ਢਿੱਲੀ ਕਾਰਗੁਜ਼ਾਰੀ ਤੋਂ ਬਾਅਦ ਉਚ ਅਧਿਕਾਰੀਆਂ ਨੇ ਚੁੱਕਿਆ ਕਦਮ
ਬਠਿੰਡਾ, 4 ਅਕਤੂਬਰ : ਬਠਿੰਡਾ ਜ਼ਿਲ੍ਹੇ ਅਧੀਨ ਆਉਂਦੇ ਥਾਣਾ ਬਾਲਿਆਵਾਲੀ ਦੇ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੂੰ ਐਸ.ਐਸ.ਪੀ ਨੇ ਲਾਈਨ ਹਾਜ਼ਰ ਕਰ ਦਿੱਤਾ ਹੈ। ਪੁਲਿਸ ਸੂਤਰਾਂ ਮੁਤਾਬਕ ਉਕਤ ਥਾਣਾ ਮੁਖੀ ਦੀ ਕਾਰਗੁਜ਼ਾਰੀ ਕਾਫ਼ੀ ਢਿੱਲੀ ਸੀ, ਜਿਸਦੇ ਚੱਲਦੇ ਉਸਨੂੰ ਬਦਲਿਆ ਗਿਆ ਹੈ। ਐਸ.ਐਸ.ਪੀ ਬਠਿੰਡਾ ਗੁਲਨੀਤ ਸਿੰਘ ਖ਼ੁਰਾਣਾ ਨੇ ਐਸ.ਐਚ.ਓ ਨੂੰ ਲਾਈਨ ਹਾਜ਼ਰ ਕਰਨ ਦੀ ਪੁਸ਼ਟੀ ਕੀਤੀ ਹੈ। ਪਤਾ ਲੱਗਿਆ ਹੈ ਕਿ ਇੰਸਪੈਕਟਰ ਗੁਰਦੀਪ ਸਿੰਘ ਕੁੱਝ ਸਮਾਂ ਪਹਿਲਾਂ ਹੀ ਮਾਨਸਾ ਤੋਂ ਬਦਲ ਕੇ ਆਏ ਸਨ। ਜਿਸਤੋਂ ਬਾਅਦ ਉਨ੍ਹਾਂ ਨੂੰ ਥਾਣਾ ਮੁਖੀ ਦੀ ਜਿੰਮੇਵਾਰੀ ਦਿੱਤੀ ਗਈ ਸੀ।
ਮਨਪ੍ਰੀਤ ਬਾਦਲ ਦੀ ਜਮਾਨਤ ਅਰਜੀ ’ਤੇ ਸੁਣਵਾਈ ਅੱਜ
ਸੂਚਨਾ ਮੁਤਾਬਕ ਉਕਤ ਥਾਣੇ ਵਿਚ ਅਗੜ-ਪਿਛੜ ਵਾਪਰੀਆਂ ਕਈਆਂ ਘਟਨਾਵਾਂ ਵਿਚ ਢਿੱਲੀ ਕਾਰਗੁਜ਼ਾਰੀ ਸਾਹਮਣੇ ਆਉਣ ’ਤੇ ਇਹ ਕਾਰਵਾਈ ਕੀਤੀ ਗਈ ਹੈ। ਇੰਨ੍ਹਾਂ ਵਿਚ ਥਾਣੇ ਅਧੀਨ ਆਉਂਦੇ ਪਿੰਡ ਢੱੱਡੇ ਵਿਚ ਕੁੱਝ ਦਿਨ ਪਹਿਲਾਂ ਇੱਕ ਗਰੀਬ ਪ੍ਰਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਮਾਂ-ਧੀ ਤੇ ਮਾਸੂਮ ਬੱਚੇ ਦੀ ਮੌਤ ਹੋ ਗਈ ਸੀ। ਉਕਤ ਥਾਣਾ ਮੁਖੀ ਨੇ ਸਮੇਂ ਸਿਰ ਇੰਨ੍ਹਾਂ ਤਿੰਨਾਂ ਜੀਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਪਹੁੰਚਾਇਆ। ਇਸੇ ਤਰ੍ਹਾਂ ਇੱਕ ਕਤਲ ਹੋ ਗਿਆ ਸੀ , ਜਿਸਦੇ ਅਰੋਪੀਆਂ ਨੂੰ ਫੜਣ ਅਤੇ ਇੱਕ 307 ਦੇ ਮਾਮਲੇ ਵਿਚ ਵੀ ਥਾਣਾ ਮੁਖੀ ਦੀ ਕਾਰਗੁਜਾਰੀ ਕਾਫ਼ੀ ਢਿੱਲੀ ਰਹੀ, ਜਿਸਦੇ ਚੱਲਦੇ ਆਖ਼ਰ ਉਸਨੂੰ ਬਦਲ ਦਿੱਤਾ ਗਿਆ।