ਕਿਹਾ, ਲੜਕੀਆਂ ਤੇ ਮਹਿਲਾਵਾਂ ਲਈ ਕੈਂਪ ਹੋਵੇਗਾ ਸਹਾਈ ਸਿੱਧ
21 ਰੋਜਾ ਮੁਫਤ ਸਵੈ ਰੋਜਗਾਰ ਸਿਖਲਾਈ ਕੈਂਪ ਦਾ ਕੀਤਾ ਉਦਘਾਟਨ
ਸੁਖਜਿੰਦਰ ਮਾਨ
ਬਠਿੰਡਾ, 9 ਜੂਨ : ਸਮਾਜ ਸੇਵੀ ਸੰਸਥਾ ਡਾਇਮੰਡ ਵੈਲਫੇਅਰ ਸੁਸਾਇਟੀ ਵਲੋਂ ਕੈਂਪ ਲਗਾ ਕੇ ਲੜਕੀਆਂ ਤੇ ਮਹਿਲਾਵਾਂ ਨੂੰ ਮੁਫਤ ਟ੍ਰੇਨਿੰਗ ਦੇ ਕੇ ਸਵੈ ਰੋਜਗਾਰ ਦੇ ਕਾਬਲ ਬਣਾਉਣਾ ਇੱਕ ਬਹੁਤ ਹੀ ਅਹਿਮ ਤੇ ਸਲਾਘਾਯੋਗ ਕਦਮ ਹੈ। ਕੈਂਪ ਦੌਰਾਨ ਲੜਕੀਆਂ ਤੇ ਮਹਿਲਾਵਾਂ ਮੁਫਤ ਟ੍ਰੇਨਿੰਗ ਲੈ ਕੇ ਸਵੈ ਰੋਜਗਾਰ ਦੇ ਯੋਗ ਬਨਣਗੀਆ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਇੱਥੋਂ ਦੇ ਸਰਕਾਰੀ ਆਦਰਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਜ ਸੇਵੀ ਸੰਸਥਾ ਡਾਇਮੰਡ ਵੈਲਫੇਅਰ ਸੁਸਾਇਟੀ ਵਲੋਂ ਸਵਾਵਲੰਬੀ ਭਾਰਤ ਅਭਿਆਨ ਤਹਿਤ ਲਗਾਏ ਗਏ 19ਵੇਂ ਮੁਫਤ ਸਵੈ-ਰੋਜ਼ਗਾਰ ਸਿਖਲਾਈ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ।
ਇਸ ਮੌਕੇ ਡਿਪਟੀ ਕਮਿਸਨਰ ਸ੍ਰੀ ਸੌਕਤ ਅਹਿਮਦ ਪਰੇ ਨੇ ਸੰਸਥਾ ਵਲੋਂ ਮਹਿਲਾਵਾਂ ਤੇ ਲੜਕੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੰਸਥਾ ਦਾ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਟ੍ਰੇਨਿੰਗ ਲੈ ਰਹੀਆਂ ਲੜਕੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਜਜ਼ਬੇ ਤੇ ਮਿਹਨਤ ਨਾਲ ਜ਼ਿੰਦਗੀ ਵਿੱਚ ਹੋਰ ਅੱਗੇ ਵਧਣ ਲਈ ਹੰਭਲੇ ਮਾਰਨਗੀਆਂ ਤਾਂ ਉਹ ਇੱਕ ਦਿਨ ਜਰੂਰ ਕਾਮਯਾਬੀ ਦੀ ਪੌੜੀ ਚੜਨਗੀਆਂ।
ਡਿਪਟੀ ਕਮਿਸਨਰ ਨੇ ਡਾਇਮੰਡ ਸੰਸਥਾ ਵਲੋਂ ਪਿਛਲੇ ਕਰੀਬ 2 ਦਹਾਕਿਆਂ ਤੋਂ ਮਹਿਲਾਵਾਂ ਤੇ ਲੜਕੀਆਂ ਲਈ ਕੀਤੇ ਜਾ ਰਹੇ ਕਾਰਜਾਂ ਤੋਂ ਇਲਾਵਾ ਭਵਿੱਖ ਵਿੱਚ ਭੀਖ ਮੰਗਣ ਵਾਲੀਆਂ ਲੜਕੀਆਂ ਦੀ ਭਲਾਈ ਲਈ ਅਜਿਹੀ ਹੀ ਮੁਫ਼ਤ ਟ੍ਰੇਨਿੰਗ ਦੇਣ ਲਈ ਉਲੀਕੀ ਗਈ ਯੋਜਨਾ ਦੀ ਪ੍ਰਸੰਸਾ ਕੀਤੀ। ਇਸ ਮੌਕੇ ਉਨ੍ਹਾਂ ਟ੍ਰੇਨਿੰਗ ਲੈ ਰਹੀਆਂ ਮਹਿਲਾਵਾਂ ਤੇ ਲੜਕੀਆਂ ਨੂੰ ਵੀ ਵਿਸਵਾਸ ਦਿਵਾਇਆ ਕਿ ਜਿਲ੍ਹਾ ਪ੍ਰਸਾਸਨ ਵਲੋਂ ਉਨ੍ਹਾਂ ਨੂੰ ਆਪਣੇ ਸਵੈ-ਰੁਜਗਾਰ ਸ਼ੁਰੂ ਕਰਨ ਲਈ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਡਿਪਟੀ ਕਮਿਸਨਰ ਨੇ ਸਿਲਾਈ ਕਢਾਈ, ਪੇਂਟਿੰਗ, ਮਹਿੰਦੀ, ਗਿਫਟ ਆਇਟਮ, ਸਰਹਾਣੇ, ਬੈਗ, ਕਿੱਟਾਂ, ਬਿਊਟੀ ਪਾਰਲਰ, ਡੈਕੋਰੇਸਨ ਤੋਂ ਇਲਾਵਾ ਇੰਗਲਿਸ ਸਪੀਕਿੰਗ ਆਦਿ ਦੀ ਟ੍ਰੇਨਿੰਗ ਲੈ ਰਹੀਆਂ ਸਿਖਿਆਰਥਣਾਂ ਨਾਲ ਉਨ੍ਹਾਂ ਦੀਆਂ ਜਮਾਤਾਂ ਵਿੱਚ ਜਾ ਕੇ ਗੱਲਬਾਤ ਕੀਤੀ ਤੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਵੀ ਕੀਤੀ।
ਇਸ ਮੌਕੇ ਸੰਸਥਾ ਦੀ ਪ੍ਰਧਾਨ ਵਿਨੂੰ ਗੋਇਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਰਕਾਰੀ ਆਦਰਸ ਸੀਨੀਅਰ ਸੈਕੰਡਰੀ ਸਕੂਲ ਵਿਖੇ 21 ਰੋਜ਼ ਚੱਲਣ ਵਾਲੇ ਇਸ ਸਿਖਲਾਈ ਕੈਂਪ ਵਿੱਚ ਸਲਾਈ ਕਢਾਈ, ਪੇਂਟਿੰਗ, ਮਹਿੰਦੀ ਗਿਫਟ ਆਇਟਮ, ਸਰਹਾਣੇ, ਬੈਗ, ਕਿੱਟਾਂ, ਬਿਊਟੀ ਪਾਰਲਰ, ਡੈਕੋਰੇਸਨ ਤੋਂ ਇਲਾਵਾ ਇੰਗਲਿਸ ਸਪੀਕਿੰਗ ਆਦਿ ਮੁਫਤ ਕੋਰਸ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਟ੍ਰੇਨਿੰਗ ਦਾ ਸਮਾਂ ਰੋਜ਼ਾਨਾ ਦੋ ਘੰਟੇ ਸਵੇਰੇ 9 ਤੋਂ 11 ਵਜੇ ਤੱਕ ਹੋਵੇਗਾ। ਕੋਰਸ ਉਪਰੰਤ ਸਿਖਿਆਰਥਣਾਂ ਨੂੰ ਸਰਟੀਫ?ਿਕੇਟ ਵੀ ਦਿੱਤੇ ਜਾਣਗੇ ਤੇ ਕੰਪੀਟੀਸਨ ਵੀ ਕਰਵਾਏ ਜਾਣਗੇ ਅਤੇ ਇਨ੍ਹਾਂ ਵਲੋਂ ਤਿਆਰ ਕੀਤੇ ਗਏ ਸਮਾਨ ਦੀ ਪ੍ਰਦਰਸਨੀ ਵੀ ਲਗਾਈ ਜਾਵੇਗੀ।
ਇਸ ਦੌਰਾਨ ਆਈਐਚਐਮ ਬਠਿੰਡਾ ਦੇ ਪ੍ਰਬੰਧਕੀ ਕਾਰਜਕਾਰੀ ਅਫ਼ਸਰ ਸ੍ਰੀਮਤੀ ਰੀਤੂ ਗਰਗ ਨੇ ਦੱਸਿਆ ਕਿ ਆਈਐਚਐਮ ਵਿਖੇ ਭਾਰਤ ਸਰਕਾਰ ਵਲੋਂ ਬੇਕਰੀ ਅਤੇ ਕੁਕਿੰਗ ਦੀ ਮੁਫ਼ਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਲੜਕੀਆਂ ਇਹ ਸਿਖਲਾਈ ਲੈ ਕੇ ਇਸ ਨੂੰ ਆਪਣੇ ਸਹਾਇਕ ਧੰਦੇ ਵਜੋਂ ਵੀ ਅਪਣਾ ਸਕਦੀਆਂ ਹਨ। ਇਸ ਮੌਕੇ ਡਾਇਮੰਡ ਵੈਲਫੇਅਰ ਸੁਸਾਇਟੀ ਦੇ ਡਾਇਰੈਕਟਰ ਐਮ.ਕੇ ਮੰਨਾ ਤੋਂ ਇਲਾਵਾ ਦੇ ਸਮੂਹ ਨੁਮਾਇੰਦੇ ਤੇ ਮੈਂਬਰਾਨ ਆਦਿ ਹਾਜਰ ਸਨ।
Share the post "ਡਾਇਮੰਡ ਵੈਲਫੇਅਰ ਸੁਸਾਇਟੀ ਵਲੋਂ ਸਵੈ ਰੋਜਗਾਰ ਨੂੰ ਹੁਲਾਰਾ ਦੇਣਾ ਅਹਿਮ ਉਪਰਾਲਾ : ਡਿਪਟੀ ਕਮਿਸਨਰ"