ਰਾਜਸਥਾਨ ਤੋਂ ਭਰਾ ਨਾਲ ਪੰਜਾਬ ਵਿਚ ਭੇਡਾਂ ਪਾਲਣ ਆਇਆ ਸੀ ਮ੍ਰਿਤਕ ਬਾਬੂ ਰਾਮ
ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਅੱਜ ਦੁਪਿਹਰ ਦਿੱਲੀ ਰੇਲਵੇ ਲਾਈਨ ’ਤੇ ਨਜਦੀਕੀ ਪਿੰਡ ਕਟਾਰ ਸਿੰਘ ਵਾਲਾ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਭੇਡਾਂ ਨੂੰ ਬਚਾਉਂਦੇ ਹੋਏ ਆਜੜੀ ਦੀ ਰੇਲ ਗੱਡੀ ਦੀ ਚਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਇਸਦੇ ਨਾਲ ਹੀ ਇਸ ਗਰੀਬ ਆਜੜੀ ਦੀਆਂ ਦੋ ਦਰਜ਼ਨ ਦੇ ਕਰੀਬ ਭੇਡਾਂ ਵੀ ਰੇਲ ਗੱਡੀ ਹੇਠ ਆਉਣ ਕਾਰਨ ਬੁਰੀ ਤਰ੍ਹਾਂ ਵੱਢੀਆਂ-ਟੁੱਕੀਆਂ, ਜਿੰਨ੍ਹਾਂ ਵਿਚੋਂ 20 ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਣ ’ਤੇ ਪਿੰਡਾਂ ਤੋਂ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਇਸ ਦੌਰਾਨ ਸੂਚਨਾ ਮਿਲਣ ’ਤੇ ਰੇਲਵੇ ਪੁਲਿਸ ਵੀ ਮੌਕੇ ’ਤੇ ਪੁੱਜ ਗਈ ਅਤੇ ਸਹਾਰਾ ਜਨ ਸੇਵਾ ਦੀ ਮੱਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ। ਜਿੱਥੋਂ ਲਾਸ਼ ਪ੍ਰਵਾਰ ਨੂੰ ਅੰਤਿਮ ਕ੍ਰਿਆ ਲਈ ਸੌਂਪ ਦਿੱਤੀ। ਮ੍ਰਿਤਕ ਦੀ ਪਹਿਚਾਣ ਬਾਬੂ ਰਾਮ ਉਮਰ ਕਰੀਬ 50 ਸਾਲ ਪੁੱਤਰ ਰਿੱਡ ਮੱਲ ਰਾਮ ਵਾਸੀ ਰੋਹਿਨੀ ਜ਼ਿਲ੍ਹਾ ਜੋਧਪੁਰ ਦੇ ਤੌਰ ’ਤੇ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਜੀਆਰਪੀ ਦੇ ਥਾਣੇਦਾਰ ਸਤਵੀਰ ਸਿੰਘ ਨੇ ਦਸਿਆ ਕਿ ਮ੍ਰਿਤਕ ਬਾਬੂ ਰਾਮ ਅਪਣੇ ਭਰਾ ਪੀਆ ਰਾਮ ਤੇ ਇੱਕ ਹੋਰ ਵਿਅਕਤੀ ਨਾਲ ਕੁੱਝ ਸਮਾਂ ਪਹਿਲਾਂ ਰਾਜਸਥਾਨ ਤੋਂ ਭੇਡਾਂ ਲੈ ਕੇ ਪੰਜਾਬ ਆਇਆ ਹੋਇਆ ਸੀ। ਬੀਤੀ ਰਾਤ ਉਹ ਪਿੰਡ ਕਟਾਰ ਸਿੰਘ ਵਾਲਾ ਠਹਿਰੇ ਹੋਏ ਸਨ ਤੇ ਅੱਜ ਥੋੜੀ ਧੁੱਪ ਨਿਕਲਣ ’ਤੇ ਤਿੰਨੋਂ ਜਣੇ ਭੇਡਾਂ ਨੂੰ ਚਾਰਨ ਲਈ ਤੁੰਗਵਾਲ ਪਿੰਡ ਵੱਲ ਰੇਲਵੇ ਲਾਈਨ ਦੇ ਨਜਦੀਕ ਜਾ ਰਹੇ ਸਨ। ਇਸ ਦੌਰਾਨ ਮੇਲ ਰੇਲ ਗੱਡੀ ਆ ਗਈ ਤੇ ਰੇਲਵੇ ਲਾਈਨ ਕਰਾਸ ਕਰਦੀਆਂ ਭੇਡਾਂ ਇਸਦੀ ਚਪੇਟ ਵਿਚ ਆਉਣ ਲੱਗੀਆਂ ਤਾਂ ਅਪਣੀਆਂ ਭੇਡਾਂ ਨੂੰ ਇਸ ਤਰ੍ਹਾਂ ਵੱਢੀ-ਟੁੱਕੀ ਜਾਂਦਾ ਦੇਖ ਬਾਬੂ ਰਾਮ ਉਨ੍ਹਾਂ ਨੂੰ ਪਾਸੇ ਕਰਨ ਲੱਗਿਆ ਖੁਦ ਵੀ ਰੇਲ ਗੱਡੀ ਦੀ ਚਪੇਟ ਵਿਚ ਆ ਗਿਆ ਤੇ ਇਸ ਤੇਜ਼ ਰਫ਼ਤਾਰ ਗੱਡੀ ਨੇ ਉਸਨੂੰ ਕਰੀਬ 20 ਫੁੱਟ ਦੂਰ ਵਗਾਹ ਮਾਰਿਆਂ। ਇਸਤੋ ਇਲਾਵਾ ਕਾਫ਼ੀ ਸਾਰੀਆਂ ਭੇਡਾਂ ਨੂੰ ਵੀ ਕੁਚਲ ਦਿੱਤਾ।
Share the post "ਦਰਦਨਾਕ ਹਾਦਸਾ: ਭੇਡਾਂ ਨੂੰ ਬਚਾਉਂਦੇ ਆਜੜੀ ਦੀ ਰੇਲ ਗੱਡੀ ਦੀ ਚਪੇਟ ’ਚ ਆਉਣ ਕਾਰਨ ਮੌਤ, ਦੋ ਦਰਜ਼ਨ ਭੇਡਾਂ ਵੀ ਮਰੀਆਂ"