ਅਦਾਲਤ ਵਲੋਂ ਐਸ.ਟੀ.ਐਫ਼ ਦਾ ਡੀਐਸਪੀ ਬਾਇਜਤ ਬਰੀ
ਥਾਣਾ ਮੁਖੀ ਭੀਟੀ ਸਹਿਤ ਪੰਜ ਵਿਰੁਧ ਡੀਜੀਪੀ ਨੂੰ ਕਾਰਵਾਈ ਦੇ ਆਦੇਸ਼
ਸੁਖਜਿੰਦਰ ਮਾਨ
ਬਠਿੰਡਾ, 24 ਦਸੰਬਰ: ਕਰੀਬ ਸਵਾ ਸਾਲ ਪਹਿਲਾਂ ਬਲਾਤਕਾਰ ਦੇ ਕਥਿਤ ਝੂਠੇ ਦੋਸ਼ਾਂ ਹੇਠ ਫ਼ਸਾਏ ਪੰਜਾਬ ਪੁਲਿਸ ਦੇ ਡੀਐਸਪੀ ਗੁਰਸ਼ਰਨ ਸਿੰਘ ਨੂੰ ਅਦਾਲਤ ਨੇ ਨਾ ਸਿਰਫ਼ ਬਾਇਜਤ ਬਰੀ ਕਰ ਦਿੱਤਾ, ਬਲਕਿ ਪੀੜਤ ਡੀਐਸਪੀ ਵਿਰੁਧ ਕੇਸ ਦਰਜ਼ ਕਰਨ ਵਾਲੇ ਥਾਣਾ ਸਿਵਲ ਲਾਈਨ ਦੇ ਐਸ.ਐਚ.ਓ ਰਵਿੰਦਰ ਸਿੰਘ ਭੀਟੀ, ਐਸ.ਆਈ ਅਮਨਦੀਪ ਕੌਰ ਅਤੇ ਐਸ.ਆਈ ਹਰਪਿੰਦਰ ਕੌਰ ਵਿਰੁਧ ਕਾਰਵਾਈ ਲਈ ਡੀਜੀਪੀ ਨੂੰ ਵੀ ਆਦੇਸ਼ ਦਿੱਤੇ ਹਨ। ਇਸਦੇ ਨਾਲ ਹੀ ਉਕਤ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਨੇ ਧਾਰਾ 344 ਸੀਆਰਪੀਸੀ ਤਹਿਤ ਆਗਾਮੀ 10 ਜਨਵਰੀ ਨੂੰ ਅਦਾਲਤ ਵਿਚ ਤਲਬ ਕਰ ਲਿਆ ਹੈ। ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਪੁਲਿਸ ਅਧਿਕਾਰੀਆਂ ਵਲੋਂ ਮੁਦਈ ਬਣਾਈ ਔਰਤ ਤੇ ਉਸਦੇ ਪਤੀ ਨਾਲ ਮਿਲਕੇ ਇੱਕ ਇਮਾਨਦਾਰ ਪੁਲਿਸ ਅਫ਼ਸਰ ਨੂੰ ਝੂਠੇ ਕੇਸ ਵਿਚ ਫ਼ਸਾਉਣ ’ਤੇ ਝਾੜਾਂ ਪਾਉਂਦਿਆਂ ਸਰਕਾਰ ਨੂੰ 2 ਲੱਖ ਰੁਪਏ ਦਾ ਮੁਆਵਜ਼ਾ ਵੀ ਉਕਤ ਡੀਐਸਪੀ ਨੂੰ ਦੇਣ ਦੇ ਵੀ ਹੁਕਮ ਦਿੱਤੇ ਹਨ, ਜਿਹੜਾ ਬਾਅਦ ਵਿਚ ਉਕਤ ਪੁਲਿਸ ਅਧਿਕਾਰੀਆਂ ਕੋਲੋ ਲਿਆ ਜਾ ਸਕਦਾ ਹੈ। ਉਧਰ ਪਤਾ ਚੱਲਿਆ ਹੈ ਕਿ ਪੀੜਤ ਡੀਐਸਪੀ ਗੁਰਸਰਨ ਸਿੰਘ ਨੇ ਥਾਣਾ ਮੁਖੀ ਰਵਿੰਦਰ ਸਿੰਘ ਭੀਟੀ ਤੇ ਦੋਨਾਂ ਮਹਿਲਾ ਥਾਣੇਦਾਰੀਆਂ ਸਹਿਤ ਇਸ ਕੇਸ ਵਿਚ ਮੁਦਈ ਬਣੀ ਔਰਤ ਤੇ ਉਸਦੇ ਪੁਲਿਸ ਤੋਂ ਬਰਖ਼ਾਸਤ ਮੁਲਾਜਮ ਪਤੀ ਵਿਰੁਧ ਕਾਰਵਾਈ ਲਈ ਅੱਜ ਡੀਜੀਪੀ ਨੂੰ ਸਿਕਾਇਤ ਦੀ ਕਾਪੀ ਸੋਂਪ ਦਿੱਤੀ ਹੈ। ਗੌਰਤਲਬ ਹੈ ਕਿ ਐਸਟੀਐਫ ਦੇ ਤਤਕਾਲੀ ਡੀਐਸਪੀ ਗੁਰਸਰਨ ਸਿੰਘ ਨੂੰ 26 ਅਕਤੂਬਰ 2020 ਨੂੰ ਪੁਲੀਸ ਥਾਣਾ ਸਿਵਲ ਲਾਈਨ ਦੇ ਮੁਖੀ ਐਸ.ਐਚ.ਓ ਰਵਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਹਨੂੰਮਾਨ ਚੌਕ ਕੋਲ ਸਥਿਤ ਇੱਕ ਨਿੱਜੀ ਹੋਟਲ ਵਿੱਚ ਔਰਤ ਨਾਲ ਗਿ੍ਰਫਤਾਰ ਕਰਕੇ ਉਸਦੇ ਵਿਰੁਧ ਜਬਰ ਜਨਾਹ ਦਾ ਕੇਸ ਦਰਜ ਕਰ ਦਿਤਾ ਸੀ। ਇਸ ਮਾਮਲੇ ਵਿਚ ਡੀਐਸਪੀ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਹਰਪਿੰਦਰ ਸਿੰਘ ਸਿੱਧੂ ਨੇ ਦਸਿਆ ਕਿ ਕੇਸ ਦਰਜ਼ ਕਰਵਾਉਣ ਵਾਲੀ ਮਹਿਲਾ ਨੇ ਖ਼ੁਦ ਅਦਾਲਤ ਸਾਹਮਣੇ ਇਹ ਸਵੀਕਾਰ ਕਰ ਲਿਆ ਸੀ ਕਿ ਉਸਨੇ ਉਕਤ ਡੀਐਸਪੀ ਵਿਰੁਧ ਪੁਲਿਸ ਅਫ਼ਸਰਾਂ ਦੇ ਕਹਿਣ ’ਤੇ ਹੀ ਇਹ ਕੇਸ ਦਰਜ਼ ਕਰਵਾਇਆ ਸੀ ਤੇ ਪਰਚਾ ਦਰਜ਼ ਕਰਨ ਸਮੇਂ ਉਸ ਕੋਲੋ ਸਿਰਫ਼ ਖ਼ਾਲੀ ਕਾਗਜ਼ਾਂ ’ਤੇ ਦਸਖ਼ਤ ਕਰਵਾਏ ਗਏ ਸਨ। ਇਸਦੇ ਇਲਾਵਾ ਡੀਐਨਏ ਦੀ ਰੀਪੋਰਟ ਵੀ ਨੈਗੇਟਿਵ ਆਈ ਸੀ। ਪੀੜਤ ਡੀਐਸਪੀ ਦੇ ਵਕੀਲ ਦਾ ਪੱਖ ਸੀ ਕਿ 11 ਮਹੀਨੇ ਐਸ.ਟੀ.ਐਫ਼ ਦਾ ਮੁਖੀ ਰਹਿਣ ਦੌਰਾਨ ਉਸਦੇ ਮੁਵੱਕਲ ਨੇ 156 ਤਸਕਰਾਂ ਵਿਰੁਧ ਪਰਚੇ ਦਰਜ਼ ਕੀਤੇ ਸਨ ਤੇ ਉਹ ਅਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਿਹਾ ਸੀ ਤੇ ਇਸਦਾ ਇਨਾਮ ਉਸਨੂੰ ਵਿਭਾਗ ਦੇ ਸਾਥੀਆਂ ਨੇ ਇਹ ਝੂਠਾ ਪਰਚਾ ਦਰਜ਼ ਕਰਕੇ ਦਿੱਤਾ ਹੈ। ਐਡਵੋਕੇਟ ਸਿੱਧੂ ਨੇ ਦਸਿਆ ਕਿ ਅਦਾਲਤ ਦੇ ਫੈਸਲੇ ਦੀ ਕਾਪੀ ਵਿਚ ਸਪੱਸ਼ਟ ਤੌਰ ’ਤੇ ਡੀਐਸਪੀ ਨੂੰ ਇੱਕ ਗਿਣੀ-ਮਿਥੀ ਸਾਜ਼ਸ ਤਹਿਤ ਫ਼ਸਾਉਣ ਦੇ ਚੱਲਦਿਆਂ ਧਾਰਾ 218, 468,469,471 ਤੇ 120 ਬੀ ਆਈ.ਪੀ.ਸੀ ਤਹਿਤ ਉਕਤ ਪੁਲਿਸ ਅਫ਼ਸਰਾਂ ਤੇ ਮੁਦਈ ਤੇ ਉਸਦੇ ਪਤੀ ਵਿਰੁਧ ਕਾਰਵਾਈ ਕਰਨ ਲਈ ਕਿਹਾ ਹੈ।
ਬਾਕਸ
‘ਭਣੌਈਏ’ ਵਿਰੁਧ ਪਰਚਾ ਦਰਜ਼ ਹੋਣ ਦੀ ਨਮੋਸੀ ’ਚ ਖ਼ੁਦਕਸ਼ੀ ਕਰ ਗਿਆ ਸੀ ‘ਸਾਲਾ’
ਬਠਿੰਡਾ: ਇਸ ਕੇਸ ਦਾ ਇੱਕ ਹੋਰ ਦੁਖ਼ਦਾਈਕ ਪਹਿਲੂ ਇਹ ਵੀ ਹੈ ਕਿ ਅਪਣੇ ਇਮਾਨਦਾਰ ਡੀਐਸਪੀ ਭਣੌਈਏ ਨੂੰ ਇਸ ਤਰ੍ਹਾਂ ਪੁਲਿਸ ਵਲੋਂ ਬਲਾਤਕਾਰ ਦੇ ਝੂਠੇ ਕੇਸ ਵਿਚ ਫ਼ਸਾਉਣ ਤੋਂ ਦੁਖ਼ੀ ਉਸਦਾ ਸਾਲਾ ਕੰਵਲਜੀਤ ਸਿੰਘ ਸਿੱਧੂ( ਜੋਕਿ ਬਠਿੰਡਾ ਇਲਾਕੇ ਦਾ ਉੰਘਾ ਪੱਤਰਕਾਰ ਵੀ ਸੀ)ਖ਼ੁਦਕਸ਼ੀ ਕਰ ਗਿਆ ਸੀ। ਹਾਲਾਂਕਿ ਪੁਲਿਸ ਨੇ ਇਸ ਖ਼ੁਦਕਸ਼ੀ ਦੇ ਕੇਸ ਵਿਚ ਉਕਤ ਔਰਤ, ਉਸਦੇ ਪਤੀ ਤੇ ਦੋ ਪੁੱਤਰਾਂ ਵਿਰੁਧ ਪਰਚਾ ਦਰਜ਼ ਕਰ ਲਿਆ ਸੀ ਪ੍ਰੰਤੂ ਪੁਲਿਸ ਦੀ ਅਪਣੇ ਹੀ ਸਾਥੀ ਨੂੰ ਫ਼ਸਾਉਣ ਦੀ ਇਸ ਗੰਦੀ ਸਾਜਸ਼ ਕਾਰਨ ਕਈ ਘਰ ਤਬਾਹ ਹੋ ਗਏ।
Share the post "ਡੀਐਸਪੀ ਨੂੰ ਬਲਾਤਕਾਰ ਦੇ ਝੂਠੇ ਕੇਸ ’ਚ ਫ਼ਸਾਉਣ ਵਾਲਾ ਐਸ.ਐਚ.ਓ ਤੇ ਦੋ ਮਹਿਲਾ ਥਾਣੇਦਾਰਨੀਆਂ ਖ਼ੁਦ ਫ਼ਸੀਆਂ"