ਵਰ੍ਹਦੇ ਮੀਂਹ ’ਚ ਲੋਕਾਂ ਨੇ ਸੜਕ ’ਤੇ ਰੱਖਿਆ ਸਮਾਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ 15 ਜੁਲਾਈ: ਪਿਛਲੇ ਕਈ ਦਹਾਕਿਆਂ ਤੋਂ ਨਜਾਇਜ਼ ਉਸਾਰੀਆਂ ਕਾਰਨ ਅੱਧ ਵਿਚਕਾਰ ਲਟਕ ਰਹੀ ਰਿੰਗ ਰੋਡ-1 ਨੂੰ ਪੂਰਾ ਕਰਨ ਲਈ ਅੱਜ ਪੁੱਡਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ ਸੁੱਤੇ ਪਏ ਲੋਕਾਂ ਦੇ ਘਰਾਂ ’ਤੇ ਬੁਲਡੋਜਰ ਫੇਰ ਦਿੱਤਾ ਗਿਆ। ਹਾਲਾਂਕਿ ਪ੍ਰਸ਼ਾਸਨ ਮੁਤਾਬਕ ਉਹ ਕਾਨੂੰਨੀ ਤੌਰ ’ਤੇ ਅਪਣੀ ਕਾਰਵਾਈ ਨੂੰ ਸਹੀ ਦੱਸ ਰਹੇ ਹਨ ਪ੍ਰੰਤੂ ਦਹਾਕਿਆਂ ਤੋਂ ਇੱਥੇ ਘਰ ਬਣਾ ਕੇ ਬੈਠੇ ਲੋਕਾਂ ਨੂੰ ਸਮਾਨ ਚੁੱਕਣ ਦਾ ਮੌਕਾ ਵੀ ਨਾ ਦੇਣ ਕਾਰਨ ਉਨ੍ਹਾਂ ਵਲੋਂ ਵਿਰੋਧ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂੁਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨ ਵੀ ਧੋਬੀਆਣਾ ਬਸਤੀ ’ਚ ਉਜ਼ਾੜੇ ਦੇ ਵਿਰੁਧ ਧਰਨੇ ’ਤੇ ਬੈਠ ਗਏ। ਮਿਲੀ ਜਾਣਕਾਰੀ ਮੁਤਾਬਕ ਗੁਪਤ ਕਾਰਵਾਈ ਕਰਦਿਆਂ ਪੁੱਡਾ ਦੇ ਏਸੀਏ ਰੁਪਿੰਦਰਪਾਲ ਸਿੰਘ ਅਤੇ ਤਹਿਸੀਲਦਾਰ ਸੁਖਵੀਰ ਸਿੰਘ ਦੀ ਅਗਵਾਈ ਹੇਠ ਸਵੇਰੇ ਕਰੀਬ ਸਾਢੇ ਚਾਰ ਵਜੇਂ ਹੀ ਵੱਡੀ ਕਾਰਵਾਈ ਕਰਦਿਆਂ ਪ੍ਰਸ਼ਾਸਨ ਦਰਜ਼ਨਾਂ ਜੇ.ਸੀ.ਬੀ ਮਸ਼ੀਨਾਂ ਲੈ ਕੇ ਪੁੱਜ ਗਿਆ। ਇਸ ਦੌਰਾਨ ਬਿਜਲੀ ਸਪਲਾਈ ਵੀ ਕੱਟ ਦਿੱਤੀ ਗਈ ਤੇ ਘਰਾਂ ਨੂੰ ਢਹਿ-ਢੇਰੀ ਕਰਨਾ ਸ਼ੁਰੂ ਕਰ ਦਿੱਤਾ। ਅਚਾਨਕ ਕੀਤੀ ਇਸ ਕਾਰਵਾਈ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਦਾ ਚੀਕ ਚਿਹਾੜਾ ਪੈ ਗਿਆ ਤੇ ਵਿਰੋਧ ਕਰਨ ਵਾਲਿਆਂ ਨੂੰ ਪੁਲਿਸ ਦੀ ਸਖ਼ਤੀ ਦਾ ਵੀ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਾਫ਼ੀ ਮੁਸੱਕਤ ਦੇ ਬਾਅਦ ਪੀੜਤ ਲੋਕਾਂ ਨੇ ਅਪਣੇ ਘਰਾਂ ਦਾ ਸਾਮਾਨ ਜਿਵੇਂ ਪੇਟੀਆਂ, ਮੰਜੇ ਤੇ ਖਾਣਪੀਣ ਦਾ ਸਮਾਨ ਖੁੱਲ੍ਹੇ ਅਸਮਾਨ ਹੇਠ ਰੱਖਿਆ। ਇਸ ਦੌਰਾਨ ਹੀ ਭਾਰੀ ਬਾਰਸ਼ ਸ਼ੁਰੂ ਹੋ ਗਈ, ਜਿਸ ਕਾਰਨ ਇੰਨ੍ਹਾਂ ਲਈ ਮੁਸ਼ਕਿਲ ਹੋਰ ਵਧ ਗਈ। ਉਧਰ ਮਕਾਨ ਉਜਾੜਾ ਕਮੇਟੀ ਦੇ ਆਗੂ ਅਮਿਤ ਸਿੰਘ ਨੇ ਦੋਸ਼ ਲਾਏ ਕਿ ਪ੍ਰਸ਼ਾਸਨ ਅਤੇ ਪੁਲੀਸ ਨੇ ਉਨ੍ਹਾਂ ਦੀਆਂ ਔਰਤਾਂ ਦੇ ਵਾਲ ਪੁੱਟੇ ਅਤੇ ਉਨ੍ਹਾਂ ਨੂੰ ਘੜੀਸਿਆ ਅਤੇ ਸਾਮਾਨ ਬੁਰੀ ਤਰ੍ਹਾਂ ਵਰ੍ਹਦੇ ਮੀਂਹ ਵਿੱਚ ਬਾਹਰ ਸੁੱਟ ਦਿੱਤਾ । ਇਸ ਮੌਕੇ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਆਪਣੇ ਵਰਕਰਾਂ ਨਾਲ ਲੈ ਕੇ ਪੁੱਜ ਚੁੱਕੇ ਸਨ ਪਰ ਉਸ ਸਮੇਂ ਕਾਰਵਾਈ ਸਮਾਪਤ ਹੋ ਚੁੱਕੀ ਸੀ । ਇਸਤੋਂ ਬਾਅਦ ਪੀੜਤ ਪਰਿਵਾਰ ਨੇ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਖੇਤ ਮਜ਼ਦੂਰ ਯੂਨੀਅਨ ਜ਼ੋਰਾ ਸਿੰਘ ਨਸਰਾਲੀ ਦੀ ਅਗਵਾਈ ਹੇਠ ਜਿਲ੍ਹਾ ਪ੍ਰਸ਼ਾਸਨ ਖਿਲਾਫ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ। ਪ੍ਰਸ਼ਾਸਨ ਦੀ ਇਸ ਸਖ਼ਤ ਕਾਰਵਾਈ ਦੀ ਸਖਤ ਸਬਦਾਂ ਚ ਨਿਖੇਧੀ ਕਰਦਿਆਂ ਬੀ ਕੇ ਯੂ ਏਕਤਾ ਉਗਰਾਹਾਂ ਦੇ ਆਗੂਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ,ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੀਰਥ ਸਿੰਘ ਕੋਠਾਗੁਰੂ ਨੇ ਭਗਵੰਤ ਮਾਨ ਸਰਕਾਰ ਨੂੰ ਪੁੱਛਿਆ ਕਿ ਇਹ ਬਦਲਾਅ ਦੀ ਆਸ ਕੀਤੀ ਸੀ ਕਿ ਪੰਜਾਬ ਦੇ ਕਿਰਤੀ ਲੋਕਾਂ ਨੇ ਕਿ ਉਨ੍ਹਾਂ ਦੇ ਘਰ ਘਾਟ ਢਾਹ ਦਿੱਤੇ ਜਾਣ । ਜਮਹੂਰੀ ਅਧਿਕਾਰ ਸਭਾ ਦੇ ਆਗੂ ਸੁਦੀਪ ਸਿੰਘ ਅਤੇ ਪਿ੍ਰਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਸ ਹਮਲੇ ਦੀ ਕੀਮਤ ਚੁਕਾਉਣੀ ਪਵੇਗੀ ਜਿਸ ਵੱਲੋਂ ਪੰਜਾਹ ਸਾਲ ਤੋਂ ਵਸਦੇ ਪਰਿਵਾਰਾਂ ਨੂੰ ਇੱਥੋਂ ਉਜਾਡ ਕੇ ਰਹਿਣ ਦਾ ਅਣਅਧਿਕਾਰਤ ਛੋਟੇ ਛੋਟੇ ਖੁੱਡਿਆਂ ਵਰਗੇ ਕਮਰੇ ਵਿੱਚ ਬੰਦ ਕਰਕੇ ਜਾਨਵਰਾਂ ਦੇ ਰਹਿਣ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਨ੍ਹਾਂ ਪੀਡਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਤੱਕ ਪੁਰਜੋਰ ਹਮਾਇਤ ਕਰੇਗੀ।
ਕਿਸਾਨ ਮਜ਼ਦੂਰ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਪੀਡਤ ਪਰਿਵਾਰਾਂ ਨੂੰ ਰਹਿਣ ਲਈ ਘੱਟੋ ਘੱਟ 100 ਗਜ ਦਾ ਪ੍ਰਤੀ ਪਰਿਵਾਰ ਪਲਾਟ ਦੇ ਕੇ ਪੱਕੇ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ । ਮਕਾਨ ਉਸਾਰੀ ਲਈ ਦੱਸ ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ। ਅੱਜ ਅੱਜ ਪੀਡਤ ਪਰਿਵਾਰਾਂ ਦੇ ਘਰ ਢਾਹੁਣ ਵਾਲੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਹਮਾਇਤ ਵਿਚ ਨੌਂਜਵਾਨ ਭਾਰਤ ਸਭਾ ਵਲੋਂ ਬਲਕਰਨ ਸਿੰਘ , ਕਿਸਾਨ ਆਗੂ ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ ,ਹਰਗੋਬਿੰਦ ਸਿੰਘ ਚੱਕ ਅਤਰ ਸਿੰਘ ਵਾਲਾ, ਕੁਲਵੰਤ ਸ਼ਰਮਾ, ਰਾਜਵਿੰਦਰ ਸਿੰਘ ਰਾਮਨਗਰ , ਮਜਦੂਰ ਆਗੂ ਤੀਰਥ ਸਿੰਘ ਕੋਠਾ ਗੁਰੂ, ਮਨਦੀਪ ਸਿੰਘ ਸਿਵੀਆਂ ਵੀ ਸ਼ਾਮਲ ਸਨ। ਮਕਾਨ ਉਜਾੜਾ ਰੋਕੂ ਕਮੇਟੀ ਦੇ ਆਗੂ ਅਮਿਤ ਸਿੰਘ ਨੇ ਐਲਾਨ ਕੀਤਾ ਕਿ ਕੱਲ੍ਹ 16 ਜੁਲਾਈ ਤੋਂ ਡੀਸੀ ਦਫ਼ਤਰ ਅੱਗੇ ਲਗਾਤਾਰ ਧਰਨਾ ਲਾਇਆ ਜਾਵੇਗਾ। ਉਧਰ ਬੀ. ਡੀ .ਏ ਦੇ ਪ੍ਰਸ਼ਾਸਕ ਅਤੇ ਏਡੀਸੀ ਡਿਵੈਲਪਮੈਂਟ ਰੁਪਿੰਦਰਪਾਲ ਸਿੰਘ ਦਾ ਕਹਿਣਾ ਹੈ ਕੇ ਇਨ੍ਹਾਂ ਲੋਕਾਂ ਨਾਲ ਉਹ ਚਾਰ ਮਹੀਨਿਆਂ ਤੋਂ ਰਾਬਤਾ ਕਾਇਮ ਕਰ ਰਹੇ ਹਨ ਪਰ ਉਹ ਨਾਜਾਇਜ਼ ਉਸਾਰੀਆਂ ਛੱਡ ਨਹੀਂ ਰਹੇ ਸਨ। ਜਿਸਦੇ ਚੱਲਦੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
Share the post "ਦਹਾਕਿਆਂ ਤੋਂ ਲਟਕਦੀ ਰਿੰਗ ਰੋਡ ਬਣਾਉਣ ਲਈ ਪੁੱਡਾ ਨੇ ਸੁੱਤੇ ਪਏ ਲੋਕਾਂ ਦੇ ਘਰਾਂ ‘ਤੇ ਚਲਾਏ ਬੁਲਡੋਜ਼ਰ"