ਸੁਖਜਿੰਦਰ ਮਾਨ
ਬਠਿੰਡਾ, 16 ਫਰਵਰੀ : ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ’ਮੈਂ ਪੰਜਾਬੀ, ਬੋਲੀ ਪੰਜਾਬੀ’ ਨਾਮ ਹੇਠ 1 ਫਰਵਰੀ ਤੋਂ 21 ਫ਼ਰਵਰੀ ਤੱਕ ਚਲਾਈ ਜਾ ਰਹੀ ਮੁਹਿੰਮ ਨੂੰ ਜ਼ਿਲ੍ਹੇ ਵਿੱਚ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਸਥਾਨਕ ਢਾਬਾ ਐਸੋਸੀਏਸ਼ਨ ਅਤੇ ਬੇਕਰੀ ਐਸੋਸੀਏਸ਼ਨ ਸਮੇਤ ਕਈ ਸੰਗਠਨਾਂ ਨੇ ’ਮੈਂ ਪੰਜਾਬੀ, ਬੋਲੀ ਪੰਜਾਬੀ’ ਮੁਹਿੰਮ ਦੇ ਸਮਰਥਨ ’ਚ ਰੈਲੀ ਕੱਢੀ। ਇਸ ਰੈਲੀ ਨੂੰ ਜ਼ਿਲ੍ਹਾ ਸਿਹਤ ਅਫ਼ਸਰ ਸ਼੍ਰੀਮਤੀ ਊਸ਼ਾ ਗੋਇਲ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਢਾਬਾ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਨਰਿੰਦਰ ਸੋਨੀ, ਬੇਕਰੀ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਪੰਮੀ ਪੁਰੀ, ਖੋਜ ਅਫ਼ਸਰ ਨਵਪ੍ਰੀਤ ਸਿੰਘ ਸਮੇਤ ਹੋਰ ਕਈ ਸੰਗਠਨਾਂ ਦੇ ਅਹੁਦੇਦਾਰ ਮੌਜੂਦ ਸਨ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਸ਼੍ਰੀਮਤੀ ਊਸ਼ਾ ਗੋਇਲ ਨੇ ਕਿਹਾ ਕਿ ਇਸ ਮੁਹਿੰਮ ਨਾਲ ਸ਼ਹਿਰ ਦੇ ਵਪਾਰਕ ਸੰਗਠਨ ਆਪ-ਮੁਹਾਰੇ ਜੁੜ ਰਹੇ ਹਨ। ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਇਸ ਰੈਲੀ ਨੂੰ ਵੇਖ ਕਿ ਲਗਦਾ ਹੈ ਕਿ ਉਨ੍ਹਾਂ ਦੀ ਮਿਹਨਤ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਢਾਬਾ ਐਸੋਸੀਏਸ਼ਨ ਅਤੇ ਬੇਕਰੀ ਐਸੋਸੀਏਸ਼ਨ ਬਠਿੰਡਾ ਸਮੇਤ ਬਾਕੀ ਸੰਗਠਨਾਂ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਜਿਸ ਧਰਤੀ ਦਾ ਦਿੱਤਾ ਹੋਇਆ ਖਾਂਦੇ ਹਾਂ ਉਸ ਧਰਤੀ ਦੀ ਬੋਲੀ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼। ਉਨ੍ਹਾਂ ਕਿਹਾ ਕਿ ਉਹ ਬਾਕੀ ਵਪਾਰਕ ਸੰਗਠਨਾਂ, ਸੰਸਥਾਵਾਂ ਅਤੇ ਦੁਕਾਨ ਮਾਲਕਾਂ ਨੂੰ ਵੀ ਆਪਣੇ ਬੋਰਡ ਪਹਿਲ ਦੇ ਆਧਾਰ ’ਤੇ ਪੰਜਾਬੀ ਅਤੇ ਬਾਅਦ ਵਿੱਚ ਕਿਸੇ ਵੀ ਹੋਰ ਭਾਸ਼ਾ ਵਿੱਚ ਲਗਾਉਣ ਲਈ ਉਤਸ਼ਾਹਿਤ ਕਰਨਗੇ। ਇਸ ਮੌਕੇ ਗਨੇਸ਼ ਵੈਲਫ਼ੇਅਰ ਸੋਸਾਈਟੀ ਤੋਂ ਸ਼੍ਰੀ ਅਸ਼ੀਸ਼, ਐਂਟੀ ਕਰਪਸ਼ਨ ਐਸੋਸੀਏਸ਼ਨ ਤੋਂ ਸ਼੍ਰੀ ਗਰੋਵਰ, ਲਾਈਫ਼ ਸੇਵਿੰਗ ਸੋਸਾਈਟੀ ਤੋਂ ਸ਼੍ਰੀ ਸਚਿਨ ਸ਼ਰਮਾ, ਸਮਰਥ ਤੋਂ ਸ਼੍ਰੀ ਪੰਕਜ ਤੋਂ ਇਲਾਵਾ ਵੱਖ- ਵੱਖ ਸੰਗਠਨਾਂ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ ।
Share the post "ਢਾਬਾ ਅਤੇ ਬੇਕਰੀ ਐਸੋਸੀਏਸ਼ਨ ਸਮੇਤ ਕਈ ਸੰਗਠਨਾਂ ਨੇ ’ਮੈਂ ਪੰਜਾਬੀ, ਬੋਲੀ ਪੰਜਾਬੀ’ ਮੁਹਿੰਮ ਦੇ ਸਮਰਥਨ ’ਚ ਕੱਢੀ ਰੈਲੀ"