ਸੁਖਜਿੰਦਰ ਮਾਨ
ਬਠਿੰਡਾ, 24 ਜੂਨ:-ਦਿਹਾਤੀ ਮਜ਼ਦੂਰ ਸਭਾ ਦੀ ਜਿਲ੍ਹਾ ਕਮੇਟੀ ਦੇ ਸੱਦੇ ‘ਤੇ ਪੁੱਜੇ ਕਾਰਕੁੰਨਾਂ ਵੱਲੋਂ ਅੱਜ ਇੱਥੇ ਗਰੀਬਾਂ, ਦਲਿਤਾਂ ਦਾ ਉਜਾੜਾ ਕਰਨ ‘ਤੇ ਬਜਿਦ ਭਗਵੰਤ ਮਾਨ ਸਰਕਾਰ ਦੀ ਅਰਥੀ ਫੂਕ ਕੇ ਤਿੱਖਾ ਰੋਸ ਵਿਖਾਵਾ ਕੀਤਾ। ਪ੍ਰਦਰਸ਼ਨਕਾਰੀਆਂ ਕਿਰਤੀਆਂ ਦੀ ਅਗਵਾਈ ਕਰ ਰਹੇ ਜਿਲ੍ਹਾ ਪ੍ਰਧਾਨ ਸਾਥੀ ਮਿੱਠੂ ਸਿੰਘ ਘੁੱਦਾ ਨੇ ਦੋਸ਼ ਲਾਇਆ ਕਿ ਸੂਬੇ ਦੇ ਅਨੇਕਾਂ ਧਨਾਢ ਅਤੇ ਬਾਰਸੂਖ ਪ੍ਰੀਵਾਰਾਂ ਵੱਲੋਂ ਨਾਜਾਇਜ ਤੌਰ ‘ਤੇ ਦੱਬੀਆਂ ਹੋਈਆਂ ਅਤਿ ਮਹਿੰਗੀਆਂ, ਵਪਾਰਕ ਜਮੀਨਾਂ ਛੁਡਾਉਣ ਦੀ ਜੋਰ-ਸ਼ੋਰ ਨਾਲ ਪ੍ਰਚਾਰੀ ਗਈ ਮਾਨ ਸਰਕਾਰ ਦੀ ਮੁਹਿੰਮ, ਅਸਲ ਵਿੱਚ ਗਰੀਬਾਂ, ਖਾਸ ਕਰਕੇ ਦਲਿਤ ਵਸੋਂ ਨੂੰ ਉਜਾੜਨ ਅਤੇ ਇਨ੍ਹਾਂ ‘ਤੇ ਅਕਹਿ ਜੁਲਮ ਢਾਹੁਣ ਦੀ ਸਾਜਿਸ਼ ਵਿੱਚ ਤਬਦੀਲ ਹੁੰਦੀ ਪ੍ਰਤੀਤ ਹੋ ਰਹੀ ਹੈ।ਸਾਥੀ ਘੁੱਦਾ ਨੇ ਕਿਹਾ ਕਿ ਬੀਤੇ ਕਲ੍ਹ ਗੁਆਂਢੀ ਜਿਲ੍ਹੇ ਫਰੀਦਕੋਟ ਦੀ ਜੈਤੋ ਸਬ ਡਵੀਜ਼ਨ ਦੇ ਪਿੰਡ ਸੇਢਾ ਸਿੰਘ ਵਾਲਾ ਵਿਖੇ ਪਿਛਲੇ ਛੇ ਦਹਾਕਿਆਂ ਤੋਂ 18 ਏਕੜ ਜਮੀਨ ‘ਤੇ ਕਾਬਜ ਸੱਤ ਦਲਿਤ ਪ੍ਰੀਵਾਰਾਂ ਦੇ ਮਰਦ-ਔਰਤਾਂ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਪ੍ਰਕਾਸ਼ ਸਿੰਘ ਨੰਦਗੜ੍ਹ ਸਮੇਤ ਗਿ੍ਰਫ਼ਤਾਰ ਕਰਕੇ, ਗਰੀਬਾਂ ਵੱਲੋਂ ਕਰਜਾ ਚੁੱਕ ਕੇ ਬੀਜੀ ਗਈ ਨਰਮੇ ਦੀ ਫਸਲ ਵਾਹ ਦੇਣ ਅਤੇ ਜਮੀਨ ਦਾ ਕਬਜਾ ਧੱਕੇ ਨਾਲ ਹਾਸਲ ਕਰਨ ਦੀ ਕਾਰਵਾਈ ਤੋਂ ‘ਆਪ‘ ਸਰਕਾਰ ਦੀ ਉਕਤ ਜਾਬਰ ਨੀਤੀ ਬਾਖ਼ੂਬੀ ਬੇਪਰਦ ਹੋ ਗਈ ਹੈ।ਪ੍ਰਦਰਸ਼ਨਕਾਰੀਆਂ ਨੇ ਜੈਤੋ ਦੇ ਵਿਧਾਇਕ ਵੱਲੋਂ ਉਕਤ ਘਟਨਾ ਸਬੰਧੀ ਕੀਤੀ ਜਾ ਰਹੀ ਗਲਤ ਬਿਆਨੀ ਦੀ ਵੀ ਜੋਰਦਾਰ ਨਿਖੇਧੀ ਕੀਤੀ।ਉਨ੍ਹਾਂ ਮੰਗ ਕੀਤੀ ਉਕਤ ਘਟਨਾ ਨਾਲ ਸੰਬੰਧਤ ਪੁਲਸ ਕੇਸ ਖਾਰਜ ਕੀਤਾ ਜਾਵੇ ਅਤੇ ਜਮੀਨ ਮੁੜ ਤੋਂ ਉਜਾੜ ਦਿੱਤੇ ਗਏ ਦਲਿਤ ਪ੍ਰੀਵਾਰਾਂ ਦੇ ਹਵਾਲੇ ਕੀਤੀ ਜਾਵੇ।ਇਸ ਮੌਕੇ ਭਰਾਤਰੀ ਜੱਥੇਬੰਦੀ ਜਮਹੂਰੀ ਕਿਸਾਨ ਸਭਾ ਦੇ ਆਗੂ ਦਰਸ਼ਨ ਸਿੰਘ ਫੁੱਲੋ ਮਿੱਠੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਗੁਰਪ੍ਰੀਤ ਸਿੰਘ ਬੱਬਾ ਵੀ ਹਾਜਰ ਸਨ।
Share the post "ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਮਜਦੂਰਾਂ ਨੇ ਫ਼ੂਕਿਆ ਪੰਜਾਬ ਸਰਕਾਰ ਦਾ ਪੁਤਲਾ"