ਸੁਖਜਿੰਦਰ ਮਾਨ
ਬਠਿੰਡਾ, 12 ਜਨਵਰੀ: ਪਿਛਲੇ ਦਿਨੀਂ ਡੇਰਾ ਸਿਰਸਾ ਦੀ ਬਠਿੰਡਾ ਸਥਿਤ ਬ੍ਰਾਂਚ ਸਲਾਬਤਪੁਰਾ ਵਿਖੇ ਹੋਏ ਵੱਡੇ ਇਕੱਠ ’ਚ ਹਾਜ਼ਰੀ ਭਰਨ ਵਾਲੇ ਸਿੱਖ ਆਗੂਆਂ ਵਿਰੁਧ ਸ਼ਹਿਰ ਦੀ ਸਿੱਖ ਸੰਸਥਾ ਖ਼ਾਲਸਾ ਦੀਵਾਨ ਦੇ ਮੁਖੀ ਨੇ ਮੋਰਚਾ ਖੋਲ ਦਿੱਤਾ ਹੈ। ਅੱਜ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਕਈ ਜਥੇਬੰਦੀਆਂ ਦੀ ਹਾਜ਼ਰੀ ’ਚ ਸੰਸਥਾ ਦੇ ਮੁਖੀ ਵਰਿੰਦਰ ਸਿੰਘ ਬੱਲਾ ਨੇ ਕਿਹਾ ਕਿ ‘‘ ਸ੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਸਿਰਸਾ ਨਾਲ ਸਿੱਖਾਂ ਨੂੰ ਕੋਈ ਸਾਂਝ ਨਾ ਰੱਖਣ ਦੇ ਹੁਕਮ ਹੋਏ ਹਨ, ਇਸਦੇ ਬਾਵਜੂਦ ਕਈ ਸਿੱਖ ਆਗੂ ਉਥੇ ਜਾ ਰਹੇ ਹਨ। ’’ ਉਨ੍ਹਾਂ ਐਲਾਨ ਕੀਤਾ ਕਿ ਇਸ ਫੈਸਲੇ ਦੀ ਉਲੰਘਣਾ ਦੇ ਵਿਰੁਧ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਿਕਾਇਤ ਭੇਜਣਗੇ। ਇਸ ਮੌਕ ਉਨ੍ਹਾਂ ਅਜਿਹੇ ਲੀਡਰਾਂ ਦੇ ਬਾਈਕਾਟ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਚੰਦ ਵੋਟਾਂ ਦੀ ਖ਼ਾਤਰ ਸੌਦਾ ਸਾਧ ਦੇ ਦਰਵਾਜ਼ੇ ’ਤੇ ਜਾਣਾ ਕਤਈ ਸਹੀਂ ਨਹੀਂ ਹੈ।
ਭਾਈ ‘ਬੱਲਾ’ ਖੁਦ ਵੀ ਫ਼ੜ ਚੁੱਕੇ ਹਨ ਕਾਂਗਰਸ ਦਾ ‘ਪੱਲਾ’
ਬਠਿੰਡਾ: ਉਧਰ ਖ਼ਾਲਸਾ ਦੀਵਾਨ ਦੇ ਪ੍ਰਧਾਨ ਵਲੋਂ ਕੀਤੀ ਇਸ ਪ੍ਰੈਸ ਕਾਨਫਰੰਸ ਨੂੰ ਸਿਆਸਤ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ, ਕਿਉਂਕਿ ਪ੍ਰਧਾਨ ਸਾਹਿਬ ਖ਼ੁਦ ਵੀ ਕੁੱਝ ਸਮਾਂ ਪਹਿਲਾਂ ਕਾਂਗਰਸ ਪਾਰਟੀ ਦਾ ਪੱਲਾ ਫ਼ੜ ਚੁੱਕੇ ਹਨ। ਹਾਲਾਂਕਿ ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਕਿ ‘‘ਬੇਸ਼ੱਕ ਕਾਂਗਰਸ ਪਾਰਟੀ ਨੇ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ-ਢੇਰੀ ਕੀਤਾ ਸੀ ਪਰ ਉਸਨੂੰ ਮਜਬੂਰੀਵਸ ਅਪਣੀ ਸੰਸਥਾ ਨੂੰ ਚੱਲਦਾ ਰੱਖਣ ਲਈ ਵਿਤ ਮੰਤਰੀ ਦੀ ਹਿਮਾਇਤ ਲੈਣੀ ਪਈ ਸੀ। ’’
Share the post "ਡੇਰਾ ਸਿਰਸਾ ਦੇ ਸਮਾਗਮ ’ਚ ਜਾਣ ਵਾਲੇ ਆਗੂਆਂ ਵਿਰੁਧ ਨਿੱਤਰੀਆਂ ਸਿੱਖ ਜਥੇਬੰਦੀਆਂ"