20 Views
ਸੁਖਜਿੰਦਰ ਮਾਨ
ਬਠਿੰਡਾ, 9 ਨਵੰਬਰ: ਵਿਜੀਲੈਂਸ ਬਿਉਰੋ ਦੀ ਬਠਿੰਡਾ ਰੇਂਜ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਜਿਲ੍ਹੇ ਦੇ ਥਾਣਾ ਨੇਹੀਆਂਵਾਲਾ ਦੇ ਐਸਐਚਓ ਬਲਕੌਰ ਸਿੰਘ ਅਤੇ ਇੱਥੇ ਤੈਨਾਤ ਥਾਣੇਦਾਰ ਪਰਮਜੀਤ ਸਿੰਘ ਨੂੰ ਇੱਕ ਜਮੀਨ ਵਿਵਾਦ ਵਿੱਚ 50 ਹਜ਼ਾਰ ਰੁਪਏ ਦੀ ਰਿਸਵਤ ਲੈਂਦੇ ਹੋਏ ਕਾਬੂ ਕਰਨ ਦੀ ਸੂਚਨਾ ਮਿਲੀ ਹੈ।ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਉਰੋ ਬਠਿੰਡਾ ਰੇਂਜ਼ ਦੇ ਐਸ ਐਸ ਪੀ ਹਰਪਾਲ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਕੋਲ ਰਾਮ ਲਾਲ ਪੁੱਤਰ ਕੇਦਾਰ ਨਾਥ ਵਾਸੀ ਪਿੰਡ ਮਹਿਮਾ ਸਰਕਾਰੀ ਤਹਿਸੀਲ ਵਾ ਜਿਲ੍ਹਾ ਬਠਿੰਡਾ ਜੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ, ਨੇ ਸ਼ਿਕਾਇਤ ਕੀਤੀ ਸੀ ਜਿਸ ਵਿਚ ਉਨ੍ਹਾਂ ਦੱਸਿਆ ਸੀ ਕਿ ਉਹ ਆਅਤੇ ਉਸਦੇ ਦੋਸਤ ਗੁਰਤੇਜ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਕੋਠੇ ਫੂਲਾ ਸਿੰਘ ਵਾਲੇ ਤਹਿਸੀਲ ਵਾ ਜਿਲ੍ਹਾ ਬਠਿੰਡਾ ਨੇ ਹਰਚਰਨ ਸਿੰਘ (ਉਰਫ ਲੀਲਾ) ਪੁੱਤਰ ਸ਼੍ਰੀ ਦਲੀਪ ਸਿੰਘ ਵਾਸੀ ਦਸ਼ਮੇਸ਼ ਨਗਰ ਗੋਨਿਆਣਾ ਪਾਸੋ ਕਰੀਬ ਇੱਕ ਸਾਲ ਪਹਿਲਾ 30,00,000/— ਰੁਪਏ ਨਕਦ ਉਧਾਰ ਵਿਆਜ ਪਰ ਲਏ ਸਨ। ਪਰੰਤੂ ਸਮੇ ਸਿਰ ਪੈਸੇ ਵਾਪਸ ਨਾ ਕੀਤੇ ਜਾਣ ਦੇ ਚੱਲਦੇ ਹਰਚਰਨ ਸਿੰਘ ਨੇ ਉਨ੍ਹਾਂ ਵਿਰੁੱਧ ਥਾਣਾ ਨੇਹੀਆ ਵਾਲਾ ਵਿਖੇ ਸਿਕਾਇਤ ਕਰ ਦਿੱਤੀ। ਜਿਸਦੇ ਆਧਾਰ ‘ਤੇ ਪੁਲਿਸ ਨੇ ਬਿਨਾਂ ਕੋਈ ਪਰਚਾ ਦਿੱਤਿਆ ਹੀ ਉਕਤ ਸਿਕਾਇਤ ਦੇ ਆਧਾਰ ਉਪਰ ਊਨਾ ਨੂੰ 04.11.2022 ਨੂੰ ਫੜ ਲਿਆ। ਇਕ ਦਿਨ ਥਾਣੇ ਵਿੱਚ ਰੱਖਣ ਤੋਂ ਬਾਅਦ 05.11.2022 ਨੂੰ ਐਸ.ਐਚ.ਓ ਬਲਕੋਰ ਸਿੰਘ ਅਤੇ ਏ.ਐਸ.ਆਈ ਪਰਮਜੀਤ ਸਿੰਘ ਨੇ ਉਹਨਾ ਦਾ ਦੂਸਰੀ ਧਿਰ ਨਾਲ ਥਾਣੇ ਵਿਖੇ ਜੁਬਾਨੀ ਰਾਜੀਨਾਮਾ ਕਰਵਾ ਦਿੱਤਾ। ਸ਼ਿਕਾਇਤਕਰਤਾ ਕੋਲੋਂ ਇਸ ਰਾਜ਼ੀਨਾਮੇ ਅਤੇ ਮੁਕੱਦਮਾ ਨਾ ਦਰਜ ਕਰਨ ਦੇ ਇਵਜ਼ ਵਜੋਂ ਹੀ ਐਸ.ਐਚ.ਓ ਬਲਕੋਰ ਸਿੰਘ ਅਤੇ ਏ.ਐਸ.ਆਈ ਪਰਮਜੀਤ ਸਿੰਘ ਵਲੋਂ 3,00,000/— ਰੁਪਏ ਬਤੋਰ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਵਾਰ—ਵਾਰ ਫੋਨ ਕਰਨ ‘ਤੇ ਰਾਮ ਲਾਲ ਅੱਜ ਐਸ.ਐਚ.ਓ ਬਲਕੋਰ ਸਿੰਘ ਅਤੇ ਏ.ਐਸ.ਆਈ ਪਰਮਜੀਤ ਸਿੰਘ ਨੂੰ ਥਾਣਾ ਨੇਹੀਆ ਵਾਲਾ ਵਿਖੇ ਜਾ ਕੇ ਮਿਲਿਆ, ਜਿਹਨਾ ਨੇ ਉਸ ਪਾਸੋ 3,00,000—ਰੁਪਏ ਰਿਸ਼ਵਤ ਦੀ ਦੁਬਾਰਾ ਮੰਗ ਕੀਤੀ। ਇਸ ਦੌਰਾਨ ਰਾਮ ਲਾਲ ਕੋਲ ਮੌਜੂਦ 50,000—ਰੁਪਏ ਹੀ ਫੜ ਲਏ ਤੇ ਸਾਮ ਤੱਕ 50,000/— ਰੁਪਏ ਹੋਰ ਲਿਆਉਣ ਲਈ ਕਿਹਾ ਗਿਆ ਤੇ ਬਾਕੀ ਦੋ ਲੱਖ ਰੁਪਏ ਵੀ ਇੱਕ-ਦੋ ਦਿਨਾਂ ਵਿੱਚ ਦੇਣ ਲਈ ਦਬਾਅ ਪਾਇਆ ਗਿਆ। ਜਿਸ ਦੇ ਚੱਲਦੇ ਰਾਮ ਲਾਲ ਨੇ ਵਿਜੀਲੈਂਸ ਕੋਲ ਸ਼ਿਕਾਇਤ ਕਰ ਦਿੱਤੀ। ਵਿਜੀਲੈਂਸ ਨੇ ਟਰੈਪ ਲਾਉਂਦੇ ਹੋਏ ਅੱਜ ਦੂਜੀ ਕਿਸ਼ਤ ਵਜੋਂ ਦਿੱਤੇ ਜਾਣ ਵਾਲੇ ਪੰਜਾਹ ਹਜ਼ਾਰ ਰੁਪਏ ਦੇਣ ਸਮੇਂ ਐਸ.ਐਚ.ਓ ਬਲਕੋਰ ਸਿੰਘ ਤੇ ਏ.ਐਸ.ਆਈ ਪਰਮਜੀਤ ਸਿੰਘ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਖਿਲਾਫ ਭ੍ਰਿਸ਼ਟਾਂਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿੳਰੋ ਰੇਂਜ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ।
Share the post "ਥਾਣਾ ਨੇਹਿਆਵਾਲਾ ਦਾ ਐਸਐਚਓ ਤੇ ਥਾਣੇਦਾਰ ਰਿਸ਼ਵਤ ਲੈਂਦੇ ਵਿਜੀਲੈਂਸ ਵਲੋਂ ਕਾਬੂ "