ਐਸ.ਐਸ.ਪੀ ਨੇ ਖ਼ੁਦ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਵਰਗੀਆਂ ਥਾਵਾਂ ਦਾ ਕੀਤਾ ਦੌਰਾ
ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਗੈਰ-ਸਮਾਜੀ ਅਨਸਰਾਂ ਵਿਰੁਧ ਕਾਰਵਾਈ ਕਰਨ ਦੇ ਮਕਸਦ ਨਾਲ ਅੱਜ ਬਠਿੰਡਾ ਪੁਲਿਸ ਵਲੋਂ ਜਨਤਕ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਐਸ.ਐਸ.ਪੀ ਜੇ.ਇਲਨਚੇਲੀਅਨ ਨੇ ਇਸ ਮੁਹਿੰਮ ਦਾ ਦੌਰਾ ਕਰਦਿਆਂ ਰੇਲਵੇ ਸਟੇਸ਼ਨ ਅਤੇ ਹੋਰ ਥਾਵਾਂ ’ਤੇ ਚੈਕਿੰਗ ਕੀਤੀ। ਡੀਜੀਪੀ ਦੀਆਂ ਹਿਦਾਇਤਾਂ ’ਤੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੀ ਇਸ ਮੁਹਿੰਮ ਵਿਚ ਪੁਲਿਸ ਦੀ ਵੱਡੀ ਨਫ਼ਰੀ ਤੈਨਾਤ ਕੀਤੀ ਹੋਈ ਸੀ। ਇਸ ਦੌਰਾਨ ਰੇਲਵੇ ਸਟੇਸ਼ਨ, ਬੱਸ ਅੱਡਿਆਂ ਤੋਂ ਇਲਾਵਾ ਮੁੱਖ ਬਜ਼ਾਰਾਂ ਅਤੇ ਹੋਰ ਜਨਤਕ ਥਾਵਾਂ ’ਤੇ ਨਾਕਾਬੰਦੀ ਕਰਕੇ ਤਲਾਸੀ ਮੁਹਿੰਮ ਚਲਾਈ ਗਈ ਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ। ਇਸ ਮੁਹਿੰਮ ਵਿਚ ਪੁਲਿਸ ਦਾ ਡਾਗ ਸੁਕਾਇਡ ਤੇ ਬੰਬ ਵਿਰੋਧੀ ਦਸਤਾ ਵੀ ਸ਼ਾਮਲ ਰਿਹਾ। ਐਸ.ਐਸ.ਪੀ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਹਰੇਕ ਇਲਾਕੇ ਵਿਚ ਸਬੰਧਤ ਪੁਲਿਸ ਅਫ਼ਸਰਾਂ ਦੀ ਅਗਵਾਈ ਵਿਚ ਇਹ ਮੁਹਿੰਮ ਚਲਾਈ ਗਈ ਸੀ ਤਾਂ ਕਿ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਸਕੇ ਤੇ ਗੈਰ ਸਮਾਜੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਇਹ ਵੀ ਦਸਿਆ ਕਿ ਆਉਣ ਵਾਲੇ ਦਿਨਾਂ ਵਿਚ ਕ੍ਰਿਸਮਿਸ ਅਤੇ ਨਵੇਂ ਸਾਲ ਵਰਗੇ ਮੌਕੇ ਆ ਰਹੇ ਹਨ, ਜਿਸ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਦੀ ਇਹ ਪਹਿਲ ਕਦਮੀ ਹੈ।
ਡੀਜੀਪੀ ਦੀਆਂ ਹਿਦਾਇਤਾਂ ’ਤੇ ਬਠਿੰਡਾ ਪੁਲਿਸ ਨੇ ਚਲਾਈ ਤਲਾਸੀ ਮੁਹਿੰਮ
6 Views