ਸੁਖਜਿੰਦਰ ਮਾਨ
ਬਠਿੰਡਾ, 14 ਜੁਲਾਈ: ਬੀਤੇ ਕੱਲ ਦਿਨ ਦਿਹਾੜੇ ਸਥਾਨਕ ਇਤਿਹਾਸਕ ਸ਼ਹਿਰ ਦੀ ਪਟਵਾਰੀ ਕਲੌਨੀ ਦੇ ਇੱਕ ਘਰ ਵਿਚੋਂ ਹੋਈ ਲੱਖਾਂ ਦੀ ਨਗਦੀ, ਗਹਿਣੇ ਤੇ ਬੰਦੂਕ ਦੀ ਚੋਰੀ ਦਾ ਮਾਮਲਾ ਪੁਲਿਸ ਨੇ 24 ਘੰਟਿਆਂ ਅੰਦਰ ਹੀ ਸੁਲਝਾ ਲਿਆ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਬੂਟਾ ਸਿੰਘ ਨੇ ਦਸਿਆ ਕਿ ਇਸ ਚੋਰੀ ਦੀ ਘਟਨਾ ਦੇ ਸਬੰਧ ਵਿਚ ਭਗਵਾਨ ਦਾਸ ਪੁੱਤਰ ਸੂਰਜ ਭਾਨ ਵਾਸੀ ਪਟਵਾਰੀ ਕਲੋਨੀ ਤਲਵੰਡੀ ਸਾਬੋ ਦੇ ਬਿਆਨਾਂ ਉਪਰ ਮੁਕੱਦਮਾ ਨੰਬਰ 138 ਮਿਤੀ 13-07-2023 ਅ/ਧ 454,380 ਆਈ.ਪੀ.ਸੀ ਦਰਜ਼ ਕੀਤਾ ਗਿਆ ਸੀ। ਇਸ ਚੋਰੀ ਦੀ ਘਟਨਾ ਵਿਚ ਚੋਰ ਦੁਪਹਿਰ ਸਮੇਂ ਮੁਦਈ ਦੇ ਘਰੋਂ 17 ਤੋਲੇ ਸੋਨਾ, 350 ਗਰਾਮ ਚਾਂਦੀ , 2 ਲੱਖ 25 ਹਜਾਰ ਰੁਪਏ, ਬੰਦੂਕ 12 ਬੋਰ ਡੀ.ਬੀ.ਬੀ.ਐੱਲ, 13 ਰੌਂਦ ਜਿੰਦਾ ਚੋਰੀ ਕਰਕੇ ਲੈ ਗਏ ਸਨ। ਪੁਲਿਸ ਨੇ ਇਸ ਮਾਮਲੇ ਨੂੰ ਤੁਰੰਤ ਹੱਲ ਕਰਦੇ ਹੋਏ ਕਥਿਤ ਦੋਸ਼ੀਆਨ ਸੰਦੀਪ ਸਿੰਘ ਉਰਫ ਬੰਗਾ ਵਾਸੀ ਤਾਰੂਆਣਾ ਅਤੇ ਗੋਰਾ ਸਿੰਘ ਬੰਗੀ ਕਲਾਂ ਨੂੰ ਗ੍ਰਿਫਤਾਰ ਕਰਕੇ ਗੋਰਾ ਸਿੰਘ ਦੀ ਨਿਸ਼ਾਨਦੇਹੀ ’ਤੇ ਕਾਫ਼ੀ ਸਾਰਾ ਸਮਾਨ ਵੀ ਬਰਾਮਦ ਕਰਵਾ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਨੇ ਅਪਣੇ ਘਰ ਦੇ ਕਮਰੇ ਵਿੱਚ ਪੇਟੀ ਹੇਠਾਂ ਇਹ ਚੋਰੀ ਦਾ ਮਾਲ ਲੁਕਾ ਛੁਪਾਕੇ ਰੱਖੇ ਹੋਇਆ ਸੀ। ਜਿਸ ਵਿਚ ਸੋਨੇ ਅਤੇ ਚਾਂਦੀ ਦੇ ਗਹਿਣੇ ਤਿੰਨ ਚੈਨਾਂ ਲੇਡੀਜ, ਦੋ ਲੌਕਟ ਸੋਨਾ, ਇੱਕ ਜੋੜਾ ਵਾਲੀਆ ਲੇਡੀਜ ਸੋਨਾ, ਇੱਕ ਜੋੜਾ ਟੌਪਸ ਛੋਟੇ ਬੱਚੇ ਦੇ ਸੋਨਾ,ਦੋ ਕੋਕੇ ਸੋਨਾ,ਤਿੰਨ ਚੂੜੀਆ ਸੋਨਾ, ਦੋ ਡੰਡ ਚਾਂਦੀ ਤਿੰਨ ਜੋੜੇ ਸਗਲੇ ਚਾਂਦੀ,ਦੋ ਚੂੜੀਆ ਚਾਂਦੀ ਚਾਰ ਜੋੜੇ ਬਾਜਰਾ ਚਾਂਦੀ, ਦੋ ਚੈਨਾ ਚਾਂਦੀ,ਚਾਰ ਛਾਪਾਂ ਚਾਂਦੀ ਇੱਕ ਚੌਕੀ ਚਾਂਦੀ ਅਤੇ 18 ਸਿੱਕੋ ਚਾਂਦੀ ਬ੍ਰਾਮਦ ਕਰਵਾਏ ਗਏ। ਇਸੇ ਤਰ੍ਹਾਂ ਦੂਜੇ ਕਥਿਤ ਦੋਸੀ ਸੰਦੀਪ ਉਰਫ ਬੰਗਾ ਸਿੰਘ ਨੂੰ ਵੀ ਕਾਬੂ ਕਰਕੇ ਉਸਦੀ ਨਿਸ਼ਾਨਦੇਹੀ ’ਤੇ ਚੋਰੀ ਕੀਤੀ ਬੰਦੂਕ 12 ਬੋਰ ਅਤੇ ਕਾਰਤੂਸਾਂ ਤੋਂ ਇਲਾਵਾ 1,16000 ਰੁਪਏ ਵੀ ਬਰਾਮਦ ਕਰਵਾ ਲਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਇਹਨਾਂ ਕਥਿਤ ਦੋਸੀਆਂ ਦੇ ਨਾਲ ਸਹਿਯੋਗ ਕਰਨ ਵਾਲੀ ਇੱਕ ਔਰਤ ਗਗਨਦੀਪ ਕੌਰ ਜੋਕਿ ਸੰਦੀਪ ਦੀ ਪਤਨੀ ਵੀ ਦਸੀ ਜਾ ਰਹੀ ਹੈ, ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਪਤਾ ਲੱਗਿਆ ਹੈ ਕਿ ਸੰਦੀਪ ਸਿੰਘ ਉਰਫ ਬੰਗਾ ਵਿਰੁਧ ਪਹਿਲਾਂ ਵੀ 9 ਮੁਕੱਦਮੇ ਦਰਜ਼ ਹਨ।
Share the post "ਤਲਵੰਡੀ ਸਾਬੋ ਪੁਲਿਸ ਨੇ ਪਟਵਾਰੀ ਕਲੌਨੀ ’ਚ ਚੋਰੀ ਦੀ ਘਟਨਾ 12 ਘੰਟਿਆਂ ’ਚ ਸੁਲਝਾਈ"