ਕਿਹਾ, ਸਾਰੇ ਪਸ਼ੂਆਂ ਦੇ ਟੈਗ ਲਗਾਉਣੇ ਬਣਾਏ ਜਾਣ ਯਕੀਨੀ
ਬਿਨਾਂ ਪਾਸ ਤੋਂ ਗਊਸ਼ਾਲਾ ਵਿੱਚ ਜਾਣ ਦੀ ਨਹੀਂ ਹੋਵੇਗੀ ਆਗਿਆ
ਪੰਜਾਬੀ ਖਬਰਸਾਰ ਬਿਉਰੋ
ਬਠਿੰਡਾ, 3 ਸਤੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਅਧੀਨ ਪੈਂਦੀ ਪਿੰਡ ਹਰਰਾਏਪੁਰ ਦੀ ਗਊਸ਼ਾਲਾ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਤੇ ਗਊਸ਼ਾਲਾ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਬੈਠਕ ਵੀ ਕੀਤੀ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਗਊਸ਼ਾਲਾ ਚ ਮੌਜੂਦ ਸਾਰੇ ਪਸ਼ੂਆਂ ਦੇ ਟੈਗ ਲਗਾਉਣੇ ਯਕੀਨੀ ਬਣਾਏ ਜਾਣ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਖਾਸ ਹਦਾਇਤ ਕਰਦਿਆਂ ਕਿਹਾ ਕਿ ਬਿਨ੍ਹਾਂ ਪਾਸ ਤੋਂ ਗਊਸ਼ਾਲਾ ਵਿੱਚ ਕਿਸੇ ਵੀ ਵਿਅਕਤੀ ਨੂੰ ਜਾਣ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਪਾਸੋਂ ਇੱਕ ਸਪੈਸ਼ਲ ਪਾਸ ਜਾਰੀ ਕੀਤਾ ਜਾਵੇਗਾ ਤਾਂ ਹੀ ਗਊਸ਼ਾਲਾ ਵਿੱਚ ਜਾਣ ਦੀ ਆਗਿਆ ਹੋਵੇਗੀ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਗਊਸ਼ਾਲਾ ਵਿੱਚ ਹਰ ਐਤਵਾਰ ਨੂੰ ਮਗਨਰੇਗਾ ਮਜ਼ਦੂਰਾਂ ਨੂੰ ਲਗਾ ਕੇ ਗਊਸ਼ਾਲਾ ਦੀ ਸਾਫ਼-ਸਫ਼ਾਈ ਕਰਵਾਈ ਜਾਵੇ। ਉਨ੍ਹਾਂ ਗਊਸ਼ਾਲਾ ਦੇ ਕਰਮਚਾਰੀਆਂ ਨੂੰ ਕਿਹਾ ਕਿ ਗਊਸ਼ਾਲਾ ਵਿੱਚ ਸਾਫ਼-ਸਫ਼ਾਈ ਅਤੇ ਪਸ਼ੂਆਂ ਨੂੰ ਹਰਾ-ਚਾਰਾ ਅਤੇ ਪੀਣ ਵਾਲਾ ਪਾਣੀ ਸਮੇਂ ਸਿਰ ਪਿਲਾਉਣਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇੱਕ ਸਪੈਸ਼ਲ ਡਾਕਟਰੀ ਟੀਮ ਗਊਸ਼ਾਲਾ ਵਿੱਚ ਲਗਾਈ ਜਾਣੀ ਯਕੀਨੀ ਬਣਾਈ ਜਾਵੇ ਤਾਂ ਜੋ ਬਿਮਾਰ ਪਸ਼ੂਆਂ ਦਾ ਤਰੁੰਤ ਇਲਾਜ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬਿਮਾਰ ਪਸ਼ੂਆਂ ਦੇ ਬੈਠਣ ਲਈ ਥਾਂ ਨੂੰ ਮੁਲਾਇਮ ਰੱਖਿਆ ਜਾਵੇ ਤਾਂ ਜੋ ਪਸ਼ੂ ਨੂੰ ਬੈਠਣ ਵਿੱਚ ਕਿਸੇ ਕਿਸਮ ਦੀ ਸਮੱਸਿਆ ਦਰਪੇਸ਼ ਨਾ ਆਵੇ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਮੇਟੀ ਦਾ ਗਠਨ ਕਰਕੇ ਗਊਸ਼ਾਲਾ ਚ ਮੌਜੂਦ ਨਾ ਵਰਤੋਂ ਯੋਗ ਸਮਾਨ ਦੀ ਨਿਲਾਮੀ ਕਰਵਾਈ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਗਊਸ਼ਾਲਾ ਚ ਮਗਨਰੇਗਾ ਕਾਮਿਆਂ ਦੀ ਸਮੱਸਿਆਵਾਂ ਵੀ ਸੁਣੀਆਂ ਜਿਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਰੁਪਿੰਦਰ ਪਾਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਪਸ਼ੂ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਸ਼੍ਰੀ ਰਾਜਦੀਪ ਸਿੰਘ, ਪੰਚਾਇਤ ਅਫ਼ਸਰ ਗੋਨਿਆਣਾ ਸ਼੍ਰੀ ਕੁਲਦੀਪ ਸਿੰਘ, ਬੀਡੀਪੀਓ ਗੋਨਿਆਣਾ ਸ਼੍ਰੀ ਸੁਖਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਆਦਿ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਹਰਰਾਏਪੁਰ ਗਊਸ਼ਾਲਾ ਦਾ ਦੌਰਾ ਕਰਕੇ ਲਿਆ ਜਾਇਜ਼ਾ
21 Views