ਕੈਮਿਸਟਾਂ ’ਚ ਖੁਸ਼ੀ ਦੀ ਲਹਿਰ, ਸਰਕਾਰ ਵੱਲੋਂ ਕੈਮਿਸਟਾਂ ਦੇ ਹੱਕ ’ਚ ਜਲਦ ਲਿਆ ਜਾਵੇਗਾ ਫੈਸਲਾ : ਅਸ਼ੋਕ ਬਾਲਿਆਂਵਾਲੀ
ਸੁਖਜਿੰਦਰ ਮਾਨ
ਬਠਿੰਡਾ, 13 ਫਰਵਰੀ : ਦੇਸ਼ ਭਰ ਦੇ ਕੈਮਿਸਟਾਂ ਵਿੱਚ ਰੋਸ਼ ਦੀ ਲਹਿਰ ਨੂੰ ਵੇਖਦਿਆਂ ਡੀ.ਸੀ.ਜੀ.ਆਈ. ਵੱਲੋਂ ਨੇ ਏ.ਆਈ.ਓ.ਸੀ.ਡੀ. ਦੇ ਵਫਦ ਨਾਲ ਮੀਟਿੰਗ ਕਰਨ ਤੋਂ ਬਾਅਦ ਈ-ਫਾਰਮੇਸੀਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ, ਜਿਸ ਕਾਰਨ ਦੇਸ਼ ਭਰ ਦੇ ਕੈਮਿਸਟਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਦਿ ਬਠਿੰਡਾ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ (ਟੀ.ਬੀ.ਡੀ.ਸੀ.ਏ.) ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਏ.ਆਈ.ਓ.ਸੀ.ਡੀ. ਵੱਲੋਂ ਕੇਂਦਰ ਸਰਕਾਰ ਨੂੰ ਲਗਾਤਾਰ ਸੁਚੇਤ ਕੀਤਾ ਜਾ ਰਿਹਾ ਸੀ ਕਿ ਡਰੱਗ ਐਕਟ ਆਫ਼ ਇੰਡੀਆ ਅਤੇ ਹੋਰ ਹੁਕਮਾਂ ਤਹਿਤ ਜਨ ਸਿਹਤ ਲਈ ਖ਼ਤਰਨਾਕ ਦਵਾਈਆਂ ਦੀ ਆਨਲਾਈਨ ਵਿਕਰੀ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਮੁਨਾਫ਼ੇ ਵਾਲੀਆਂ ਸਕੀਮਾਂ ਤਹਿਤ ਇਸ਼ਤਿਹਾਰ ਜਾਰੀ ਕਰਨ ਦੀ ਇਜਾਜ਼ਤ ਹੈ, ਫਿਰ ਵੀ ਈ-ਫ਼ਾਰਮੇਸੀਜ ਵੱਲੋਂ ਔਨਲਾਈਨ ਦਵਾਈਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਦੇਸ਼ ਵਿੱਚ ਈ-ਫਾਰਮੇਸੀਜ ਨੇ ਦਵਾਈਆਂ ਦਾ ਵਪਾਰ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਨਕਲੀ ਦਵਾਈਆਂ ਦੀ ਭਰਮਾਰ ਦੇ ਨਾਲ-ਨਾਲ ਪਾਬੰਦੀਸ਼ੁਦਾ ਦਵਾਈਆਂ ਵੀ ਆਮ ਲੋਕਾਂ ਤੱਕ ਆਸਾਨੀ ਨਾਲ ਪਹੁੰਚ ਰਹੀਆਂ ਹਨ, ਜਿਸ ਕਾਰਨ ਨਸ਼ੇ ਨੂੰ ਵੀ ਬੜ੍ਹਾਵਾ ਮਿਲ ਰਿਹਾ ਹੈ। ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਆਨਲਾਈਨ ਐਪ ਰਾਹੀਂ ਨਾਰਕੋਟਿਕ ਡਰੱਗਜ਼, ਪ੍ਰੈਗਨੈਂਸੀ ਟਰਮੀਨੇਸ਼ਨ ਕਿੱਟਾਂ, ਐਂਟੀਬਾਇਓਟਿਕਸ, ਸਿੰਥੈਟਿਕ ਡਰੱਗਜ਼ ਦੀ ਸਪਲਾਈ ਨੂੰ ਆਸਾਨ ਬਣਾਇਆ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦੀ ਹੀ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਕੈਮਿਸਟਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਈ-ਫਾਰਮੇਸੀਜ ਖਿਲਾਫ ਸਰਕਾਰ ਦੇ ਇਸ ਫੈਸਲੇ ਦਾ ਦੇਸ਼ ਭਰ ਦੇ ਕੈਮਿਸਟਾਂ ਨੂੰ ਹੀ ਨਹੀਂ, ਸਗੋਂ ਆਮ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਅਤੇ ਨਸ਼ੇ ’ਤੇ ਵੀ ਰੋਕ ਲੱਗੇਗੀ।
Share the post "ਡੀ.ਸੀ.ਜੀ.ਆਈ. ਵੱਲੋਂ ਇੰਟਰਨੈੱਟ ’ਤੇ ਦਵਾਈਆਂ ਵੇਚਣ ਵਾਲੀਆਂ ਈ-ਫਾਰਮੇਸੀਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ"