ਪੁਲਿਸ ਤੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਵਲੋਂ ਜਾਂਚ ਸ਼ੁਰੂ
ਸੁਖਜਿੰਦਰ ਮਾਨ
ਬਠਿੰਡਾ, 10 ਜੂਨ : ਸਿੱਖਾਂ ਦੇ ਚੌਥੇ ਤਖ਼ਤ ਸ਼੍ਰੀ ਦਮਦਮਾ ਸਾਹਿਬ(ਤਲਵੰਡੀ ਸਾਬੋ) ਦੇ ਗੁਰਦੁਆਰਾ ਭਾਈ ਸਾਹਿਬ ਸਿੰਘ ਵਿਖੇ ਬੀਤੀ ਦੇਰ ਰਾਤ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੇ 4 ਪਾਵਨ ਸਰੂਪ ਅਗਨ ਭੇਟ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਦਾ ਪਤਾ ਚੱਲਦੇ ਹੀ ਸਥਾਨਕ ਪੁਲਿਸ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਪੜਤਾਲ ਦੌਰਾਨ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਮੰਦਭਾਗੀ ਘਟਨਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਵਾਪਰੀ ਹੈ।
ਦੱਸਣਾ ਬਣਦਾ ਹੈ ਕਿ ਸਿੱਖ ਕੌਮ ਦੇ ਪੰਜ ਪਿਆਰਿਆਂ ਵਿੱਚੋਂ ਇੱਕ,ਭਾਈ ਸਾਹਿਬ ਸਿੰਘ ਦੇ ਨਾਂ ਤੇ ਇੱਕ ਗੁਰਦੁਆਰਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਸਥਾਨਕ ਭਾਈ ਡੱਲ ਸਿੰਘ ਪਾਰਕ ਨੇੜੇ ਬਣਿਆ ਹੋਇਆ ਹੈ ਜਿੱਥੇ ਬੀਤੀ ਦੇਰ ਰਾਤ ਸਮੇਂ ਅੱਗ ਲੱਗਣ ਨਾਲ ਗੁਰਦੁਆਰਾ ਸਾਹਿਬ ਵਿੱਚ ਸ਼ੁਸੋਭਿਤ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ 5 ਪਾਵਨ ਸਰੂਪਾਂ ਵਿੱਚੋ 4 ਸਰੂਪ ਅਗਨ ਭੇਂਟ ਹੋ ਗਏ।ਅੱਗ ਲੱਗਣ ਦਾ ਪਤਾ ਸਵੇਰੇ ਚਾਰ ਵਜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਲੱਗਾ ਤਾਂ ਉਨਾਂ ਇਸਦੀ ਜਾਣਕਾਰੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਨੂੰ ਦਿੱਤੀ ਜਿਨ੍ਹਾਂ ਨੇ ਸੂਚਨਾ ਸ਼੍ਰੋੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਸਬ ਦਫਤਰ ਦਮਦਮਾ ਸਾਹਿਬ ਨੂੰ ਦਿੱਤੀ।
ਮਾਮਲੇ ਦਾ ਪਤਾ ਲਗਦੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾ.ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ,ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਅਤੇ ਧਰਮ ਪ੍ਰਚਾਰ ਦਫਤਰ ਇੰਚਾਰਜ ਭੋਲਾ ਸਿੰਘ ਆਪਣੀ ਟੀਮ ਸਮੇਤ ਗੁਰਦੁਆਰਾ ਸਾਹਿਬ ਪੁੱਜੇ,ਜਿੰਨਾ ਮਾਮਲੇ ਦੀ ਜਾਂਚ ਆਰੰਭ ਦਿੱਤੀ ਅਤੇ ਅਗਨ ਭੇਟ ਹੋਏ ਸਰੂਪਾਂ ਨੂੰ ਗੁਰਮਰਿਯਾਦਾ ਅਨੁਸਾਰ ਤਖ਼ਤ ਸਾਹਿਬ ਵਿਖੇ ਭੇਜ ਦਿੱਤਾ।ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਫੂਲਾ ਸਿੰਘ ਨੇ ਦੱਸਿਆ ਕਿ ਮੁਢਲੀ ਪੜਤਾਲ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕਾਂ ਵੱਲੋਂ ਲੋੜੀਂਦੇ ਪ੍ਰਬੰਧ ਹੀ ਨਹੀ ਕੀਤੇ ਹੋਏ ਸਨ,ਸਥਾਨ ਤੇ ਪੱਕੇ ਤੌਰ ਤੇ ਕੋਈ ਗ੍ਰੰਥੀ ਸਿੰਘ ਤੱਕ ਨਿਯੁਕਤ ਨਹੀ ਕੀਤਾ ਹੋਇਆ।
ਧਰਮ ਪ੍ਰਚਾਰ ਉਪ ਦਫਤਰ ਇੰਚਾਰ ਭਾਈ ਭੋਲਾ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸਾਰੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪ ਦਿੱਤੀ ਜਾਵੇਗੀ ਜਿਸ ਵਿੱਚ ਵੱਡੀ ਅਣਗਹਿਲੀ ਪ੍ਰਬੰਧਕਾਂ ਦੀ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਦੇਰ ਰਾਤ ਜਾਂ ਸਵੇਰੇ ਵਾਪਰੀ ਉਕਤ ਘਟਨਾ ਦੀ ਜਾਣਕਾਰੀ ਉਹਨਾਂ ਨੂੰ ਦੁਪਿਹਰ 12 ਵਜੇ ਦਿੱਤੀ ਗਈ।ਉਧਰ ਘਟਨਾ ਦਾ ਪਤਾ ਲਗਦੇ ਹੀ ਸੁਮੀਰ ਵਰਮਾਂ ਐਸ ਪੀ ਬਠਿੰਡਾ,ਜਸਮੀਤ ਸਿੰਘ ਡੀ ਐਸ ਪੀ ਤਲਵੰਡੀ ਸਾਬੋ,ਮੇਜਰ ਸਿੰਘ ਥਾਣਾ ਮੁੱਖੀ ਤਲਵੰਡੀ ਸਾਬੋ ਵੀ ਗੁਰਦੁਆਰਾ ਸਾਹਿਬ ਪੁੱਜ ਗਏ ਅਤੇ ਉਨਾਂ ਆਪਣੇ ਪੱਧਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।ਐੱਸ.ਪੀ ਸੁਮੀਰ ਵਰਮਾ ਅਨੁਸਾਰ ਮਾਮਲਾ ਸ਼ਾਰਟ ਸਰਕਟ ਦਾ ਹੈ ਪਰ ਫਿਰ ਵੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ।
Share the post "ਦਮਦਮਾ ਸਾਹਿਬ ਦੇ ਭਾਈ ਸਾਹਿਬ ਸਿੰਘ ਗੁਰਦੂਆਰੇ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 4 ਸਰੂਪ ਅਗਨ ਭੇਟ"