ਸੁਖਜਿੰਦਰ ਮਾਨ
ਲਹਿਰਾਗਾਗਾ, 18 ਅਪ੍ਰੈਲ: ਤਿੰਨ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਪ੍ਰਾਇਮਰੀ ਅਧਿਆਪਕਾਂ ਵਲੋਂ ਅੱਜ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ, ਐਲੀਮੈਂਟਰੀ ਟੀਚਰਜ ਯੂਨੀਅਨ , 4500 ਅਤੇ 2005 ਅਧਿਆਪਕ ਯੂਨੀਅਨ ਅਤੇ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨਾਲ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਵਿਖੇ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ, ਜਰਨਲ ਸਕੱਤਰ ਹਰਭਗਵਾਨ ਗੁਰਨੇ, ਪ੍ਰੈਸ ਸਕੱਤਰ ਦਾਤਾ ਸਿੰਘ ਨਮੋਲ, ਕਿਰਨਪਾਲ ਸਿੰਘ ਗਾਗਾ, ਗੋਰਾ ਸਿੰਘ ਸ਼ਾਦੀਹਰੀ ਅਤੇ ਸੁਖਚੈਨ ਸਿੰਘ ਨੇ ਦੱਸਿਆ ਕਿ ਵੱਡੀ ਗਿਣਤੀ ‘ਚ ਅਧਿਆਪਕ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਹਨ, ਜਿਸ ਕਾਰਨ ਉਨ੍ਹਾਂ ‘ਚ ਭਾਰੀ ਰੋਸ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਹੀ ਤਿੰਨ ਮਹੀਨਿਆਂ ਤੋਂ ਰੁਕੀ ਅਧਿਆਪਕਾਂ ਦੀ ਤਨਖਾਹ ਅਤੇ ਬਕਾਏ ਜਾਰੀ ਕੀਤੇ ਜਾਣ। ਡੀਟੀਐਫ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਪਸ਼ੌਰ, ਜਰਨਲ ਸਕੱਤਰ ਗੁਰਮੀਤ ਸੇਖੂਵਾਸ ਨੇ ਦੱਸਿਆ ਕਿ ਸਾਢੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਅਧਿਆਪਕ ਮਾਨਸਿਕ ਪਰੇਸ਼ਾਨੀ ‘ਚੋਂ ਗੁਜ਼ਰ ਰਹੇ ਹਨ। ਜਥੇਬੰਦੀਆਂ ਵੱਲੋਂ ਤਨਖਾਹਾਂ ਦੀ ਪ੍ਰਾਪਤੀ ਤੱਕ ਰੋਸ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਅਧਿਆਪਕਾਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਅਧਿਆਪਕਾਂ ਦੇ ਬੰਦ ਕੀਤੇ ਭੱਤੇ ਅਤੇ ਏ.ਸੀ.ਪੀ ਬਹਾਲ ਕੀਤੇ ਜਾਣ। ਇਸ ਮੌਕੇ ਭਰਾਤਰੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾ) ਵੱਲੋਂ ਮਾਸਟਰ ਗੁਰਚਰਨ ਖੋਖਰ ਅਤੇ ਇਕਾਈ ਪ੍ਰਧਾਨ ਬਿੱਕਰ ਖੋਖਰ, ਜਮਹੂਰੀ ਅਧਿਕਾਰ ਸਭਾ ਵੱਲੋ ਸਾਬਕਾ ਲੈਕਚਰਾਰ ਵਿਸ਼ਵਕਾਂਤ ਨੇ ਧਰਨੇ ‘ਚ ਸਾਮਿਲ ਅਧਿਆਪਕਾਂ ਨੂੰ ਸੰਘਰਸਾਂ ਸੰਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਅੰਤ ਵਿੱਚ ਬਲਾਕ ਸਿੱਖਿਆ ਅਫਸਰ ਵੱਲੋਂ ਜਥੇਬੰਦੀਆਂ ਨੂੰ ਭਰੋਸਾ ਦਵਾਇਆ ਗਿਆ ਕਿ ਜਨਵਰੀ, ਫਰਵਰੀ ਅਤੇ ਮਾਰਚ ਦੀ ਤਨਖਾਹ ਦੇ ਬਿਲ ਖਜਾਨਾ ਦਫਤਰ ਦੇ ਦਿੱਤੇ ਹਨ। ਕੱਲ੍ਹ ਤੱਕ ਹਰ ਹਾਲਤ ‘ਚ ਤਨਖਾਹ ਅਧਿਆਪਕਾਂ ਦੇ ਖਾਤਿਆਂ ‘ਚ ਪੈ ਜਾਵੇਗੀ ਅਤੇ ਜਥੇਬੰਦੀਆਂ ਨੂੰ ਇਸਦੀ ਕਾਪੀ ਵੀ ਸੌਂਪੀ। ਇਸ ਰੋਸ ਧਰਨੇ ‘ਚ ਬਲਾਕ ਲਹਿਰਾਗਾਗਾ ਦੇ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।
Share the post "ਤਿੰਨ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਦੇ ਰੋਸ ਵਜੋਂ ਆਧਿਆਪਕਾਂ ਨੇ ਦਿੱਤਾ ਰੋਸ ਧਰਨਾ"