ਸੁਖਜਿੰਦਰ ਮਾਨ
ਬਠਿੰਡਾ, 28 ਫਰਵਰੀ: ਸਥਾਨਕ ਡੀ.ਏ.ਵੀ. ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਭਾਸ਼ਾ ਵਿਭਾਗ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਾਂਝੇ ਉੱਦਮ ਨਾਲ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਵਿਭਾਗ ਅਫ਼ਸਰ ਸ਼੍ਰੀ ਕਿ੍ਰਪਾਲ ਸਿੰਘ ਨੇ ਸਵਾਗਤੀ ਭਾਸ਼ਣ ਦਿੰਦੇ ਹੋਏ ਮਾਤ-ਭਾਸ਼ਾ ਦਿਵਸ ਦੀ ਮੁਬਾਰਕਬਾਦ ਦਿੱਤੀ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਹਰਵਿੰਦਰ ਸਿੰਘ (ਪ੍ਰੋ. ਸਰਕਾਰੀ ਕਾਲਜ ਲੜਕੀਆਂ ਸਿਰਸਾ) ਨੇ ਕੀਤੀ। ਡੀ.ਏ.ਵੀ. ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਪ੍ਰੋ. ਪਰਵੀਨ ਕੁਮਾਰ ਗਰਗ ਨੇ ਇਸ ਸਾਂਝੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਨਾਲ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ। ਡਾ. ਜੀਤ ਸਿੰਘ ਜੋਸ਼ੀ ਨੇ ਮਾਂ ਬੋਲੀ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਸੁਰਜੀਤ ਪਾਤਰ ਅਤੇ ਫਿਰੋਜਦੀਨ ਸ਼ਰਫ ਦੀਆਂ ਕਾਵਿ ਸਤਰਾਂ ਵਿਦਿਆਰਥੀਆਂ ਦੇ ਸਨਮੁਖ ਰੱਖੀਆਂ। ਅੰਤ ਵਿਚ ਕਿ੍ਰਪਾਲ ਸਿੰਘ ਨੇ ਪ੍ਰੋ. ਪ੍ਰਵੀਨ ਕੁਮਾਰ ਗਰਗ, ਪ੍ਰੋ. ਰਵਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ, ਡਾ. ਸੁਖਦੀਪ ਕੌਰ, ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ, ਡਾ. ਹਰਵਿੰਦਰ ਸਿੰਘ, ਡਾ. ਰਾਜਿੰਦਰ ਸਿੰਘ, ਡਾ. ਜੀਤ ਸਿੰਘ ਜੋਸ਼ੀ, ਸੁਖਦਰਸ਼ਨ ਗਰਗ, ਲਛਮਣ ਸਿੰਘ ਮਲੂਕਾ ਸਮੇਤ ਵੱਖ-ਵੱਖ ਕਾਲਜਾਂ ਤੋਂ ਆਏ ਅਧਿਆਪਕ ਸਾਹਿਬਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਡੀ.ਏ.ਵੀ. ਕਾਲਜ ਵਲੋਂ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ
7 Views