ਕਿੰਨਾ ਹੀ ਵੱਡਾ ਰਸੂਖ਼ਦਾਰ ਹੋਵੇ ਬਖ਼ਸ਼ਿਆ ਨਹੀਂ ਜਾਵੇਗਾ: ਟਰਾਂਸਪੋਰਟ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ, 17 ਨਵੰਬਰ:ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਟੈਕਸ ਅਦਾ ਨਾ ਕਰਨ ਵਾਲੀਆਂ ਅਤੇ ਕਥਿਤ ਤੌਰ ‘ਤੇ ਨਾਜਾਇਜ਼ ਚੱਲਦੀਆਂ ਬੱਸਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਹੁਣ ਸੂਬੇ ਦੇ ਪ੍ਰਭਾਵਸ਼ਾਲੀ ਸਿਆਸੀ ਪਰਿਵਾਰ ਸੁਖਬੀਰ ਸਿੰਘ ਬਾਦਲ ਦੀਆਂ ਇਕੱਤੀ ਏਸੀ ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਗਿੱਦੜਬਾਹਾ ਦੇ ਅਕਾਲੀ ਪਰਿਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਮਲਕੀਅਤ ਵਾਲੀ ਨਿਊ ਦੀਪ ਬੱਸ ਕੰਪਨੀ ਦੇ ਛੇ ਦਰਜਨ ਤੋਂ ਵੱਧ ਪਰਮਿਟ ਰੱਦ ਕੀਤੇ ਜਾ ਚੁੱਕੇ ਹਨ ।ਜਾਣਕਾਰੀ ਮੁਤਾਬਕ ਆਰ.ਟੀ.ਏ ਅਥਾਰਟੀ ਬਠਿੰਡਾ ਵੱਲੋਂ ਟੈਕਸ ਡਿਫਾਲਟਰ ਹੋਣ ਕਾਰਨ ਬਾਦਲਾਂ ਨਾਲ ਸਬੰਧਤ 30 ਇੰਟੈਗ੍ਰਲ ਕੋਚ ਪਰਮਿਟ ਔਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਤੋਂ ਇਲਾਵਾ ਨਿਊ ਫਤਿਹ ਟਰੈਵਲਜ਼ ਦਾ ਇੱਕ ਪਰਮਿਟ ਵੀ ਰੱਦ ਕਰ ਦਿੱਤਾ ਗਿਆ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਨਦੀਪ ਟਰੈਵਲਜ ਦੇ 16 ਹੋਰ ਪਰਮਿਟ ਵੀ ਰੱਦ ਕਰ ਦਿੱਤੇ ਗਏ ਹਨ। ਨਿਊ ਫਤਿਹ ਬੱਸ ਸਰਵਿਸ ਵਿਰੁੱਧ ਇਸ ਸਾਲ ਜਨਵਰੀ ਤੋਂ ਟੈਕਸ ਦੀ ਦੇਣਦਾਰੀ ਹੈ, ਜਦ ਕਿ ਔਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਖਿਲਾਫ ਮਾਰਚ ਮਹੀਨੇ ਤੋਂ ਅਕਤੂਬਰ, 2021 ਤੱਕ ਟੈਕਸ ਜਮਾ ਕਰਾਉਣ ਵਿੱਚ ਦੇਰੀ ਕਰਨ ਲਈ ਕਾਰਵਾਈ ਕੀਤੀ ਗਈ ਹੈ।ਇਸੇ ਤਰਾਂ ਦੀ ਕਾਰਵਾਈ ਕਰਦਿਆਂ, ਆਰ.ਟੀ.ਏ. ਅਥਾਰਟੀ ਫਰੀਦਕੋਟ ਨੇ 2 ਕਰੋੜ 62 ਲੱਖ ਰੁਪਏ ਦੀ ਬਕਾਇਆ ਟੈਕਸ ਰਾਸ਼ੀ ਵਾਲੇ 3 ਇੰਟੈਗ੍ਰਲ ਕੋਚ ਪਰਮਿਟਾਂ ਤੋਂ ਇਲਾਵਾ ਨਿਊ ਦੀਪ ਬੱਸ ਸਰਵਿਸ ਦੇ 73 ਆਮ ਬੱਸ ਪਰਮਿਟ ਰੱਦ ਕਰ ਦਿੱਤੇ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਮਾਲਵਾ ਬੱਸ ਸੇਵਾ ਦੇ 2 ਆਮ ਬੱਸ ਪਰਮਿਟ ਵੀ ਰੱਦ ਕਰ ਦਿੱਤੇ ਗਏ ਹਨ। ਉਧਰ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਇਹ ਕਾਰਵਾਈ ਬਕਾਇਆ ਟੈਕਸਾਂ ਦਾ ਭੁਗਤਾਨ ਨਾ ਕਰਨ ਅਤੇ ਸਿਸਟਮ ਨੂੰ ਧੋਖਾ ਦੇ ਕੇ ਸਰਕਾਰੀ ਖਜ਼ਾਨੇ ਨੂੰ ਢਾਹ ਲਾਉਣ ਵਾਲੇ ਕਸੂਰਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਠੱਲ ਪਾਉਣ ਦੇ ਮੱਦੇਨਜ਼ਰ ਕੀਤੀ ਗਈ ਹੈ।ਇਹ ਕਾਰਵਾਈ ਮੋਟਰ ਵਹੀਕਲ ਐਕਟ, 1988 ਦੀ ਧਾਰਾ 103 ਵਿੱਚ ਦਰਜ ਉਪਬੰਧਾਂ ਦੀ ਪਾਲਣਾ ਤਹਿਤ ਕੀਤੀ ਗਈ ਹੈ। ਉਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਗਲਤ ਕੰਮਾਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ, ਬੇਸ਼ੱਕ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ।