਤਿਹਾਸਕ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ। ਠੇਕਾ ਮੁਲਾਜਮ ਆਗੂ ਗੁਰਵਿੰਦਰ ਪੰਨੂੰ ਅਤੇ ਹੋਰਨਾਂ ਨੇ ਦੋਸ਼ ਲਗਾਇਆ ਕਿ ਮੁਲਾਜਮ ਮੰਗਾਂ ਦੀ ਪੂਰਤੀ ’ਚ ਵਿਤ ਮੰਤਰੀ ਸ: ਬਾਦਲ ਲਗਾਤਾਰ ਅੜਿੱਕਾ ਬਣੇ ਰਹੇ। ਜਿਸਦੇ ਚੱਲਦੇ ਚੋਣਾਂ ਤੋਂ ਪਹਿਲਾਂ 36 ਹਜ਼ਾਰ ਮੁਲਾਜਮਾਂ ਨੂੰ ਪੱਕੇ ਕਰਨ ਦਾ ਬਿੱਲ ਵੀ ਚੋਣ ਜੁਮਲਾ ਹੀ ਸਾਬਤ ਹੋਇਆ। ਉਨ੍ਹਾਂ ਐਲਾਨ ਕੀਤਾ ਕਿ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਉਹ ਅਜਿਹੇ ਲੀਡਰਾਂ ਦੀ ਸਚਾਈ ਜਨਤਾ ਦੇ ਸਾਹਮਣੇ ਲਿਆਉਣ ਲਈ ਵਿਰੋਧ ਕਰਦੇ ਰਹਿਣਗੇ।
ਹਰਸਿਮਰਤ ਬਾਦਲ ਦਾ ਵੀ ਕਿਸਾਨਾਂ ਨੇ ਕੀਤਾ ਵਿਰੋਧ
ਬਠਿੰਡਾ: ਉਧਰ ਬਠਿੰਡਾ ਦਿਹਾਤੀ ਹਲਕੇ ਦੇ ਅਕਾਲੀ ਉਮੀਦਵਾਰ ਦਾ ਚੋਣ ਪ੍ਰਚਾਰ ਕਰਨ ਪੁੱਜੀ ਹਰਸਿਮਰਤ ਕੌਰ ਬਾਦਲ ਦਾ ਅੱਜ ਜ਼ਿਲ੍ਹੇ ਦੇ ਪਿੰਡ ਦਿਓਣ ਵਿਖੇ ਕਿਸਾਨਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨ ਬੀਬੀ ਬਾਦਲ ਨਾਲ ਸਵਾਲ-ਜਵਾਬ ਕਰਨਾ ਚਾਹੁੰਦੇ ਸਨ ਪ੍ਰੰਤੂ ਇਸਤੋਂ ਪਹਿਲਾਂ ਹੀ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਉਨ੍ਹਾਂ ਦੀ ਖਿੱਚੋਤਾਣ ਹੋ ਗਈ। ਜਿਸਦੇ ਚੱਲਦੇ ਕਿਸਾਨਾਂ ਨੇ ਅਕਾਲੀ ਦਲ ਵਿਰੁਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਠੇਕਾ ਮੁਲਾਜਮਾਂ ਨੇ ਬਠਿੰਡਾ ’ਚ ਮੁੜ ਘੇਰਿਆਂ ਵਿਤ ਮੰਤਰੀ
9 Views