ਸਮੂਹ ਵਰਗਾਂ ਨੂੰ ਕੌਮੀ ਸ਼ਹੀਦਾਂ ਦੇ ਵਿਚਾਰਾਂ ’ਤੇ ਪਹਿਰਾ ਦੇਣ ਦੀ ਲੋੜ:-ਜਗਰੂਪ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਜੀ.ਐੱਚ.ਟੀ.ਪੀ. ਲਹਿਰਾ ਮੁਹੱਬਤ ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਬੈਨਰ ਹੇਠ ਅੱਜ ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ,ਰਾਜਗੁਰੂ,ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਥਰਮਲ ਦੇ ਮੁੱਖ ਗੇਟ ਰੈਲੀ ਕਰਕੇ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਸਮੇਂ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਮਾ.ਗੁਰਮੁੱਖ ਸਿੰਘ ਆਗੂ ਲੋਕ ਮੋਰਚਾ ਪੰਜਾਬ,ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੂਬਾਈ ਆਗੂ ਜਗਰੂਪ ਸਿੰਘ ਲਹਿਰਾ,ਜਗਸੀਰ ਸਿੰਘ ਭੰਗੂ ਨੇ ਕਿਹਾ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ,ਰਾਜਗੁਰੂ,ਸੁਖਦੇਵ ਨੇ ਇਨਕਲਾਬ ਜਿੰਦਾਬਾਦ-ਸਾਮਰਾਜਬਾਦ ਮੁਰਦਾਬਾਦ ਦੇ ਨਆਰੇ ਰਾਹੀਂ ਜਗੀਰਦਾਰੀ ਦੇ ਨਾਲ਼-ਨਾਲ਼ ਸਾਮਰਾਜ ਨੂੰ ਦੇਸ ਵਿੱਚੋਂ ਬਾਹਰ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਸੀ ਕਿ ਜਦ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ ਅਤੇ ਜਦ ਤੱਕ ਸਮਾਜਿਕ ਬਰਾਬਰੀ ਨਹੀਂ ਹੁੰਦੀ ਤਦ ਤੱਕ ਅਸਲੀ ਆਜ਼ਾਦੀ ਦਾ ਆਨੰਦ ਨਹੀਂ ਮਾਣਿਆ ਜਾ ਸਕਦਾ। ਆਗੂਆਂ ਨੇ ਕਿਹਾ ਕਿ ਦੇਸ ਦੇ ਹਾਕਮਾਂ ਵੱਲੋਂ ਨਿੱਜੀਕਰਨ,ਉਦਾਰੀਕਰਨ,ਸੰਸਾਰੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਕੇ ਜਨਤਕ ਖੇਤਰ ਦੇ ਸਮੂਹ ਲੋਕ ਅਦਾਰਿਆਂ ਬਿਜਲੀ,ਪਾਣੀ,ਸਿਹਤ,ਸਿੱਖਿਆ,ਟਰਾਂਸਪੋਰਟ,ਰੇਲਵੇ,ਬੈਂਕਾਂ,ਐੱਲ.ਆਈ.ਸੀ.,ਹਵਾਈ ਅੱਡੇ,ਹਵਾਈ ਜਹਾਜ਼,ਜਲ-ਜੰਗਲ,ਕੋਇਲਾ ਖਾਣਾ,ਸਮੁੰਦਰੀ ਟਾਪੂਆਂ,ਖੇਤੀ ਖੇਤਰ ਸਮੇਤ ਸਭ ਕੁੱਝ ਨੂੰ ਸੇਲ ਤੇ ਲਾਕੇ ਲੋਕਾਂ ਦੇ ਰੁਜਗਾਰ ਅਤੇ ਸੁੱਖ-ਸਹੂਲਤਾਂ ਤੇ ਕੁਹਾੜਾ ਵਾਹਿਆ ਜਾ ਰਿਹਾ ਹੈ,ਪੱਕੇ ਰੁਜਗਾਰ ਦੇ ਮੌਕੇ ਘਟਾਏ ਜਾ ਰਹੇ ਹਨ ਅਤੇ ਠੇਕੇਦਾਰੀ ਸਿਸਟਮ ਰਾਹੀਂ ਕਿਰਤ ਦੀ ਲੁੱਟ ਹੋਰ ਤੇਜ ਕੀਤੀ ਜਾ ਰਹੀ ਹੈ,। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਾਦਲ ਸਿੰਘ ਭੁੱਲਰ,ਬਲਜਿੰਦਰ ਸਿੰਘ ਮਾਨ, ਹਰਜਿੰਦਰ ਸਿੰਘ,ਖੋਮਪਾਲ ਸਿੰਘ,ਗੁਰਸ਼ਰਨ ਸਿੰਘ,ਸਤਨਾਮ ਸਿੰਘ ਢਿੱਲੋਂ,ਗੁਰਪ੍ਰੀਤ ਸਿੰਘ,ਲਵਪ੍ਰੀਤ ਸਿੰਘ ਬੇਗਾ,ਕੁਲਵੰਤ ਸਿੰਘ,ਬਾਵਾ ਰਾਮ ਆਦਿ ਆਗੂ ਹਾਜ਼ਿਰ ਸਨ।
Share the post "ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਭਗਤ ਸਿੰਘ,ਰਾਜਗੁਰੂ,ਸੁਖਦੇਵ ਨੂੰ ਸ਼ਹੀਦੀ ਦਿਹਾੜੇ ’ਤੇ ਕੀਤਾ ਨਮਨ"